ਨਵੀਂ ਦਿੱਲੀ (ਪੀਟੀਆਈ) : ਹਾਕੀ ਇੰਡੀਆ ਨੇ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰ ਵਿਚ ਕੰਮ ਕਰਨ ਵਾਲੇ ਕੋਰੋਨਾ ਵਾਇਰਸ ਨਾਲ ਪੀੜਤ ਰਸੋਈਏ ਦੀ ਮੌਤ ਦੇ ਬਾਵਜੂਦ ਬੁੱਧਵਾਰ ਨੂੰ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀਆਂ ਮਰਦ ਤੇ ਮਹਿਲਾ ਹਾਕੀ ਟੀਮਾਂ ਦੀ ਥਾਂ ਬਦਲਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਕਿੁਉਂਕਿ ਉਹ ਖਿਡਾਰੀਆਂ ਦੇ ਸੰਪਰਕ ਵਿਚ ਨਹੀਂ ਸੀ। ਚੋਟੀ ਦੇ ਅਧਿਕਾਰੀ ਮੁਤਾਬਕ ਰਸੋਈਏ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋਇਆ ਤੇ ਬਾਅਦ ਵਿਚ ਉਹ ਕੋਰੋਨਾ ਵਾਇਰਸ ਲਈ ਪਾਜ਼ੀਟਿਵ ਪਾਇਆ ਗਿਆ। ਅਧਿਕਾਰੀ ਨੇ ਹਾਲਾਂਕਿ ਕਿਹਾ ਕਿ ਡਰਨ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਮਿ੍ਤਕ ਨੂੰ ਖਿਡਾਰੀਆਂ ਦੇ ਰਹਿਣ ਦੀ ਥਾਂ 'ਤੇ ਜਾਣ ਦੀ ਇਜਾਜ਼ਤ ਨਹੀਂ ਸੀ। ਹਾਕੀ ਇੰਡੀਆ ਦੀ ਸੀਈਓ ਏਲਿਨਾ ਨਾਰਮਨ ਨੇ ਕਿਹਾ ਕਿ ਟੀਮਾਂ ਨੂੰ ਬੈਂਗਲੁਰੂ ਤੋਂ ਹਟਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇੱਥੇ ਦੇਸ਼ ਵਿਚ ਸਰਬੋਤਮ ਸਹੂਲਤ ਹੈ। ਜੇ ਅਸੀਂ ਅਜਿਹਾ ਕਰਨ ਬਾਰੇ ਸੋਚਦੇ ਵੀ ਹਾਂ ਤਾਂ ਵੀ ਦੇਸ਼ ਵਿਚ ਜਾਰੀ ਲਾਕਡਾਊਨ ਕਾਰਨ ਇਹ ਨਾਮੁਮਕਿਨ ਹੋਵੇਗਾ। ਉਥੇ ਸਾਈ ਦੇ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਇਕ ਰਸੋਈਆ, ਜੋ ਲਗਭਗ 60 ਕਰਮਚਾਰੀਆਂ ਦਾ ਹਿੱਸਾ ਸੀ ਜਿਨ੍ਹਾਂ ਨੂੰ ਵੱਧ ਉਮਰ ਕਾਰਨ 10 ਮਾਰਚ ਤੋਂ ਘਰ 'ਤੇ ਰਹਿਣ ਲਈ ਕਿਹਾ ਗਿਆ ਸੀ ਉਸ ਦਾ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ ਆਪਣੇ ਇਕ ਰਿਸ਼ਤੇਦਾਰ ਦੇ ਬੱਚੇ ਦੇ ਜਨਮ ਲਈ ਹਸਪਤਾਲ ਗਿਆ ਸੀ ਤੇ ਉਥੇ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦਾ ਦੇਹਾਂਤ ਹੋ ਗਿਆ। ਨਿਯਮਾਂ ਤਹਿਤ ਉਸ ਦੀ ਕੋਵਿਡ-19 ਜਾਂਚ ਕੀਤੀ ਗਈ ਜੋ ਪਾਜ਼ੀਟਿਵ ਆਈ।

ਨਹੀਂ ਲਿਆ ਸੀ ਮੀਟਿੰਗ 'ਚ ਹਿੱਸਾ

ਕੰਪਲੈਕਸ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ-ਗੇਟ ਦੇ ਆਲੇ ਦੁਆਲੇ ਦੇ ਖੇਤਰ, ਸੈਕਟਰ-ਏ ਤੇ ਸੈਕਟਰ-ਬੀ। ਖਿਡਾਰੀ ਆਖ਼ਰੀ ਹਿੱਸੇ ਸੈਕਟਰ-ਬੀ ਵਿਚ ਰਹਿੰਦੇ ਹਨ ਇਸ ਲਈ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਪਿਛਲੇ ਦੋ ਮਹੀਨੇ ਤੋਂ ਕੁਆਰੰਟਾਈਨ ਵਿਚ ਹਨ। ਸਾਈ ਅਧਿਕਾਰੀ ਨੇ ਇਨ੍ਹਾਂ ਖ਼ਬਰਾਂ ਨੂੰ ਵੀ ਖ਼ਾਰਜ ਕਰ ਦਿੱਤਾ ਕਿ ਮਿ੍ਤਕ ਰਸੋਈਏ ਨੇ ਪਿਛਲੇ ਸ਼ੁੱਕਰਵਾਰ ਨੂੰ ਸਾਈ ਕੰਪਲੈਕਸ ਦੇ ਅੰਦਰ ਮੀਟਿੰਗ ਵਿਚ ਹਿੱਸਾ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ 65 ਦਿਨ ਤੋਂ ਕੰਪਲੈਕਸ 'ਚੋਂ ਬਾਹਰ ਸੀ। ਦੇਸ਼ ਵਿਚ ਲਾਕਡਾਊਨ ਤੋਂ ਪਹਿਲਾਂ ਹੀ 10 ਮਾਰਚ ਨੂੰ ਸਾਡੇ ਕੰਪਲੈਕਸ ਵਿਚ ਲਾਕਡਾਊਨ ਹੋ ਗਿਆ ਸੀ। ਰਸੋਈਆ ਆਖ਼ਰੀ ਵਾਰ 15 ਮਾਰਚ ਨੂੰ ਕੰਪਲੈਕਸ ਵਿਚ ਆਇਆ ਸੀ ਪਰ ਗੇਟ ਦੇ ਆਲੇ ਦੁਆਲੇ ਹੀ ਰੁਕਿਆ ਸੀ ਤੇ ਉਸ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਸੀ।