ਨਵੀਂ ਦਿੱਲੀ (ਪੀਟੀਆਈ) : ਭਾਰਤ ਦੀ ਸੀਨੀਅਰ ਮਹਿਲਾ ਹਾਕੀ ਟੀਮ ਵਿਚ ਥਾਂ ਮਿਲਣ ਦੀ ਉਡੀਕ ਕਰ ਰਹੀ ਨੌਜਵਾਨ ਸਟ੍ਰਾਈਕਰ ਰਾਜਵਿੰਦਰ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਪਤਾਨ ਰਾਣੀ ਦੇ ਸੰਘਰਸ਼ ਤੋਂ ਪ੍ਰੇਰਣਾ ਲਈ ਹੈ ਤੇ ਉਹ ਖੇਡ ਦੀਆਂ ਆਪਣੀਆਂ ਉਪਲੱਬਧੀਆਂ ਨਾਲ ਆਪਣੇ ਪਰਿਵਾਰ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਲਈ ਵਚਨਬੱਧ ਹੈ। ਪੰਜਾਬ ਦੀ ਕੌਰ ਦੇ ਪਿਤਾ ਆਟੋਰਿਕਸ਼ਾ ਚਾਲਕ ਜਦਕਿ ਮਾਂ ਹਾਊਸ ਵਾਈਫ ਹਨ। 21 ਸਾਲਾ ਰਾਜਵਿੰਦਰ ਨੇ ਕਿਹਾ ਕਿ ਮੈਂ ਐਥਲੀਟ ਬਣਨਾ ਚਾਹੁੰਦੀ ਸੀ। ਮੈਂ ਤੇਜ਼ ਭੱਜਦੀ ਸੀ ਪਰ ਜਦ ਮੈਂ ਨੌਵੀਂ ਜਮਾਤ ਵਿਚ ਪੜ੍ਹ ਰਹੀ ਸੀ ਤਦ ਮੇਰੀ ਸੀਨੀਅਰ ਨੇ ਮੈਨੂੰ ਹਾਕੀ ਖੇਡਣ ਲਈ ਕਿਹਾ ਤੇ ਮੈਂ ਇਸ ਵਿਚ ਹੱਥ ਅਜ਼ਮਾਏ। ਮੈਨੂੰ 2017 ਵਿਚ ਸੀਨੀਅਰ ਰਾਸ਼ਟਰੀ ਕੈਂਪ ਨਾਲ ਜੁੜਨ ਦਾ ਮੌਕਾ ਮਿਲਿਆ ਜਿੱਥੇ ਮੈਂ ਕਈ ਸੀਨੀਅਰ ਖਿਡਾਰੀਆਂ ਨਾਲ ਗੱਲਬਾਤ ਕੀਤੀ। ਹਰ ਕੋਈ ਮੁਸ਼ਕਲ ਹਾਲਾਤ 'ਚੋਂ ਲੰਘ ਕੇ ਇੱਥੇ ਤਕ ਪੁੱਜਾ ਸੀ ਪਰ ਰਾਣੀ ਜਦ ਨੌਜਵਾਨ ਸੀ ਤਦ ਉਨ੍ਹਾਂ ਦਾ ਸੰਘਰਸ਼ ਤੇ ਇਸ ਤੋਂ ਬਾਅਦ ਖੇਡ 'ਚ ਚੋਟੀ 'ਤੇ ਪੁੱਜਣ ਨਾਲ ਮੇਰੀ ਉਮੀਦ ਜਾਗੀ ਕਿਉਂਕਿ ਮੈਂ ਵੀ ਉਸੇ ਤਰ੍ਹਾਂ ਦੇ ਪਿਛੋਕੜ 'ਚੋਂ ਆਈ ਹਾਂ ਤੇ ਮੈਨੂੰ ਵੀ ਉਮੀਦ ਹੈ ਕਿ ਮੈਂ ਹਾਕੀ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਆਪਣੇ ਪਰਿਵਾਰ ਨੂੰ ਗ਼ਰੀਬੀ 'ਚੋਂ ਬਾਹਰ ਕੱਢ ਸਕਦੀ ਹਾਂ।