ਮਾਨ ਸਿੰਘ, ਮੀਆਂਵਿੰਡ : ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਮੈਦਾਨ 'ਚ ਹਾਕੀ ਪੰਜਾਬ ਦੀ ਸਬ-ਜੂਨੀਅਰ ਚੈਂਪੀਅਨਸ਼ਿਪ ਦੇ ਐਤਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ 'ਚ ਲੁਧਿਆਣਾ ਅਤੇ ਤਰਤਾਰਨ ਦੀ ਟੀਮ ਦੇ ਬਰਾਬਰ ਰਹੀਆਂ ਜਿਸ ਤੋਂ ਬਾਅਦ ਲੁਧਿਆਣਾ ਦੀ ਟੀਮ ਨੇ ਪੈਨਲਟੀ ਸ਼ੂਟਆਊਟ 'ਚ 4-3 ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ ਪਰ ਕੋਈ ਵੀ ਟੀਮ ਗੋਲ ਨਾ ਕਰ ਸਕੀ। ਪੈਨਲਟੀ ਸ਼ੂਟਆਊਟ ਦੌਰਾਨ ਲੁਧਿਆਣਾ ਦਾ ਗੋਲਕੀਪਰ ਦੋ ਸ਼ਾਟ ਰੋਕਣ ਵਿਚ ਕਾਮਯਾਬ ਰਿਹਾ ਅਤੇ ਚਾਰ ਗੋਲ ਕਰਨ ਵਿਚ ਲੁਧਿਆਣਾ ਦੇ ਖਿਡਾਰੀ ਕਾਮਯਾਬ ਰਹੇ। ਲੁਧਿਆਣਾ ਵੱਲੋਂ ਅਰਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਹਰਪ੍ਰਰੀਤ ਸਿੰਘ ਅਤੇ ਨਵਜੋਤ ਸਿੰਘ ਨੇ ਗੋਲ ਕੀਤੇ ਜਦਕਿ ਤਰਨਤਾਰਨ ਵੱਲੋਂ ਜਸਪਾਲ ਸਿੰਘ ਅਤੇ ਸਵਰਾਜ ਸਿੰਘ ਨੇ ਗੋਲ ਕੀਤੇ। ਲੁਧਿਆਣਾ ਦੇ ਗੋਲਕੀਪਰ ਪਿ੍ਰੰਸਦੀਪ ਸਿੰਘ ਨੂੰ ਮੈਨ ਆਫ ਦਾ ਮੈਚ ਕਰਾਰ ਦਿੱਤਾ ਗਿਆ। ਟੂਰਨਾਮੈਂਟ ਦੌਰਾਨ ਜਲੰਧਰ ਦੀ ਟੀਮ ਮੁਹਾਲੀ ਨੂੰ ਹਰਾ ਕੇ ਤੀਜੇ ਸਥਾਨ 'ਤੇ ਰਹੀ। ਇਸ ਤੋਂ ਪਹਿਲਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਹਾਕੀ ਕਪਤਾਨ ਅਤੇ ਵਿਧਾਇਕ ਪਦਮਸ੍ਰੀ ਪਰਗਟ ਸਿੰਘ ਨੇ ਕਿਹਾ ਕਿ ਸਾਨੂੰ ਇਕ ਖਿਡਾਰੀ ਦੇ ਨਾਲ-ਨਾਲ ਚੰਗੇ ਇਨਸਾਨ ਬਣਨ ਵੱਲ ਵੀ ਤੁਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਦਾ ਮਨੁੱਖ ਦੇ ਬਿਹਤਰ ਇਨਸਾਨ ਬਣਨ ਵਿਚ ਬਹੁਤ ਵੱਡਾ ਯੋਗਦਾਨ ਹੈ ਅਤੇ ਖਿਡਾਰੀ ਹੋਣ ਦੇ ਨਾਲ-ਨਾਲ ਸਾਨੂੰ ਵਿੱਦਿਆ ਵੀ ਕਦੇ ਨਹੀਂ ਵਿਸਾਰਨੀ ਚਾਹੀਦੀ। ਬਾਬਾ ਸੇਵਾ ਸਿੰਘ ਅਤੇ ਪਰਗਟ ਸਿੰਘ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਭੇਟ ਕੀਤੀਆਂ। ਇਸ ਮੌਕੇ ਵੱਖ-ਵੱਖ ਟੀਮਾਂ ਦੇ ਕੋਚਾਂ, ਪਤਵੰਤੇ ਸੱਜਣਾਂ, ਟੂਰਨਾਮੈਂਟ ਡਾਇਰੈਕਟਰ ਗੁਰਮੀਤ ਸਿੰਘ ਅਤੇ ਮੈਡਮ ਜੋਤੀ ਨੂੰ ਵੀ ਸਨਮਾਨਿਤ ਕੀਤਾ ਗਿਆ। ਆਖ਼ਰ 'ਚ ਪਦਮਸ੍ਰੀ ਬਾਬਾ ਸੇਵਾ ਸਿੰਘ ਹੁਰਾਂ ਨੇ ਪਦਮਸ੍ਰੀ ਪਰਗਟ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਬਾਬਾ ਬਲਦੇਵ ਸਿੰਘ, ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਦੇ ਡਾਇਰੈਕਟਰ ਸੰਦੀਪ ਸਿੰਘ ਰੰਧਾਵਾ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਭਾਪਾ, ਹਰਚਰਨ ਸਿੰਘ ਖਡੂਰ ਸਾਹਿਬ, ਸਵਿੰਦਰ ਸਿੰਘ, ਪਿ੍ਤਪਾਲ ਸਿੰਘ, ਬਾਬਾ ਮਹਿੰਦਰ ਸਿੰਘ ਭੈਲ, ਕੋਚ ਬਲਵਿੰਦਰ ਸਿੰਘ ਅਤੇ ਜਸਪਾਲ ਸਿੰਘ ਮੌਜੂਦ ਸਨ।