ਨਵੀਂ ਦਿੱਲੀ (ਪੀਟੀਆਈ) : ਸ਼ਤਰੰਜ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਸਾਥੀ ਗਰੈਂਡ ਮਾਸਟਰ ਹੇਂਸ ਨੀਮੈਨ 'ਤੇ ਧੋਖੇਬਾਜ਼ੀ ਦਾ ਦੋਸ਼ ਲਾਇਆ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਹ ਅਜਿਹੇ ਕਿਸੇ ਵਿਰੋਧੀ ਖ਼ਿਲਾਫ਼ ਨਹੀਂ ਖੇਡਣਗੇ ਜੋ ਅਜਿਹੇ ਗ਼ਲਤ ਕੰਮ ਵਿਚ ਸ਼ਾਮਲ ਹੋਵੇ। ਕਾਰਲਸਨ ਨੇ ਸੋਮਵਾਰ ਦੇਰ ਰਾਤ ਬਿਆਨ ਜਾਰੀ ਕੀਤਾ। ਇਕ ਹਫ਼ਤੇ ਪਹਿਲਾਂ ਉਹ ਜੂਲੀਅਸ ਬੇਅਰ ਜਨਰੇਸ਼ ਕੱਪ ਵਿਚ ਇਸ ਅਮਰੀਕੀ ਖ਼ਿਲਾਫ਼ ਸਿਰਫ਼ ਇਕ ਚਾਲ ਤੋਂ ਬਾਅਦ ਮੈਚ ਤੋਂ ਲਾਂਭੇ ਹੋ ਗਏ ਸਨ। ਇਸ ਤੋਂ ਪਹਿਲਾਂ ਨਾਰਵੇ ਦੇ 31 ਸਾਲ ਦੇ ਕਾਰਲਸਨ ਨੀਮੈਨ ਖ਼ਿਲਾਫ ਹੈਰਾਨ ਕਰਨ ਵਾਲੀ ਹਾਰ ਤੋਂ ਬਾਅਦ ਸੇਂਟ ਲੁਈ ਵਿਚ ਸਿੰਕ ਫੀਲਡ ਕੱਪ ਤੋਂ ਵੀ ਹਟ ਗਏ ਸਨ। ਕਾਰਲਸਨ ਨੇ ਲਿਖਿਆ ਕਿ ਮੇਰਾ ਮੰਨਣਾ ਹੈ ਕਿ ਨੀਮੈਨ ਨੇ ਪਿਛਲੇ ਸਮੇਂ ਦੌਰਾਨ ਬਹੁਤ ਵੱਧ ਧੋਖੇਬਾਜ਼ੀ ਕੀਤੀ ਹੈ ਜਿੰਨੀ ਉਨ੍ਹਾਂ ਨੇ ਜਨਤਕ ਤੌਰ 'ਤੇ ਸਵੀਕਾਰ ਕੀਤੀ ਹੈ ਉਸ ਤੋਂ ਵੀ ਵੱਧ। ਨੀਮੈਨ ਨੇ ਇਸ ਨੂੰ ਪਹਿਲਾਂ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ 'ਚੈੱਸ.ਕਾਮ' 'ਤੇ ਦੋ ਵਾਰ ਧੋਖੇਬਾਜ਼ੀ ਕੀਤੀ ਹੈ।

Posted By: Gurinder Singh