ਜਤਿੰਦਰ ਪੰਮੀ, ਜਲੰਧਰ : ਸਾਈਕਲ ਚਲਾਉਣ 'ਚ ਕਈ ਰਿਕਾਰਡ ਬਣਾ ਚੁੱਕੇ ਅਮਨਪ੍ਰੀਤ ਸਿੰਘ ਭਿੰਡਰ ਉਰਫ ਹਨੀ ਭਿੰਡਰ ਨੇ ਸਾਈਕਲਿਸਟ ਦੀ ਕੌਮਾਂਤਰੀ ਸੰਸਥਾ ਸਟਰਾਵਾ ਵੱਲੋਂ ਜੂਨ ਮਹੀਨੇ ਦੌਰਾਨ ਕਰਵਾਏ ਗਏ ਵੱਖ-ਵੱਖ ਸਾਈਕਲ ਰੇਸ ਮੁਕਾਬਲਿਆਂ 'ਚ ਜਿੱਤਾਂ ਦਰਜ ਕਰਦਿਆਂ ਭਾਰਤ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਇਕ ਹੋਰ ਉਪਲਬਧੀ ਹਾਸਲ ਕਰਦਿਆਂ ਹਨੀ ਭਿੰਡਰ ਨੇ ਸਟਰਾਵਾ ਇੰਡੀਅਨ ਦੇ ਮੁਕਾਬਲਿਆਂ 'ਚ ਹਾਸਲ ਕੀਤੀਆਂ ਜਿੱਤਾਂ ਸਦਕਾ ਲਗਾਤਾਰ ਤੀਸਰੇ ਸਾਲ ਪਹਿਲੀ ਪੁਜ਼ੀਸ਼ਨ ਜਿੱਤ ਕੇ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ ਹੈ। 2015 ਤੋਂ ਸਾਈਕਲਿੰਗ ਕਰਨ ਵਾਲੇ ਹਨੀ ਭਿੰਡਰ ਨੇ ਨੋਇਡਾ ਰੈਂਡੋਨਿਓਰਜ਼ ਤੇ ਦਿੱਲੀ ਰੈਂਡੋਨਿਓਰਜ਼ ਵੱਲੋਂ ਕਰਵਾਏ ਗਏ 1400 ਕਿਲੋਮੀਟਰ ਬ੍ਰੀਵੇਟ ਮੁਕਾਬਲੇ ਵਿਚ ਦੋ ਵਾਰ ਜਿੱਤ ਹਾਸਲ ਕੀਤੀ ਹੋਈ ਹੈ। ਇਸ ਤੋਂ ਇਲਾਵਾ 2018 ਵਿਚ ਹਾਕ ਰਾਈਡਰਜ਼ ਜਲੰਧਰ ਵੱਲੋਂ ਕਰਵਾਏ ਗਏ 1000 ਕਿਲੋਮੀਟਰ ਬ੍ਰੀਵੇਟ ਮੁਕਾਬਲੇ ਵਿਚੋਂ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਸਬੰਧੀ ਵਧੇਰੇ ਗੱਲਬਾਤ ਕਰਦਿਆਂ ਹਾਕ ਰਾਈਡਰਜ਼ ਕਲੱਬ ਜਲੰਧਰ ਦੇ ਪ੍ਰਧਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਹਨੀ ਭਿੰਡਰ ਹੁਣ ਤਕ 70,000 ਕਿਲੋਮੀਟਰ ਦੇ ਕਰੀਬ ਸਾਈਕਲ ਚਲਾ ਚੁੱਕੇ ਹਨ ਅਤੇ ਇਕ ਦਿਨ ਵਿਚ 375 ਕਿਲੋਮੀਟਰ ਸਾਈਕਲ ਚਲਾ ਕੇ ਸਭ ਤੋਂ ਲੰਮੀ ਸਾਈਕਲ ਰਾਈਡ ਜਿੱਤਣ ਦਾ ਮਾਣ ਵੀ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹਾਕ ਰਾਈਡਰਜ਼ ਜਲੰਧਰ ਦੇ 30 ਮੈਂਬਰ ਹਨ, ਜਿਨ੍ਹਾਂ ਵਿਚ ਹਨੀ ਭਿੰਡਰ ਸਭ ਤੋਂ ਵੱਧ ਸਾਈਕਲਿੰਗ ਕਰਨ ਵਾਲੇ ਰਾਈਡਰ ਬਣ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਟਰਾਵਾ ਇੰਡੀਆ ਸਾਈਕਲਿੰਗ ਦੀ ਜੂਨ ਮਹੀਨੇ ਦੀ ਰੈਂਕਿੰਗ 'ਚ ਦੇਸ਼ ਵਿਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਗੁਰਪ੍ਰਰੀਤ ਸਿੰਘ ਵੀ ਜਲੰਧਰ ਨਾਲ ਹੀ ਸਬੰਧਤ ਹਨ। ਰੋਹਿਤ ਸ਼ਰਮਾ ਨੇ ਕਿਹਾ ਕਿ ਹਾਕ ਰਾਈਡਰਜ਼ ਕਲੱਬ ਨੇ ਹਨੀ ਭਿੰਡਰ ਹੁਰਾਂ ਦੀ ਇਸ ਉਪਲੱਬਧੀ 'ਤੇ ਵਧਾਈ ਦਿੱਤੀ ਹੈ।

ਜੂਨ 'ਚ ਜਿੱਤੇ ਸਾਈਕਲ ਮੁਕਾਬਲੇ

ਹਨੀ ਭਿੰਡਰ ਨੇ ਜੂਨ ਮਹੀਨੇ ਦੌਰਾਨ ਆਨਲਾਈਨ ਕਰਵਾਏ ਗਏ ਸਾਈਕਲਿੰਗ ਮੁਕਾਬਲਿਆਂ 'ਚ ਹਿੱਸਾ ਲਿਆ ਹੈ। ਇਨ੍ਹਾਂ ਮੁਕਾਬਲਿਆਂ 'ਚ ਜੁਲਾਈ ਗਰਾਨ ਫੋਂਡੋ, ਜੂਨ ਸਾਈਕਲਿੰਗ ਕਲਾਈਮਬਿੰਗ, ਜੂਨ ਸਾਈਕਲਿੰਗ ਡਿਸਟੈਂਸ, ਸਟਰਾਵਾ ਜਾਪਾਨ ਕਲੱਬ, ਜੂਨ ਸਾਈਕਲਿੰਗ ਚੈਲੇਂਜ, ਫਿਊਚਰਮ ਪ੍ਰਰੋਫਾਰਮੈਂਸ, ਲੀ ਕੋਲ ਫਾਸਟਰ ਫਰਦਰ 400, ਟੂਰ ਡੂ ਫਰੈੱਡ 600 ਕਿ.ਮੀ., ਜੂਨ ਗਰਾਨ ਫੋਂਡੋ, ਕਲਿਫ ਬਿਲਡਰਜ਼ ਚੈਲੇਂਜ, ਏ ਚੈਲੇਂਜ ਬਾਈ ਕੇਟ ਕੋਰਟਨੀ, ਨੂਜ਼ੈਸਟ ਥਰਾਈਵ ਵਰਸਿਸ ਸਰਵਾਈਵ, ਨੂਜ਼ੈਸਟ ਸਟਰਾਈਵ ਐਂਡ ਥਰਾਈਵ ਚੈਲੇਂਜ, ਟਰਾਈਬ ਰਾਈਡ 100 ਫਾਰ ਲਵ, ਫਿਊਚਰਮ ਸ਼ਾਪ 125 ਕਿ. ਮੀ. ਸ਼ਾਮਲ ਹਨ।

ਨਵਾਂ ਰਿਕਾਰਡ ਬਣਾਉਣ 'ਚ ਲੱਗੇ ਹਨੀ ਭਿੰਡਰ

ਰੋਹਿਤ ਸ਼ਰਮਾ ਨੇ ਦੱਸਿਆ ਕਿ ਹਨੀ ਭਿੰਡਰ ਪਿਛਲੇ 54 ਦਿਨਾਂ ਤੋਂ ਰੋਜ਼ਾਨਾ 100 ਕਿਲੋਮੀਟਰ ਸਾਈਕਲ ਚਲਾ ਰਹੇ ਹਨ ਅਤੇ ਹੁਣ ਤਕ 5400 ਕਿਲੋਮੀਟਰ ਸਾਈਕਲ ਚਲਾ ਚੁੱਕੇ ਹਨ। ਉਨ੍ਹਾਂ ਨੇ 365 ਦਿਨ (ਪੂਰਾ ਸਾਲ) ਰੋਜ਼ਾਨਾ 100 ਕਿਲੋਮੀਟਰ ਸਾਈਕਲ ਚਲਾਉਣ ਦਾ ਰਿਕਾਰਡ ਬਣਾਉਣ ਦਾ ਟੀਚਾ ਮਿਥਿਆ ਹੈ।