ਜਤਿੰਦਰ ਪੰਮੀ, ਜਲੰਧਰ : ਜਲੰਧਰ ਦੀਆਂ ਕੁੜੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਸੀਨੀਅਰ ਵਰਗ ਦਾ ਖ਼ਿਤਾਬ ਜਿੱਤ ਲਿਆ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੀ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਲੜਕੀਆਂ ਦੇ ਸੀਨੀਅਰ ਵਰਗ ਦੇ ਫਾਈਨਲ 'ਚ ਜਲੰਧਰ ਨੇ ਅੰਮਿ੍ਤਸਰ ਨੂੰ 2-0 ਨਾਲ ਮਾਤ ਦਿੱਤੀ।

ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਡਾਕਟਰ ਮਨਿੰਦਰ ਕੌਰ ਨੇ ਕੀਤੀ ਜਦਕਿ ਦਲਜੀਤ ਸਿੰਘ ਅੰਤਰਰਾਸ਼ਟਰੀ ਖਿਡਾਰੀ ਅਤੇ ਖ਼ਜ਼ਾਨਚੀ ਹਾਕੀ ਪੰਜਾਬ, ਰਿਪੁਦਮਨ ਕੁਮਾਰ ਸਿੰਘ ਅੰਤਰਰਾਸ਼ਟਰੀ ਖਿਡਾਰੀ, ਰੇਨੂ ਬਾਲਾ ਅੰਤਰਰਾਸ਼ਟਰੀ ਖਿਡਾਰੀ ਨੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕੀਤੀ।

ਇਸ ਮੌਕੇ ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਮਹਿਲਾ ਹਾਕੀ ਨੂੰ ਉਪਰ ਚੁੱਕਣ ਲਈ ਹੰਭਲੇ ਮਾਰੇ ਜਾਣਗੇ ਤਾਂ ਜੋ ਪੰਜਾਬ ਦੀ ਮਹਿਲਾ ਹਾਕੀ ਰਾਸ਼ਟਰੀ ਪੱਧਰ 'ਤੇ ਹੋਰ ਬਿਹਤਰ ਪ੍ਰਦਰਸ਼ਨ ਕਰ ਸਕੇ। ਸੀਨੀਅਰ ਮੈਚਾਂ ਦਾ ਉਦਘਾਟਨ ਡਾਕਟਰ ਕੁਲਵੰਤ ਸਿੰਘ ਕੇਜੀਐੱਮ ਹਸਪਤਾਲ ਨੇ ਕੀਤਾ।

ਸੈਮੀਫਾਈਨਲ ਵਿਚ ਜਲੰਧਰ ਨੇ ਲੁਧਿਆਣਾ ਨੂੰ 4-0 ਨਾਲ ਅਤੇ ਅੰਮਿ੍ਤਸਰ ਨੇ ਗੁਰਦਾਸਪੁਰ ਨੂੰ 5-0 ਨਾਲ ਮਾਤ ਦਿੱਤੀ। 24 ਨਵੰਬਰ ਨੂੰ ਜੂਨੀਅਰ ਲੜਕੀਆਂ ਦੇ ਵਰਗ ਦੇ ਮੈਚ ਖੇਡੇ ਜਾਣਗੇ। ਅੱਜ ਦੇ ਮੈਚਾਂ ਸਮੇਂ ਮਨਜੀਤ ਸਿੰਘ ਕਪੂਰ, ਓਲੰਪੀਅਨ ਵਰਿੰਦਰ ਸਿੰਘ, ਗੁਰਦੇਵ ਸਿੰਘ, ਗੁਰਮੀਤ ਸਿੰਘ ਮੀਤਾ, ਕੁਲਬੀਰ ਸਿੰਘ ਸੈਣੀ, ਪਰਮਿੰਦਰ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।