ਨਵੀਂ ਦਿੱਲੀ (ਪੀਟੀਆਈ) : ਭਾਰਤੀ ਮਰਦ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਕੋਵਿਡ-19 ਦੀ ਲਪੇਟ 'ਚ ਆਉਣ ਵਾਲੇ ਛੇ ਹਾਕੀ ਖਿਡਾਰੀ ਹੁਣ ਟੀਮ ਨਾਲ ਜੁੜ ਗਏ ਹਨ ਤੇ ਆਪਣੀ ਫਿਟਨੈੱਸ ਹਾਸਲ ਕਰਨ ਦੇ ਨੇੜੇ ਹਨ। ਕਪਤਾਨ ਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਜਸਕਰਨ ਸਿੰਘ, ਵਰੁਣ ਕੁਮਾਰ, ਕ੍ਰਿਸ਼ਣ ਬਹਾਦੁਰ ਪਾਠਕ ਤੇ ਮਨਦੀਪ ਸਿੰਘ ਨੂੰ 17 ਅਗਸਤ ਨੂੰ ਬੈਂਗਲੁਰੂ ਦੇ ਇਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਉਨ੍ਹਾਂ ਨੂੰ ਟੀਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਕੁਝ ਹੋਰ ਦਿਨਾਂ ਲਈ ਕੁਆਰੰਟਾਈਨ ਵਿਚ ਰੱਖਿਆ ਗਿਆ ਸੀ। ਰੀਡ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਟੀਮ ਨਾਲ ਜੁੜ ਗਏ ਹਨ ਇਸ ਲਈ ਉਹੀ ਕਰ ਰਹੇ ਹਨ ਜੋ ਬਾਕੀ ਦੂਜੇ ਖਿਡਾਰੀ ਕਰ ਰਹੇ ਹਨ। ਉਨ੍ਹਾਂ ਨੇ ਹੋਰ ਖਿਡਾਰੀਆਂ ਦੀ ਤੁਲਨਾ ਵਿਚ ਦੋ-ਤਿੰਨ ਹਫ਼ਤੇ ਬਾਅਦ ਅਭਿਆਸ ਸ਼ੁਰੂ ਕੀਤਾ। ਉਨ੍ਹਾਂ ਨੇ ਹੌਲੀ ਸ਼ੁਰੂਆਤ ਕੀਤੀ ਪਰ ਉਹ ਹੁਣ ਹੋਰ ਖਿਡਾਰੀਆਂ ਦੇ ਫਿਟਨੈੱਸ ਪੱਧਰ ਦੇ ਨੇੜੇ ਹਨ। ਅਸੀਂ ਇਸ ਹਫ਼ਤੇ ਟੀਮ ਦੇ ਬਾਕੀ ਖਿਡਾਰੀਆਂ ਦੇ ਨਾਲ ਉਨ੍ਹਾਂ ਦੀ ਵੀ ਜਾਂਚ ਕਰ ਰਹੇ ਹਾਂ। ਅਸੀਂ ਉਨ੍ਹਾਂ ਦੀ ਫਿਟਨੈੱਸ 'ਤੇ ਬਹੁਤ ਖ਼ੁਸ਼ ਹਾਂ ਪਰ ਹੁਣ ਵੀ ਉਨ੍ਹਾਂ ਨੂੰ ਪੂਰੀ ਫਿਟਨੈੱਸ ਦਾ ਪੱਧਰ ਹਾਸਲ ਕਰਨ ਵਿਚ ਸਮਾਂ ਲੱਗੇਗਾ।

ਅਭਿਆਸ 'ਚ ਪੂਰਾ ਜ਼ੋਰ ਨਾ ਲਾਉਣ ਖਿਡਾਰੀ : ਮਾਰਿਨ

ਮਰਦ ਤੇ ਮਹਿਲਾ ਦੋਵਾਂ ਟੀਮਾਂ ਲਈ ਰਾਸ਼ਟਰੀ ਕੈਂਪ 19 ਅਗਸਤ ਨੂੰ ਬੈਂਗਲੁਰੂ ਦੀ ਭਾਰਤੀ ਖੇਡ ਅਥਾਰਟੀ ਵਿਚ ਮੁੜ ਤੋਂ ਸ਼ੁਰੂ ਹੋਇਆ ਸੀ। ਮਹਿਲਾ ਟੀਮ ਦੇ ਕੋਚ ਸ਼ੋਰਡ ਮਾਰਿਨ ਨੇ ਹਾਲਾਂਕਿ ਖਿਡਾਰੀਆਂ ਨੂੰ ਅਭਿਆਸ ਵਿਚ ਪੂਰਾ ਜ਼ੋਰ ਨਾ ਲਾਉਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਜ਼ਖ਼ਮੀ ਹੋਣ ਦਾ ਖ਼ਤਰਾ ਰਹੇਗਾ। ਮਰਦ ਤੇ ਮਹਿਲਾ ਟੀਮ ਦੇ ਗੋਲਕੀਪਰ ਕ੍ਰਮਵਾਰ ਪੀ. ਸ਼੍ਰੀਜੇਸ਼ ਤੇ ਸਵਿਤਾ ਨੇ ਕਿਹਾ ਕਿ ਖਿਡਾਰੀਆਂ ਨੇ ਹੌਲੀ ਅਭਿਆਸ ਦੀ ਸ਼ੁਰੂਆਤ ਕੀਤੀ ਹੈ।