ਕੁਆਲਾਲੰਪੁਰ (ਪੀਟੀਆਈ) : ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਨੇ ਵੀਰਵਾਰ ਨੂੰ ਇੱਥੇ ਇੰਡੋਨੇਸ਼ੀਆ ਦੇ ਚਿਕੋ ਓਰਾ ਦਵੀ ਵਾਰਡੋਇਓ ਨੂੰ ਹਰਾ ਕੇ ਮਲੇਸ਼ੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।

ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਇਕ ਘੰਟੇ ਚਾਰ ਮਿੰਟ ਤਕ ਚੱਲਿਆ ਮੁਕਾਬਲਾ 21-9, 15-21, 21-16 ਨਾਲ ਜਿੱਤਿਆ। ਹੁਣ ਉਨ੍ਹਾਂ ਦਾ ਸਾਹਮਣਾ ਮਲੇਸ਼ੀਆ ਦੇ ਐੱਨਜੀ ਜੀ ਯੋਂਗ ਜਾਂ ਜਾਪਾਨ ਦੇ ਕੋਡਾਈ ਨਾਰਾਓਕਾ ਨਾਲ ਹੋਵੇਗਾ। ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਸੱਤਵਾਂ ਦਰਜਾ ਹਾਸਲ ਜੋੜੀ ਨੇ ਵੀ ਮਰਦ ਡਬਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੁਨੀਆ ਦੀ ਪੰਜਵੇਂ ਨੰਬਰ ਦੀ ਇਸ ਭਾਰਤੀ ਜੋੜੀ ਨੇ ਇੰਡੋਨੇਸ਼ੀਆ ਦੇ ਮੁੰਹਮਦ ਸ਼ੋਹੀਬੁਲ ਫਿਕਰੀ ਤੇ ਬਾਗਸ ਮੌਲਾਨਾ ਨੂੰ 49 ਮਿੰਟ ਵਿਚ 21-19, 22-20 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਦੀ ਕਾਂਸੇ ਦਾ ਮੈਡਲ ਜੇਤੂ ਤਿ੍ਸਾ ਜਾਲੀ ਤੇ ਗਾਇਤ੍ਰੀ ਗੋਪੀਚੰਦ ਨੂੰ ਪ੍ਰਰੀ ਕੁਆਰਟਰ ਫਾਈਨਲ ਵਿਚ ਬੁਲਗਾਰੀਆ ਦੀ ਗੈਬਰੀਅਲਾ ਸਟੋਏਵਾ ਤੇ ਸਟੇਫਨੀ ਸਟੋਏਵਾ ਨੇ ਹਰਾ ਦਿੱਤਾ। ਦੁਨੀਆ ਵਿਚ 16ਵੇਂ ਨੰਬਰ ਦੀ ਭਾਰਤੀ ਜੋੜੀ ਨੂੰ 14ਵੀਂ ਰੈਂਕਿੰਗ ਵਾਲੀਆਂ ਸਟੋਏਵਾ ਭੈਣਾਂ ਨੇ 21-13, 15-21, 21-17 ਨਾਲ ਮਾਤ ਦਿੱਤੀ।

Posted By: Gurinder Singh