ਅਰਜੁਨਾ ਐਵਾਰਡੀ ਤੇ ਪਦਮਸ਼੍ਰੀ ਪੈਰਾ ਐਥਲੀਟ ਦੀਪਾ ਮਲਿਕ ਨੂੰ ਨਿਉਜ਼ੀਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਵੱਕਾਰੀ ਸਨਮਾਨ 'ਸਰ ਐਡਮੰਡ ਹਿਲੇਰੀ ਫੈਲੋਸ਼ਿਪ' ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਨਮਾਨ ਨਾਲ ਭਾਰਤ ਤੇ ਨਿਉਜ਼ੀਲੈਂਡ ਦੇ ਸਬੰਧ ਹੋਰ ਸੁਖਾਵੇਂ ਹੋਣਗੇ। ਦੀਪਾ ਮਲਿਕ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਅਜਿਹੇ ਪ੍ਰੋਗਰਾਮ ਉਲੀਕੇਗੀ, ਜਿਸ ਨਾਲ ਦੋਹਾਂ ਦੇਸ਼ਾਂ ਵਿਚੇ ਖੇਡਾਂ, ਸੱਭਿਆਚਾਰਕ ਸਾਂਝ ਰਾਹੀਂ ਦੋਸਤਾਨਾ ਸਬੰਧ ਮਜ਼ਬੂਤ ਹੋਣਗੇ।

ਪਰਿਵਾਰਕ ਪਿਛੋਕੜ

ਦੀਪਾ ਮਲਿਕ ਨੇ ਰੀਓ ਪੈਰਾ ਓਲੰਪਿਕ-2016 ਵਿਚ ਸ਼ਾਟਪੁੱਟ 'ਚ ਭਾਰਤ ਦੀ ਝੋਲੀ ਮਹਿਲਾ ਵਰਗ ਦਾ ਪਹਿਲਾ ਸਿਲਵਰ ਮੈਡਲ ਪਾਇਆ ਸੀ। ਉਸ ਨੇ 58 ਰਾਸ਼ਟਰੀ ਅਤੇ 18 ਅੰਤਰਰਾਸ਼ਟਰੀ ਮੈਡਲ ਪ੍ਰਾਪਤ ਕੀਤੇ ਹਨ। ਉਸ ਦਾ ਨਾਂ 'ਲਿਮਕਾ ਬੁੱਕ ਆਫ ਰਿਕਾਰਡਜ਼' 'ਚ ਵੀ ਸ਼ਾਮਲ ਹੈ। 30 ਸਤੰਬਰ 1970 ਨੂੰ ਹਰਿਆਣਾ ਦੇ ਭੈਸੀਵਾਲ, ਗੁੜਗਾਵਾਂ ਵਿਖੇ ਜਨਮੀ ਦੀਪਾ ਹੁਣ ਇਸ ਸਨਮਾਨ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ ਮਹਿਲਵਾਂ 'ਚ ਸ਼ਾਮਲ ਹੋ ਗਈ ਹੈ। ਇਸ ਵੇਲੇ ਉਸ ਦੀ ਰਿਹਾਇਸ਼ ਨਵੀ ਦਿੱਲੀ 'ਚ ਹੈ। ਉਹ ਫ਼ੌਜੀ ਪਰਿਵਾਰ ਨਾਲ ਜੁੜੀ ਹੋਈ ਹੈ। ਉਸ ਨੇ ਫ਼ੌਜੀ ਪਰਿਵਾਰ 'ਚ ਜਨਮ ਲਿਆ ਤੇ ਵਿਹਾਈ ਵੀ ਫ਼ੌਜੀ ਪਰਿਵਾਰ 'ਚ ਹੈ। ਉਹ ਕਰਨਲ ਬਿਕਰਮ ਸਿੰਘ ਦੀ ਲਾਡਲੀ ਧੀ ਤੇ ਕਰਨਲ ਬੀ.ਕੇ ਨਾਗਪਾਲ ਦੀ ਪਤਨੀ ਹੈ। ਉਸ ਦੇ ਜੀਵਨ 'ਚ ਕਈ ਦੁੱਖਦਾਈ ਘਟਨਾਵਾਂ ਵਾਪਰੀਆਂ ਪਰ ਉਸ ਨੇ ਹੌਸਲਾ ਨਹੀਂ ਹਾਰਿਆ। ਉਹ ਦੋ ਧੀਆਂ ਦੀਪਕਾ ਤੇ ਅੰਬਿਕਾ ਦੀ ਮਾਂ ਹੈ।

ਭਾਰਤ ਦਾ ਵਧਾਇਆ ਮਾਣ

ਦੀਪਾ ਨੇ ਜੀਵਨ ਵਿਚ ਇੰਨੀਆਂ ਪ੍ਰਾਪਤੀਆਂ ਕੀਤੀਆਂ ਹਨ ਕਿ ਇਨ੍ਹਾਂ ਦੀ ਲੰਬੀ ਸੂਚੀ ਬਣਾਈ ਜਾ ਸਕਦੀ ਹੈ। ਦੀਪਾ ਮਲਿਕ ਨੇ ਸ਼ਾਟਪੁੱਟ ਤੋਂ ਇਲਾਵਾ ਜੈਵਲਿਨ, ਡਿਸਕਸ ਥਰੋਅ, ਤੈਰਾਕੀ ਤੇ ਮੋਟਰਸਾਈਕਲ ਰਾਈਡਿੰਗ 'ਚ ਵੀ ਗੌਰਵਮਈ ਪ੍ਰਾਪਤੀਆਂ ਕੀਤੀਆਂ। ਉਸ ਦੀ ਖ਼ਾਸ ਪ੍ਰਾਪਤੀ ਇਹ ਹੈ ਕਿ ਉਸ ਨੇ ਜ਼ੀਰੋ ਡਿਗਰੀ ਤਾਪਮਨ ਤੇ 1700 ਕਿਲੋਮੀਟਰ ਮੋਟਰਸਾਈਕਲ 8 ਦਿਨਾਂ ਤਕ ਚਲਾਇਆ। ਇਸ ਵਿਚ 1800 ਫੁੱਟ ਦਾ ਪਹਾੜੀ ਰਸਤਾ ਵੀ ਸ਼ਾਮਲ ਸੀ। ਇਸ ਸਮੇਂ ਉਹ ਸੋਨੀਪਤ ਵਿਖੇ ਮੁੱਖ ਕੋਚ ਹੈ ਅਤੇ ਬਾਈਕਿੰਗ ਸਮੇਤ ਕਈ ਸੰਸਥਾਵਾਂ ਨਾਲ ਜੁੜੀ ਹੋਈ ਹੈ। ਦੀਪਾ ਭਾਰਤ ਸਮੇਤ ਸੰਸਾਰ ਵਿਚ ਨਾਰੀ ਸ਼ਕਤੀ ਦਾ ਉਜਵਲ ਬਿੰਬ ਬਣ ਗਈ ਹੈ। ਨਿਰਸੰਦੇਹ ਦੀਪਾ ਨੇ ਭਾਰਤ ਦਾ ਮਾਣ ਵਧਾਇਆ ਹੈ।

ਪਿਤਾ ਤੇ ਪਤੀ ਦਾ ਸਹਿਯੋਗ

ਦੀਪਾ ਮਲਿਕ ਦੇ ਪਿਤਾ ਕਰਨਲ ਬਿਕਰਮ ਸਿੰਘ ਨੇ ਉਸ ਨੂੰ ਅਨੁਸ਼ਾਸਨ ਤੇ ਆਸ਼ਾਵਾਦੀ ਨਜ਼ਰੀਆ ਦਿੱਤੀ। 1999 ਵਿਚ ਲਗਾਤਾਰ ਰੀੜ੍ਹ ਦੀ ਹੱਡੀ 'ਚ ਦਰਦ ਰਹਿਣ 'ਤੇ ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਦੀਪਾ ਸਪਾਈਨਲ ਟਿਊਮਰ ਤੋਂ ਪੀੜਤ ਹੈ। ਤਿੰਨ ਸਰਜੀਆਂ ਤੋਂ ਬਾਅਦ ਪਤਾ ਚੱਲਿਆ ਕਿ ਉਹ ਹੁਣ ਚੱਲ-ਫਿਰ ਨਹੀਂ ਸਕੇਗੀ। ਇਕ ਪਾਸੇ ਉਹ ਜਿੱਥੇ ਰੀੜ੍ਹ ਦੀ ਹੱਡੀ ਦੇ ਅਸਹਿ ਦਰਦ ਦਾ ਸਾਹਮਣਾ ਕਰ ਰਹੀ ਸੀ ਉੱਥੇ ਉਸ ਦਾ ਪਤੀ ਕਾਰਗਿਲ ਵਿਖੇ ਦੇਸ਼ ਲਈ ਲੜਾਈ ਲੜ ਰਿਹਾ ਸੀ। ਜਦੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਤਾਂ ਉਸ ਨੇ ਪਤੀ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਹੁਣ ਕਦੇ ਚੱਲ-ਫਿਰ ਨਹੀਂ ਸਕੇਗੀ। ਉਸ ਦੇ ਪਤੀ ਨੇ ਯੁੱਧ ਭੂਮੀ ਕਾਰਗਿਲ ਤੋਂ ਜਵਾਬ ਦਿੱਤਾ ਕਿ ਹੁਣ ਉਹ ਉਸ ਦੀ ਬਾਹਾਂ 'ਚ ਸਦਾ ਸੁਰਿੱਖਅਤ ਰਹੇਗੀ।

ਪ੍ਰੋ. ਜਤਿੰਦਰਬੀਰ ਸਿੰਘ ਨੰਦਾ

98152-55295

Posted By: Harjinder Sodhi