ਨਵੀਂ ਦਿੱਲੀ (ਏਐੱਨਆਈ) : ਜੀਰੋਧਾ ਐਪ ਦੇ ਸਹਿ ਸੰਸਥਾਪਕ ਨਿਖਿਲ ਕਾਮਥ ਨੇ ਇਹ ਸਵੀਕਾਰ ਕੀਤਾ ਕਿ ਹਾਲ ਹੀ ’ਚ ਉਨ੍ਹਾਂ ਸ਼ਤਰੰਜ ਦੇ ਮਹਾਨ ਖਿਡਾਰੀ ਵਿਸ਼ਵਨਾਥਨ ਆਨੰਦ ਨੂੰ ਹਰਾਉਣ ਲਈ ਕੰਪਿਊਟਰ ਦੀ ਮਦਦ ਲਈ ਸੀ। ਇਨ੍ਹਾਂ ਦੋਵਾਂ ਵਿਚਾਲੇ ਕੋਵਿਡ-19 ਪੀੜਤਾਂ ਦੀ ਮਦਦ ਲਈ 13 ਜੂਨ ਨੂੰ ਇਕ ਚੈਰਿਟੀ ਮੈਚ ਹੋਇਆ ਸੀ ਜਿਸ ਵਿਚ ਆਨੰਦ ਦੀ ਹਾਰ ਹੋਈ ਸੀ।

ਅਜਿਹੇ ’ਚ ਹੁਣ ਆਪਣੀ ਜਿੱਤ ਦੇ ਬਾਰੇ ਵਿਚ ਖ਼ੁਲਾਸਾ ਕਰਦੇ ਹੋਏ ਕਾਮਥ ਨੇ ਟਵਿੱਟਰ ’ਤੇ ਲਿਖਿਆ, ‘ਕੁਝ ਲੋਕ ਸੋਚਦੇ ਹਨ ਕਿ ਮੈਂ ਆਨੰਦ ਸਰ ਵਰਗੀ ਮਹਾਨ ਹਸਤੀ ਨੂੰ ਸ਼ਤਰੰਜ ਦੀ ਖੇਡ ’ਚ ਹਰਾਇਆ। ਇਹ ਬੇਤੁੱਕਾ ਹੈ। ਇਹ ਅਜਿਹਾ ਹੀ ਹੈ ਜਿਵੇਂ ਮੈਂ 100 ਮੀਟਰ ਦੀ ਰੇਸ ’ਚ ਓਸੇਨ ਬੋਲਟ ਨੂੰ ਹਰਾ ਦਿੱਤਾ ਹੋਵੇ।’ ਇਹ ਖ਼ਬਰ ਉਦੋਂ ਚਰਚਾ ਵਿਚ ਆਈ, ਜਦੋਂ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਨਿਖਿਲ ਕਾਮਥ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਆਨੰਦ ਕੋਰੋਨਾ ਵਾਇਰਸ ਇਨਫੈਕਸ਼ਨ ਖ਼ਿਲਾਫ਼ ਲੜਾਈ ’ਚ ਫੰਡ ਜੁਟਾਉਣ ਲਈ ਆਨਲਾਈਨ ਸ਼ਤਰੰਜ ਖੇਡ ਰਹੇ ਸਨ। ਉਨ੍ਹਾਂ ਆਮਿਰ ਖ਼ਾਨ, ਕ੍ਰਿਕਟਰ ਯੁਜਵੇਂਦਰਾ ਸਿੰਘ ਚਹਿਲ ਅਤੇ ਕਾਮਥ ਨਾਲ ਆਨਲਾਈਨ ਸ਼ਤਰੰਜ ਖੇਡੀ ਸੀ, ਜਿਸ ਵਿਚ ਸਾਰਿਆਂ ਦੀ ਹਾਰ ਹੋਈ ਸੀ ਪਰ ਨਿਖਿਲ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ। ਹਾਲਾਂਕਿ ਜਿੱਤ ਲਈ ਉਨ੍ਹਾਂ ਕੰਪਿਊਟਰ ਅਤੇ ਵਿਸ਼ਲੇਸ਼ਕਾਂ ਦੀ ਮਦਦ ਲਈ ਸੀ। ਇਸ ਗੱਲ ਦੀ ਜਾਣਕਾਰੀ ਚੈੱਸ ਡਾਟ ਕਾਮ ਨੇ ਦਿੱਤੀ ਸੀ। ਹੁਣ ਬੇਈਮਾਨੀ ਕਾਰਨ ਇਸ ਪਲੇਟਫਾਰਮ ਨੇ ਉਨ੍ਹਾਂ ’ਤੇ ਪਾਬੰਦੀ ਲਗਾ ਦਿੱਤੀ ਹੈ।

Posted By: Susheel Khanna