ਨਾਭਾ (ਜੇਐੱਨਐੱਨ) : ਕੋਰ ਆਫ ਸਿਗਨਲਜ਼ ਜਲੰਧਰ ਨੇ ਸ਼ਨਿਚਰਵਾਰ ਨੂੰ ਪੰਜਾਬ ਐਂਡ ਸਿੰਧ ਬੈਂਕ ਨਵੀਂ ਦਿੱਲੀ ਨੂੰ 2-1 ਨਾਲ ਹਰਾ ਕੇ 44ਵਾਂ ਜੀਐੱਸ ਬੈਂਸ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਜਿੱਤ ਲਿਆ ਹੈ। ਸਥਾਨਕ ਸਰਕਾਰੀ ਰਿਪੁਦਮਨ ਕਾਲਜ 'ਚ ਹੋਏ ਫਾਈਨਲ ਮੁਕਾਬਲੇ ਦੇ 37ਵੇਂ ਮਿੰਟ ਵਿਚ ਬੈਂਕ ਦੇ ਅਰਿਜੀਤ ਸਿੰਘ ਨੇ ਫੀਲਡ ਗੋਲ ਕਰ ਕੇ ਆਪਣੀ ਟੀਮ ਨੂੰ 1-0 ਨਾਲ ਬੜ੍ਹਤ ਦਿਵਾਈ।

ਮੈਚ ਦੇ 51ਵੇਂ ਮਿੰਟ 'ਚ ਸਿਗਨਲਜ਼ ਦੇ ਦੀਪਕ ਪਾਲ ਨੇ ਅਰੁਣ ਕੁਮਾਰ ਨੂੰ ਚੰਗਾ ਪਾਸ ਦਿੱਤਾ ਤੇ ਅਰੁਣ ਕੁਮਾਰ ਨੇ ਬਿਨਾਂ ਗ਼ਲਤੀ ਕੀਤੇ ਸ਼ਾਨਦਾਰ ਗੋਲ ਕਰ ਕੇ ਮੈਚ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਉਸ ਤੋਂ ਬਾਅਦ ਸਿਗਨਲਜ਼ ਦੇ ਰਾਹੁਲ ਸਿੰਘ ਨੇ 25 ਗਜ਼ ਦੇ ਘੇਰੇ ਵਿਚ ਵਿਰੋਧੀ ਗੋਲਕੀਪਰ ਅੰਕਿਤ ਮਲਿਕ ਨੂੰ ਭੁਲੇਖਾ ਦਿੰਦੇ ਹੋਏ ਗੋਲ ਕਰ ਕੇ ਆਪਣੀ ਟੀਮ ਨੂੰ ਮੁੜ ਬੜ੍ਹਤ ਦਿਵਾ ਦਿੱਤੀ। ਦੋਵਾਂ ਟੀਮਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਚ ਦੇ ਆਖ਼ਰ ਤਕ ਗੋਲ ਦੀ ਇਹੀ ਸਥਿਤੀ ਰਹੀ।

ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਸੁਪਰੀਮ ਸਿੰਘ ਘੁੰਮਣ ਨੇ ਜੇਤੂ ਜਲੰਧਰ ਦੀ ਟੀਮ ਨੂੰ ਇਕ ਲੱਖ ਰੁਪਏ ਤੇ ਉੱਪ ਜੇਤੂ ਨਵੀਂ ਦਿੱਲੀ ਨੂੰ 50 ਹਜ਼ਾਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਪੰਜਾਬ ਮੀਡੀਅਮ ਇੰਡਸਟ੍ਰੀਜ਼ ਦੇ ਸੀਨੀਅਰ ਵਾਈਸ ਚੇਅਰਮੈਨ ਪਰਮਜੀਤ ਸਿੰਘ ਬੱਤਰਾ ਮੌਜੂਦ ਸਨ।