ਪੰਜਾਬੀ ਜਾਗਰਣ ਕੇਂਦਰ, ਜਲੰਧਰ : ਕੁਝ ਵਿਅਕਤੀਆਂ ਵੱਲੋਂ 10-11 ਅਪ੍ਰਰੈਲ ਨੂੰ ਜਲੰਧਰ ਵਿਖੇ ਕਰਵਾਈ ਜਾ ਰਹੀ ਮਾਸਟਰਜ਼ ਹਾਕੀ ਚੈਂਪੀਅਨਸ਼ਿਪ ਨਾਲ ਹਾਕੀ ਪੰਜਾਬ ਦਾ ਕੋਈ ਸਬੰਧ ਨਹੀਂ ਹੈ। ਇਸ ਸਬੰਧੀ ਬਿਆਨ ਜਾਰੀ ਕਰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਅਖੌਤੀ ਪੰਜਾਬ ਚੈਂਪੀਅਨਸ਼ਿਪ ਕਰਵਾਉਣ ਸਬੰਧੀ ਕੁਝ ਵਿਅਕਤੀਆਂ ਤੋਂ ਜਾਣਕਾਰੀ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਵੱਖ-ਵੱਖ ਜ਼ਿਲਿ੍ਹਆਂ 'ਚ ਸਾਬਕਾ ਹਾਕੀ ਖਿਡਾਰੀਆਂ ਨੂੰ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਸਪੰਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਇਹ ਨਾ ਤਾਂ ਹਾਕੀ ਪੰਜਾਬ ਤੋਂ ਮਾਨਤਾ ਪ੍ਰਰਾਪਤ ਹੈ ਅਤੇ ਨਾ ਹੀ ਹਾਕੀ ਇੰਡੀਆ ਤੋਂ। ਉਨ੍ਹਾਂ ਕਿਹਾ ਕਿ ਮਾਸਟਰਜ਼ ਹਾਕੀ ਇਸ ਸਮੇਂ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਅਧੀਨ ਹੈ। ਇਸ ਕਰਕੇ ਹਾਕੀ ਇੰਡੀਆ ਵੱਲੋਂ ਇਸ ਸਬੰਧੀ ਮਾਸਟਰਜ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿਚ ਪਰਗਟ ਸਿੰਘ ਮੈਂਬਰ ਵੀ ਹਨ। ਹਾਕੀ ਇੰਡੀਆ ਵਲੋਂ ਇਸ ਸਬੰਧ ਵਿਚ ਰਾਸ਼ਟਰੀ ਹਾਕੀ ਚੈਪੀਅਨਸ਼ਿਪ ਕਰਵਾਉਣ ਦਾ ਵੀ ਪ੍ਰਸਤਾਵ ਹੈ।

ਹਿੱਸਾ ਲੈਣ 'ਤੇ ਕੀਤੀ ਜਾਵੇਗੀ ਕਾਰਵਾਈ

ਹਾਕੀ ਪੰਜਾਬ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਹਾਕੀ ਪੰਜਾਬ ਨਾਲ ਸਬੰਧਤ ਵਿਅਕਤੀ, ਖਿਡਾਰੀ, ਅੰਪਾਇਰ, ਟੈਕਨੀਕਲ ਅਧਿਕਾਰੀ, ਕੋਚ ਜਾਂ ਮੈਨੇਜਰ ਮਾਸਟਰਜ਼ ਹਾਕੀ ਚੈਂਪੀਅਨਸ਼ਿਪ 'ਚ ਹਿੱਸਾ ਨਾ ਲਵੇ। ਹਿੱਸਾ ਲੈਣ ਵਾਲੇ ਖ਼ਿਲਾਫ਼ ਹਾਕੀ ਇੰਡੀਆ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।