ਹਾਂਗਕਾਂਗ (ਪੀਟੀਆਈ) : ਵਿਸ਼ਵ ਚੈਂਪੀਅਨ ਪੀਵੀ ਸਿੰਧੂ ਤੇ ਐੱਚਐੱਸ ਪ੍ਰਣਯ ਨੇ ਹਾਂਗਕਾਂਗ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ ਪਰ ਭਾਰਤੀ ਸਟਾਰ ਸਾਇਨਾ ਨੇਹਵਾਲ ਤੇ ਸਮੀਰ ਵਰਮਾ ਬੁੱਧਵਾਰ ਨੂੰ ਇੱਥੇ ਪਹਿਲੇ ਹੀ ਗੇੜ 'ਚ ਹਾਰ ਕੇ ਬਾਹਰ ਹੋ ਗਏ। ਪਿਛਲੇ ਕੁਝ ਟੂਰਨਾਮੈਂਟਾਂ ਵਿਚ ਪਹਿਲੇ ਗੇੜ 'ਚੋਂ ਬਾਹਰ ਹੋਈ ਸਿੰਧੂ ਨੇ 36 ਮਿੰਟ ਅੰਦਰ ਦੁਨੀਆ ਦੀ 19ਵੇਂ ਨੰਬਰ ਦੀ ਖਿਡਾਰਨ ਕੋਰੀਆ ਦੀ ਕਿਮ ਗਾ ਯੂਨ ਨੂੰ 21-15, 21-16 ਨਾਲ ਹਰਾ ਕੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿਚ ਥਾਂ ਬਣਾਈ। ਹੁਣ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਸਿੰਧੂ ਦਾ ਸਾਹਮਣਾ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨਾਲ ਹੋਵੇਗਾ। ਮਰਦ ਸਿੰਗਲਜ਼ ਵਿਚ ਪ੍ਰਣਯ ਵੀ ਪਹਿਲੇ ਗੇੜ ਦਾ ਅੜਿੱਕਾ ਪਾਰ ਕਰਨ 'ਚ ਕਾਮਯਾਬ ਰਹੇ। ਉਨ੍ਹਾਂ ਨੇ ਚੀਨ ਦੇ ਹੁਆਂਗ ਯੂ ਸ਼ਿਯਾਂਗ ਨੂੰ 44 ਮਿੰਟ ਤਕ ਚੱਲੇ ਮੁਕਾਬਲੇ ਵਿਚ 21-17, 21-17 ਨਾਲ ਹਰਾਇਆ। ਉਹ ਅਗਲੇ ਗੇੜ ਵਿਚ ਇੰਡੋਨੇਸ਼ੀਆ ਦੇ ਛੇਵਾਂ ਦਰਜਾ ਜੋਨਾਥਨ ਕ੍ਰਿਸਟੀ ਨਾਲ ਭਿੜਨਗੇ। ਉਥੇ ਅੱਠਵਾਂ ਦਰਜਾ ਸਾਇਨਾ ਪਿਛਲੇ ਛੇ ਟੂਰਨਾਮੈਂਟਾਂ ਵਿਚ ਪੰਜਵੀਂ ਵਾਰ ਪਹਿਲੇ ਗੇੜ 'ਚ ਹਾਰ ਗਈ। ਇਸ ਸਾਲ ਜਨਵਰੀ ਵਿਚ ਇੰਡੋਨੇਸ਼ੀਆ ਮਾਸਟਰਜ਼ ਦਾ ਖ਼ਿਤਾਬ ਜਿੱਤਣ ਵਾਲੀ ਸਾਇਨਾ ਨੂੰ ਚੀਨ ਦੀ ਕੇਈ ਯਾਨ ਯਾਨ ਨੇ ਲਗਾਤਾਰ ਦੂਜੀ ਵਾਰ 21-13, 22-20 ਨਾਲ ਹਰਾਇਆ। ਪਿਛਲੇ ਹਫ਼ਤੇ ਉਹ ਚੀਨ ਓਪਨ ਵਿਚ ਕੇਈ ਹੱਥੋਂ ਹਾਰੀ ਸੀ। ਦੁਨੀਆ ਦੇ 16ਵੇਂ ਨੰਬਰ ਦੇ ਖਿਡਾਰੀ ਸਮੀਰ 54 ਮਿੰਟ ਤਕ ਚੱਲੇ ਮੁਕਾਬਲੇ ਵਿਚ ਚੀਨੀ ਤਾਇਪੇ ਦੇ ਵਾਂਗਜੂ ਵੇਈ ਹੱਥੋਂ 11-21, 21-13, 8-21 ਨਾਲ ਹਾਰ ਗਏ। ਇਹ ਪਹਿਲੇ ਗੇੜ ਵਿਚ ਉਨ੍ਹਾਂ ਦੀ ਲਗਾਤਾਰ ਤੀਜੀ ਹਾਰ ਹੈ। ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦੀ ਮਹਿਲਾ ਜੋੜੀ ਵੀ ਪਹਿਲੇ ਗੇੜ ਵਿਚ ਅੱਗੇ ਵਧਣ ਵਿਚ ਨਾਕਾਮ ਰਹੀ। ਭਾਰਤੀ ਜੋੜੀ ਨੂੰ ਮਾਈਕੇਨ ਫਰੂਰਗਾਰਡ ਤੇ ਸਾਰਾ ਥਿਗੇਸਨ ਦੀ ਡੈਨਮਾਰਕ ਦੀ ਜੋੜੀ ਖ਼ਿਲਾਫ਼ 13-21, 12-21 ਨਾਲ ਹਾਰ ਸਹਿਣੀ ਪਈ।

ਪੀਬੀਐੱਲ-5 ਦੀ ਸ਼ੁਰੂਆਤ 20 ਜਨਵਰੀ ਤੋਂ

ਵਿਸ਼ਵ ਚੈਂਪੀਅਨ ਪੀਵੀ ਸਿੰਧੂ ਸਮੇਤ ਬੈਡਮਿੰਟਨ ਦੀ ਦੁਨੀਆ ਦੇ ਚੋਟੀ ਦੇ ਖਿਡਾਰੀ 20 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਅੱਠ ਟੀਮਾਂ ਦੀ ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐੱਲ) ਦੇ ਪੰਜਵੇਂ ਐਡੀਸ਼ਨ ਵਿਚ ਸ਼ਿਰਕਤ ਕਰਨਗੇ। ਨੌਂ ਫਰਵਰੀ ਨੂੰ ਸਮਾਪਤ ਹੋਣ ਵਾਲਾ ਅਗਲਾ ਐਡੀਸ਼ਨ ਇਸ ਵਾਰ ਚੇਨਈ ਦਿੱਲੀ, ਲਖਨਊ ਤੇ ਬੈਂਗਲੁਰੂ ਵਿਚ ਕਰਵਾਇਆ ਜਾਵੇਗਾ। ਕਿਦਾਂਬੀ ਸ਼੍ਰੀਕਾਂਤ ਦੀ ਅਗਵਾਈ ਵਾਲੀ ਬੈਂਗਲੁਰੂ ਰੈਪਰਟਸ ਨੇ ਪਿਛਲੇ ਗੇੜ ਵਿਚ ਟਰਾਫੀ ਆਪਣੇ ਨਾਂ ਕੀਤੀ ਸੀ। ਪਿਛਲੇ ਹੋਰ ਜੇਤੂਆਂ ਵਿਚ ਹੈਦਰਾਬਾਦ ਹੰਟਰਜ਼, ਚੇਨਈ ਸਮੈਸ਼ਰਜ਼, ਦਿੱਲੀ ਡੈਸ਼ਰਜ਼ ਤੇ ਹੈਦਰਾਬਾਦ ਹਾਟਸ਼ਾਟਜ਼ ਸ਼ਾਮਲ ਹੈ।