ਹਾਕਮ ਥਾਪਰ - ਹੁਸ਼ਿਆਰਪੁਰ ਜ਼ਿਲ੍ਹਾ ਹਰਿਆਲੀ, ਜੰਗਲਾਂ, ਖ਼ੂਬਸੂਰਤ ਨਜ਼ਾਰਿਆਂ, ਜੋਸ਼ ਪੈਦਾ ਕਰਨ ਵਾਲੀਆਂ ਚੜ੍ਹਾਈਆਂ, ਰਫ਼ਤਾਰ ਨੂੰ ਖੰਭ ਲਗਾਉਣ ਵਾਲੀਆਂ ਪਹਾੜੀ ਉਤਰਾਈਆਂ ਸਮੇਤ ਕੁਦਰਤ ਦਾ ਬਸੇਰਾ ਹੈ। ਕੁਝ ਦਿਨ ਪਹਿਲਾਂ ਇਹ ਉਤਰਾਈਆਂ ਤੇ ਚੜ੍ਹਾਈਆਂ 122 ਕਿਲੋਮੀਟਰ ਪ੍ਰੋਫੈਸ਼ਨਲ ਸਾਈਕਲ ਰੇਸ ਦੇ ਮੁਕਾਬਲੇਬਾਜ਼ਾਂ ਨੂੰ ਚੁਣੌਤੀ ਪੇਸ਼ ਕਰਦੀਆਂ ਨਜ਼ਰੀਂ ਆਈਆਂ। ਨੌਜਵਾਨਾਂ ਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਦੇ ਰੂ-ਬ-ਰੂ ਕਰਵਾਉਣ, ਸਮਾਜ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੋ ਵੋਟਰਾਂ ਨੂੰ ਉਨ੍ਹਾਂ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ 'ਹੁਸ਼ਿਆਰਪੁਰ ਰਾਈਡ ਐਂਡ ਰਨ' ਈਵੈਂਟ ਕਰਵਾਇਆ ਗਿਆ। ਇਸ ਵਿਚ ਸਾਈਕਲ ਰੇਸ ਤੇ ਹਾਫ ਮੈਰਾਥਨ ਦੌਰਾਨ ਮੁਕਾਬਲੇਬਾਜ਼ਾਂ ਨੇ ਆਪਣਾ ਦਮਖ਼ਮ ਦਿਖਾਇਆ। ਦੇਸ਼ ਭਰ ਤੋਂ ਆਏ ਸਾਈਕਲਿਸਟ ਮਨ ਵਿਚ ਪੰਜਾਬ ਦੀ ਖ਼ਿਆਲੀ ਤਸਵੀਰ ਲੈ ਕੇ ਆਏ ਸਨ ਪਰ ਉਨ੍ਹਾਂ ਨੂੰ ਉਸ ਤੋਂ ਵੀ ਵਧੇਰੇ ਖ਼ੂਬਸੂਰਤ ਪੰਜਾਬ ਦੀ ਨਿਵੇਕਲੀ ਨੁਹਾਰ ਦੇ ਦਰਸ਼ਨ ਹੋਏ।

131 ਸਾਈਕਲਿਸਟਾਂ ਨੇ ਲਿਆ ਹਿੱਸਾ

ਮਜ਼ੇਦਾਰ ਗੱਲ ਇਹ ਕਿ ਕੰਢੀ ਇਲਾਕੇ ਦੇ ਇਸ ਨੀਮ ਪਹਾੜੀ ਖੇਤਰ ਵਿਚ ਰੇਲਵੇ ਦਾ ਸਾਈਕਲਿਸਟ ਸਭ ਤੋਂ ਤੇਜ਼ ਦੌੜਿਆ ਤੇ ਏਅਰ ਫੋਰਸ ਦੇ ਸਾਈਕਲਿਸਟ ਤੋਂ ਵੀ ਅੱਗੇ ਨਿਕਲ ਗਿਆ। ਡਿਪਟੀ ਕਮਿਸ਼ਨਰ ਆਈਏਐੱਸ ਈਸ਼ਾ ਕਾਲੀਆ ਦੀ ਅਗਵਾਈ ਵਿਚ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ 122 ਕਿਲੋਮੀਟਰ ਲੰਬੀ ਸਾਈਕਲ ਰੇਸ ਕਰਵਾ ਕੇ ਪ੍ਰੋਫੈਸ਼ਨਲ ਸਾਈਕਲਿੰਗ ਦੇ ਖੇਤਰ 'ਚ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਦੌਰਾਨ 131 ਰਾਸ਼ਟਰੀ ਤੇ ਅੰਤਰਰਾਸ਼ਟਰੀ ਸਾਈਕਲਿਸਟਾਂ ਨੇ ਪੰਜਾਬ ਦੀ ਸਭ ਤੋਂ ਮੁਸ਼ਕਿਲ ਰੇਸ 'ਚ ਆਪਣਾ ਪਸੀਨਾ ਵਹਾਇਆ। ਅਰਧ ਪਹਾੜੀ ਇਸ ਇਲਾਕੇ ਦੀਆਂ ਖੜ੍ਹੀਆਂ ਚੜ੍ਹਾਈਆਂ ਚੜ੍ਹਨ ਤੇ ਤਿੱਖੀਆਂ ਢਲਾਨਾਂ 'ਤੇ ਸੰਭਲਣ ਲਈ ਉਨ੍ਹਾਂ ਨੂੰ ਅੱਡੀ-ਚੋਟੀ ਦਾ ਜ਼ੋਰ ਲਗਾਉਣਾ ਪਿਆ। ਇਸ ਰੇਸ ਲਈ 180 ਸਾਈਕਲਿਸਟਾਂ ਨੇ ਰਜਿਸਟ੍ਰੇਸ਼ਨ ਕਰਵਾਈ ਗਈ ਸੀ ਪਰ 131 ਸਾਈਕਲਿਸਟਾਂ ਨੇ ਰੇਸ 'ਚ ਹਿੱਸਾ ਲਿਆ, ਜਿਸ ਵਿਚੋਂ 57 ਸਾਈਕਲਿਸਟਾਂ ਨੇ ਪੂਰੀ ਰੇਸ ਮੁਕੰਮਲ ਕੀਤੀ। ਸਾਈਕਲਿਸਟਾਂ ਨੇ ਇਸ ਰੇਸ ਦੇ ਰੋਮਾਂਚ ਨੂੰ ਇਨ੍ਹਾਂ ਸ਼ਬਦਾਂ 'ਚ ਬਿਆਨ ਕੀਤਾ - ''ਯਹਾਂ ਕੀ ਖ਼ੂਬਸੂਰਤੀ ਤੋ ਰੂਹ ਮੇਂ ਉਤਰ ਗਈ ਹੈ, ਦੁਨੀਆਂ ਮੇ ਬਹੁਤ ਸੀ ਜਗ੍ਹਾ ਦੇਖੀ ਹੈਂ ਪਰ ਯਹਾਂ ਸਾਈਕਲਿੰਗ ਕਾ ਹਰ ਪੈਡਲ ਐਸਾ ਨਾਯਾਬ ਤਜ਼ਰਬਾ ਦੇ ਗਯਾ ਜੋ ਭੁਲਾਏ ਨਹੀਂ ਭੂਲਨੇ ਵਾਲਾ।''

ਅਰਵਿੰਦ ਪਨਵਰ ਰਿਹਾ ਅੱਵਲ

'ਹੁਸ਼ਿਆਰਪੁਰ ਰਾਈਡ ਐਂਡ ਰਨ' ਈਵੈਂਟ ਦੌਰਾਨ ਸਾਈਕਲ ਰੇਸ ਦੀ ਓਵਰਆਲ ਪਹਿਲਾ ਸਥਾਨ ਇੰਡੀਅਨ ਰੇਲਵੇ ਦੇ ਸਾਈਕਲਿਸਟ ਅਰਵਿੰਦ ਪਨਵਰ ਨੇ ਹਾਸਲ ਕੀਤਾ। ਪਨਵਰ ਨੇ ਇਹ ਰੇਸ 3 ਘੰਟੇ 20 ਮਿਨਟ 'ਚ ਮੁਕੰਮਲ ਕੀਤੀ। ਇੰਡੀਅਨ ਏਅਰ ਫੋਰਸ ਦੇ ਸਾਈਕਲਿਸਟ ਕ੍ਰਿਸ਼ਨ ਨਾਇਆ ਕੋਡੀ ਨੇ 3 ਘੰਟੇ 28 ਮਿੰਟ ਨਾਲ ਰੇਸ ਪੂਰੀ ਕਰ ਕੇ ਦੂਸਰਾ ਅਤੇ ਮੇਜ਼ਬਾਨ ਪੰਜਾਬ ਦੇ ਹਰਸ਼ਵੀਰ ਸਿੰਘ ਸੇਖੋਂ ਨੇ ਤੀਜਾ ਸਥਾਨ ਹਾਸਲ ਕੀਤਾ।

ਮੁਸ਼ਕਲ ਚੜ੍ਹਾਈਆਂ ਚੜ੍ਹਨ 'ਚ ਵੀ ਪਨਵਰ ਰਿਹਾ ਮੋਹਰੀ

122 ਕਿਲੋਮੀਟਰ ਦੇ ਰਸਤੇ ਵਿਚ ਕਰੀਬ 8 ਕਿਲੋਮੀਟਰ ਲੰਬੀਆਂ ਦੋ ਮੁਸ਼ਕਲ ਚੜ੍ਹਾਈਆਂ ਸਰ ਕਰਨ ਵਾਲੇ ਸਾਇਕਲਿਸਟਾਂ ਨੂੰ 'ਫਸਟ ਪਰਾਈਮ' ਤੇ 'ਸੈਕੰਡ ਪਰਾਈਮ' ਲਈ ਵੀ ਚੁਣਿਆ ਗਿਆ ਹੈ। ਫਸਟ ਪਰਾਈਮ ਵਿਚ ਬਹੂਹੀ ਤੋਂ ਕੋਠੀ ਲੱਗ ਦੀ 8 ਕਿਲੋਮੀਟਰ ਦੀ ਮੁਸ਼ਕਲ ਚੜ੍ਹਾਈ ਭਾਰਤੀ ਰੇਲਵੇ ਦੇ ਅਰਵਿੰਦ ਪਨਵਰ ਨੇ ਸਭ ਤੋਂ ਤੇਜ਼ੀ ਨਾਲ ਚੜ੍ਹੀ। ਇੰਡੀਅਨ ਏਅਰ ਫੋਰਸ ਦੇ ਕ੍ਰਿਸ਼ਨਾ ਨਾਇਆ ਕੋਡੀ ਦੂਜੇ ਤੇ ਹਰਿਆਣਾ ਦਾ ਅਨਿਲ ਮੰਗਲਾ ਤੀਜੇ ਸਥਾਨ 'ਤੇ ਰਹੇ। ਸੈਕੰਡ ਪਰਾਈਮ ਵਿਚ ਡਡਿਆਲੀ ਤੋਂ ਕਮਾਹੀ ਦੇਵੀ ਤਕ ਦੀ ਚੜ੍ਹਾਈ ਨੂੰ ਘੱਟ ਸਮੇਂ ਵਿਚ ਸਰ ਕਰਨ ਵਿਚ ਵੀ ਅਰਵਿੰਦ ਪਨਵਰ ਨੇ ਦੁਬਾਰਾ ਬਾਜ਼ੀ ਮਾਰੀ, ਜਦਕਿ ਹਿਮਾਚਲ ਪ੍ਰਦੇਸ਼ ਦਾ ਸ਼ਿਵੇਨ ਦੂਜੇ ਤੇ ਇੰਡੀਅਨ ਆਰਮੀ ਦਾ ਸਤੀਸ਼ ਕੁਮਾਰ ਤੀਸਰੇ ਸਥਾਨ 'ਤੇ ਰਹੇ।

ਭਾਰਤ ਦੀ ਸਭ ਤੋਂ ਮੁਸ਼ਕਲ ਸਾਈਕਲ ਰੇਸ

ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ (ਸੀਐੱਫਆਈ) ਅਨੁਸਾਰ ਸਾਈਕਲ ਰੇਸ ਮੁਕੰਮਲ ਕਰਨ ਵਾਲੇ ਸਾਈਕਲਿਸਟਾਂ ਦੀ ਹੀ ਫਸਟ ਪਰਾਈਮ ਤੇ ਸੈਕੰਡ ਪਰਾਈਮ ਲਈ ਚੋਣ ਕੀਤੀ ਜਾਂਦੀ ਹੈ। ਸੀਐੱਫਆਈ ਨੇ ਹੁਸ਼ਿਆਰਪੁਰ ਦੀ ਸਾਈਕਲ ਰੇਸ ਬਾਰੇ ਦੇਸ਼ ਦੀ ਸਭ ਤੋਂ ਮੁਸ਼ਕਲ ਰੇਸ ਹੋਣ ਦਾ ਦਾਅਵਾ ਵੀ ਕੀਤਾ ਹੈ। ਇਹ ਦਾਅਵਾ ਚੋਟੀ ਦੇ ਸਾਈਕਲਿਸਟ ਤੇ 'ਡਾਇਰੈਕਟਰ ਰੇਸ' ਜਗਦੀਪ ਸਿੰਘ ਕਾਹਲੋਂ ਨੇ ਕੀਤਾ। ਜ਼ਿਕਰਯੋਗ ਹੈ ਕਿ ਜਗਦੀਪ ਸਿੰਘ ਕਾਹਲੋਂ ਰਾਸ਼ਟਰੀ ਤੇ ਅੰਤਰਾਰਾਸ਼ਟਰੀ ਪੱਧਰ 'ਤੇ ਸਾਈਕਲ ਰੇਸ ਵਿਚ 26 ਸੋਨ ਤਮਗੇ ਜਿੱਤ ਚੁੱਕੇ ਹਨ ਤੇ ਉਨ੍ਹਾਂ ਨੂੰ 'ਮਹਾਰਾਜਾ ਰਣਜੀਤ ਸਿੰਘ ਸਟੇਟ ਐਵਾਰਡ' ਦਿੱਤੇ ਜਾਣ ਦਾ ਐਲਾਨ ਵੀ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।

ਕੰਢੀ ਇਲਾਕਾ ਬਣ ਸਕਦੈ ਸਾਈਕਲਿੰਗ ਹੱਬ

ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਕੰਢੀ ਇਲਾਕੇ ਨੂੰ ਸਾਈਕਲਿੰਗ ਹੱਬ ਵਜੋਂ ਵਿਕਸਿਤ ਕੀਤੇ ਜਾਣ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ। ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸੀਐੱਫਆਈ ਦੇ ਸਹਿਯੋਗ ਨਾਲ ਪੰਜਾਬ 'ਚ ਇਹ ਪਹਿਲਾ ਸਰਟੀਫਾਇਡ ਰੋਡ ਈਵੈਂਟ ਕਰਵਾਇਆ ਗਿਆ ਹੈ। ਰੇਸ ਦੌਰਾਨ ਹਵਾ ਵਾਂਗ ਉੱਡਦੇ ਸਾਈਕਲਿਸਟਾਂ ਨੂੰ ਪੰਜਾਬ ਵਿਚ ਪਹਿਲੀ ਵਾਰ ਵੇਖ ਕੇ ਦਰਸ਼ਕਾਂ ਦੇ ਦਿਲਾਂ 'ਚ ਅਜਿਹਾ ਰੋਮਾਂਚ ਪੈਦਾ ਹੋਇਆ ਜੋ ਵਰ੍ਹਿਆਂ ਤੱਕ ਉਨ੍ਹਾਂ ਨੂੰ ਯਾਦ ਰਹੇਗਾ। ਹਵਾ ਨਾਲ ਗੱਲਾਂ ਕਰਦੇ ਤੇ ਬਿਜਲੀ ਦੀ ਰਫ਼ਤਾਰ ਨਾਲ ਪੈਂਡਲ ਮਾਰਦੇ ਸਾਈਕਲਿਸਟਾਂ ਨੂੰ ਦੇਖ ਕੇ ਦਰਸ਼ਕ ਪੱਬਾਂ ਭਾਰ ਹੋਏ ਰਹੇ। ਸਾਈਕਲਿੰਗ ਰੂਟ 'ਤੇ ਦਿਲਕਸ਼ ਪਹਾੜੀ ਨਜ਼ਾਰਿਆਂ ਤੇ ਦਰਸ਼ਕਾਂ ਵੱਲੋਂ ਦਿੱਤੀ ਜਾਣ ਵਾਲੀ ਹੱਲਾਸ਼ੇਰੀ ਕਾਰਨ ਸਾਈਕਲਿਸਟਾਂ ਦਾ ਉਤਸ਼ਾਹ ਵੀ ਪੂਰੇ ਜੋਬਨ 'ਤੇ ਸੀ।

10 ਹਜ਼ਾਰ ਖਿਡਾਰੀ ਦੌੜੇ ਹਾਫ ਮੈਰਾਥਨ 'ਚ

ਸਾਈਕਲ ਰੇਸ ਤੋਂ ਇਲਾਵਾ 21.1 ਕਿਲੋਮੀਟਰ ਹਾਫ ਮੈਰਾਥਨ ਤੇ 10 ਕਿਲੋਮੀਟਰ ਤੇ 5 ਕਿਲੋਮੀਟਰ ਦੀ ਦੌੜ ਵੀ ਕਰਵਾਈ ਗਈ, ਜਿਸ ਵਿਚ ਦੇਸ਼-ਵਿਦੇਸ਼ ਦੇ ਕਰੀਬ 10 ਹਜ਼ਾਰ ਖਿਡਾਰੀਆਂ ਨੇ ਹਿੱਸਾ ਲਿਆ। ਇਹ ਦੌੜ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਤੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੇ ਤਾਕਤ ਬਾਰੇ ਜਾਗਰੂਕ ਕਰਨ ਲਈ ਕਰਵਾਈ ਗਈ। 21.1 ਕਿਲੋਮੀਟਰ ਹਾਫ ਮੈਰਾਥਨ ਵਿਚ ਅੰਤਰਰਾਸ਼ਟਰੀ ਖਿਡਾਰੀਆਂ ਵੀ ਸ਼ਾਮਲ ਹੋਏ। ਜਿਸ ਵਿਚ ਪੁਰਸ਼ਾਂ 'ਚ ਕੀਨੀਆ ਦੇ ਇਸਾਕ ਕੇਪਕੇਮੋਈ ਨਗੇਮੋਈ ਪਹਿਲੇ ਤੇ ਕੀਨੀਆ ਦੇ ਹੀ ਫੇਗਲੇ ਦੂਜੇ ਨੰਬਰ 'ਤੇ ਰਹੇ, ਜਦਕਿ ਕੌਮਾਂਤਰੀ ਖਿਡਾਰਨਾਂ ਵਿਚ ਕੀਨੀਆ ਦੀ ਹੀ ਇਨੁਸੇ ਲੁਸੀਆ ਮੁਟੇ ਪਹਿਲੇ ਤੇ ਕੇਰੇਨ ਦੂਜੇ ਨੰਬਰ 'ਤੇ ਰਹੀ। ਅੰਤਰਰਾਸ਼ਟਰੀ ਸਪੈਸ਼ਲ ਕੈਟਾਗਿਰੀ ਤੋਂ ਇਲਾਵਾ 21.1 ਕਿਲੋਮੀਟਰ ਪੁਰਸ਼ਾਂ ਵਿਚ ਉਤਰਾਖੰਡ ਦਾ ਅਰਜੁਨ ਪ੍ਰਧਾਨ ਪਹਿਲੇ, ਮੁਜੱਫਰ ਨਗਰ ਦਾ ਅਜੇ ਨਾਗ ਦੂਸਰੇ, ਓਪੇਂਦਰਾ ਤੀਸਰੇ ਸਥਾਨ 'ਤੇ ਰਿਹਾ। ਮਹਿਲਾ ਵਰਗ ਵਿਚ ਸੀਮਾ ਦੇਵੀ ਪਹਿਲੇ, ਸੋਨਿਕਾ ਦੂਜੇ ਤੇ ਪੂਜਾ ਤੀਜੇ ਸਥਾਨ 'ਤੇ ਰਹੀ। ਪੁਰਸ਼ਾਂ ਦੀ 10 ਕਿਲੋਮੀਟਰ ਦੌੜ ਵਿਚ ਅਨੀਸ਼ ਚੰਦੇਲ, ਦੀਪਕ ਕੁਮਾਰ ਤੇ ਬਲਿਸਤਾ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ 'ਤੇ ਰਹੇ। 10 ਕਿਲੋਮੀਟਰ ਮਹਿਲਾ ਵਰਗ ਵਿਚ ਰੀਨੂ, ਗਾਰਗੀ ਸ਼ਰਮਾ ਤੇ ਅਨਾਮਿਕਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ।

98888-31980

Posted By: Harjinder Sodhi