ਕੁਆਲਾਲੰਪੁਰ (ਪੀਟੀਆਈ) : ਭਾਰਤ ਦੇ ਐੱਚਐੱਸ ਪ੍ਰਣਯ ਨੇ ਸਖ਼ਤ ਮੁਕਾਬਲੇ ਵਿਚ ਸਥਾਨਕ ਦਾਅਵੇਦਾਰ ਡੇਰੇਨ ਲਿਊ ਨੂੰ ਹਰਾ ਕੇ ਮੰਗਲਵਾਰ ਨੂੰ ਇੱਥੇ ਮਲੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਰਦ ਸਿੰਗਲਜ਼ ਦੇ ਦੂਜੇ ਗੇੜ 'ਚ ਥਾਂ ਬਣਾਈ। ਇਸ ਮਹੀਨੇ ਇੰਡੋਨੇਸ਼ੀਆ ਓਪਨ ਸੁਪਰ 1000 ਦੇ ਸੈਮੀਫਾਈਨਲ 'ਚ ਥਾਂ ਬਣਾਉਣ ਵਾਲੇ ਤੇ ਦੁਨੀਆ ਦੇ ਸਿਖਰਲੇ-10 ਖਿਡਾਰੀਆਂ ਵਿਚ ਸ਼ਾਮਲ ਰਹਿ ਚੁੱਕੇ ਪ੍ਰਣਯ ਨੇ 62 ਮਿੰਟ ਤਕ ਚੱਲੇ ਮੁਕਾਬਲੇ ਵਿਚ ਮਲੇਸ਼ਿਆਈ ਖਿਡਾਰੀ ਨੂੰ 21-14, 17-21, 21-18 ਨਾਲ ਹਰਾਇਆ। ਦੁਨੀਆ ਦੇ 21ਵੇਂ ਨੰਬਰ ਦੇ ਖਿਡਾਰੀ ਪ੍ਰਣਯ ਇਸ ਟੂਰਨਾਮੈਂਟ ਦੇ ਅਗਲੇ ਗੇੜ ਵਿਚ ਚੌਥਾ ਦਰਜਾ ਹਾਸਲ ਤਾਇਪੇ ਦੇ ਚਾਊ ਟਿਏਨ ਚੇਨ ਨਾਲ ਭਿੜਨਗੇ।

ਪ੍ਰਣਯ ਦੀ ਜਿੱਤ ਨਾਲ ਭਾਰਤੀ ਖੇਮੇ ਨੂੰ ਖ਼ੁਸ਼ੀ ਦਾ ਮੌਕਾ ਮਿਲਿਆ ਕਿਉਂਕਿ ਇਸ ਤੋਂ ਪਹਿਲਾਂ ਬੀ ਸਾਈ ਪ੍ਰਣੀਤ ਤੇ ਸਮੀਰ ਵਰਮਾ ਨੂੰ ਸਖ਼ਤ ਮੁਕਾਬਲਿਆਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਣੀਤ ਨੂੰ ਦੁਨੀਆ ਦੇ ਛੇਵੇਂ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਏਂਥੋਨੀ ਸਿਨਿਸੁਕਾ ਗਿਨਟਿੰਗ ਨੇ ਹਰਾਇਆ ਜਦਕਿ ਸਮੀਰ ਨੂੰ ਇੰਡੋਨੇਸ਼ੀਆ ਦੇ ਹੀ ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਜੋਨਾਥਨ ਕ੍ਰਿਸਟੀ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ।

ਦੁਨੀਆ ਦੇ 19ਵੇਂ ਨੰਬਰ ਦੇ ਖਿਡਾਰੀ 30 ਸਾਲ ਦੇ ਪ੍ਰਣੀਤ ਨੂੰ ਗਿਨਟਿੰਗ ਖ਼ਿਲਾਫ਼ 50 ਮਿੰਟ ਤਕ ਚੱਲੇ ਮਰਦ ਸਿੰਗਲਜ਼ ਮੁਕਾਬਲੇ ਵਿਚ 15-21, 21-19, 9-21 ਨਾਲ ਹਾਰ ਸਹਿਣੀ ਪਈ। ਇੰਡੋਨੇਸ਼ੀਆ ਦੇ ਖਿਡਾਰੀ ਨੇ ਪ੍ਰਣੀਤ ਖ਼ਿਲਾਫ਼ ਚਾਰ ਮੁਕਾਬਲੇ ਜਿੱਤੇ ਹਨ ਜਦਕਿ ਤਿੰਨ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਪਿਛਲੀ ਵਾਰ 2020 ਏਸ਼ਿਆਈ ਟੀਮ ਚੈਂਪੀਅਨਸ਼ਿਪ ਦੌਰਾਨ ਭਿੜੇ ਸਨ ਤੇ ਤਦ ਪ੍ਰਣੀਤ ਦੇ ਸੱਟ ਕਾਰਨ ਹਟਣ 'ਤੇ ਗਿਨਟਿੰਗ ਨੇ ਮੈਚ ਜਿੱਤਿਆ ਸੀ। ਸੱਟ ਤੋਂ ਬਾਅਦ ਵਾਪਸੀ ਕਰ ਰਹੇ ਸਮੀਰ ਨੂੰ 49 ਮਿੰਟ ਤਕ ਚੱਲੇ ਮੈਚ ਵਿਚ ਕ੍ਰਿਸਟੀ ਖ਼ਿਲਾਫ਼ 14-21, 21-13, 7-21 ਨਾਲ ਹਾਰ ਸਹਿਣੀ ਪਈ। ਡਬਲਜ਼ ਵਿਚ ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦੀ ਮਹਿਲਾ ਜੋੜੀ ਪਹਿਲੇ ਗੇੜ ਵਿਚ ਨਾਮੀ ਮਾਤਸੁਮਾਇਆ ਤੇ ਚਿਹਾਰੂ ਸ਼ਿਦਾ ਦੀ ਜਾਪਾਨ ਦੀ ਛੇਵਾਂ ਦਰਜਾ ਹਾਸਲ ਜੋੜੀ ਹੱਥੋਂ 15-21, 11-21, ਨਾਲ ਹਾਰ ਕੇ ਬਾਹਰ ਹੋ ਗਈ।

Posted By: Gurinder Singh