ਨਵੀਂ ਦਿੱਲੀ (ਪੀਟੀਆਈ) : ਸਟਾਰ ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਨੇ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਬਦੌਲਤ ਮੰਗਲਵਾਰ ਨੂੰ ਜਾਰੀ ਨਵੀਂ ਬੀਡਬਲਯੂਐੱਫ (ਬੈਡਮਿੰਟਨ ਵਿਸ਼ਵ ਮਹਾਸੰਘ) ਵਿਸ਼ਵ ਰੈਂਕਿੰਗ ਵਿਚ ਟਾਪ-15 ਵਿਚ ਵਾਪਸੀ ਕੀਤੀ। ਲਗਾਤਾਰ ਦੋ ਟੂਰਨਾਮੈਂਟਾਂ ਵਿਸ਼ਵ ਚੈਂਪੀਅਨਸ਼ਿਪ ਤੇ ਜਾਪਾਨ ਓਪਨ ਸੁਪਰ 750 ਦੇ ਫਾਈਨਲ ਵਿਚ ਪੁੱਜੇ ਪ੍ਰਣਯ ਇਕ ਸਥਾਨ ਦੇ ਫ਼ਾਇਦੇ ਨਾਲ 15ਵੇਂ ਸਥਾਨ 'ਤੇ ਪੁੱਜ ਗਏ ਹਨ। ਨੌਜਵਾਨ ਲਕਸ਼ੇ ਸੇਨ ਨੌਂਵੇਂ ਸਥਾਨ 'ਤੇ ਕਾਇਮ ਹਨ ਤੇ ਮਰਦ ਰੈਂਕਿੰਗ ਵਿਚ ਸਿਖਰਲੇ ਭਾਰਤੀ ਖਿਡਾਰੀ ਬਣੇ ਹੋਏ ਹਨ। ਕਿਦਾਂਬੀ ਸ਼੍ਰੀਕਾਂਤ ਇਕ ਸਥਾਨ ਦੇ ਫ਼ਾਇਦੇ ਨਾਲ 11ਵੇਂ ਸਥਾਨ 'ਤੇ ਪੁੱਜ ਗਏ ਹਨ। ਸੱਟ ਕਾਰਨ ਵਿਸ਼ਵ ਚੈਂਪੀਅਨਸ਼ਿਪ ਤੇ ਜਾਪਾਨ ਓਪਨ 'ਚੋਂ ਬਾਹਰ ਰਹੀ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਮਹਿਲਾ ਰੈਂਕਿੰਗ ਵਿਚ ਛੇਵੇਂ ਸਥਾਨ 'ਤੇ ਬਣੀ ਹੋਈ ਹੈ। ਲੰਡਨ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੇਹਵਾਲ ਇਕ ਸਥਾਨ ਦੇ ਫ਼ਾਇਦੇ ਨਾਲ 31ਵੇਂ ਸਥਾਨ 'ਤੇ ਹੈ। ਰਾਸ਼ਟਰਮੰਡਲ ਖੇਡਾਂ ਵਿਚ ਪਹਿਲੀ ਵਾਰ ਗੋਲਡ ਮੈਡਲ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਮਰਦ ਜੋੜੀ ਪਹਿਲਾਂ ਵਾਂਗ ਅੱਠਵੇਂ ਸਥਾਨ 'ਤੇ ਬਣੀ ਹੋਈ ਹੈ।

Posted By: Gurinder Singh