ਹਰਨੂਰ ਸਿੰਘ ਮਨੌਲੀ - ਹਾਕੀ ਖੇਡਣ ਵਾਲੇ ਬਲਬੀਰਾਂ ਤੇ ਬਲਜੀਤਾਂ ਵਾਂਗ ਇਕੋ ਸਮੇਂ ਕੌਮੀ ਤੇ ਕੌਮਾਂਤਰੀ ਹਾਕੀ ਖੇਡਣ ਲਈ ਦੋ ਰਾਜਿੰਦਰ ਮੈਦਾਨ 'ਚ ਨਿੱਤਰੇ। ਇਕੋ ਨਾਂ ਹੋਣ ਕਾਰਨ ਇਕ ਨੂੰ 'ਰਾਜਿੰਦਰ ਸੀਨੀਅਰ' ਤੇ ਦੂਜੇ ਨੂੰ ਰਾਜਿੰਦਰ ਜੂਨੀਅਰ ਕਿਹਾ ਜਾਣ ਲੱਗਾ। ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ ਦੀ ਭਾਰਤੀ ਹਾਕੀ ਨੂੰ ਲਾਸਾਨੀ ਦੇਣ ਹੈ।

ਹਾਕੀ ਦੀ ਚੇਟਕ

ਰਾਜਿੰਦਰ ਸਿੰਘ ਸੀਨੀਅਰ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕਰਲੀ ਵਿਖੇ 7 ਜਨਵਰੀ 1958 ਨੂੰ ਮਾਤਾ ਭਗਵੰਤ ਕੌਰ ਤੇ ਪਿਤਾ ਸ. ਬਲਵੰਤ ਸਿੰਘ ਦੇ ਘਰ ਹੋਇਆ। ਰਾਜਿੰਦਰ ਨੇ ਹਾਕੀ ਖੇਡਣ ਦੀ ਸ਼ੁਰੂਆਤ ਬਰਜਿੰਦਰਾ ਕਾਲਜ 'ਚ ਪੜ੍ਹਦਿਆਂ ਕੀਤੀ। ਉਸ ਨੂੰ ਕਾਲਜ ਦੀ ਟੀਮ ਵੱਲੋਂ ਇੰਟਰ 'ਵਰਸਿਟੀ ਖੇਡਣ ਦਾ ਮੌਕਾ ਮਿਲਿਆ। 1976 ਵਿਚ ਉਸ ਦੀ ਕਪਤਾਨੀ 'ਚ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਆਲ ਇੰਡੀਆ ਯੂਨੀਵਰਸਿਟੀ ਚੈਂਪੀਅਨਸ਼ਿਪ ਜਿੱਤੀ। ਇਸ ਤੋਂ ਬਾਅਦ ਰਾਜਿੰਦਰ ਸਿੰਘ ਕੌਮੀ ਹਾਕੀ ਖੇਡਣ ਵਾਲੀ ਆਲ ਇੰਡੀਆ 'ਵਰਸਿਟੀ ਦੀ ਹਾਕੀ ਟੀਮ ਲਈ ਚੁਣਿਆ ਗਿਆ। ਕੰਬਾਇੰਡ ਯੂਨੀਵਰਸਿਟੀ ਟੀਮ ਦੀ ਪ੍ਰਤੀਨਿਧਤਾ ਕਰਦਿਆਂ 1977 'ਚ ਰਾਜਿੰਦਰ ਸਿੰਘ ਨੂੰ ਹਾਕੀ ਦੇ ਵੱਡੇ ਕੌਮੀ ਟੂਰਨਾਮੈਂਟ ਨਹਿਰੂ ਹਾਕੀ ਮੁਕਾਬਲਾ ਨਵੀਂ ਦਿੱਲੀ, ਬੇਟਨ ਹਾਕੀ ਕੱਪ ਕਲਕੱਤਾ, ਰੋਪੜ ਹਾਕਸ, ਲਿਬਰਲ ਹਾਕੀ ਟੂਰਨਾਮੈਂਟ ਨਾÎਭਾ, ਲਾਲ ਬਹਾਦਰ ਸ਼ਾਸਤਰੀ ਹਾਕੀ ਮੁਕਾਬਲਾ, ਆਗਾ ਖ਼ਾਂ ਹਾਕੀ ਚੈਂਪੀਅਨਸ਼ਿਪ 'ਚ ਖੇਡ ਕੌਤਕ ਦਿਖਾਉਣ ਦਾ ਮੌਕਾ ਮਿਲਿਆ।

ਕਾਲਜ ਦੇ ਮੈਦਾਨ ਤੋਂ ਓਲੰਪਿਕ ਤਕ

ਰਾਜਿੰਦਰ ਸਿੰਘ ਸੀਨੀਅਰ ਨੂੰ ਹਾਕੀ ਖੇਡ ਦੀ ਗੁੜ੍ਹਤੀ ਪਰਿਵਾਰ ਤੋਂ ਮਿਲੀ। ਉਸ ਦਾ ਵੱਡਾ ਭਰਾ ਜਸਵਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਹਿਲਾਂ ਕੰਬਾਇੰਡ 'ਵਰਸਿਟੀ ਖੇਡਿਆ ਤੇ ਫਿਰ ਕੰਬਾਇੰਡ ਯੂਨੀਵਰਸਿਟੀ ਹਾਕੀ ਟੀਮ ਵੱਲੋਂ ਰਾਸ਼ਟਰੀ ਪੱਧਰ 'ਤੇ ਖੇਡਿਆ। ਕੌਮੀ ਹਾਕੀ ਵਿਚ ਲੰਬਾ ਸਮਾਂ ਰੇਲਵੇ ਟੀਮ ਦੀ ਪ੍ਰਤੀਨਿਧਤਾ ਕਰਨ ਵਾਲੇ ਰਾਜਿੰਦਰ ਸਿੰਘ ਨੂੰ 1980 'ਚ ਕਪਤਾਨ ਵੀ. ਭਾਸਕਰਨ ਦੀ ਅਗਵਾਈ ਹੇਠ ਮਾਸਕੋ ਓਲੰਪਿਕ-1980 'ਚ ਖੇਡਣ ਦਾ ਮੌਕਾ ਮਿਲਿਆ। ਭਾਰਤ ਨੇ ਓਲੰਪਿਕ ਦੇ ਫਾਈਨਲ 'ਚ ਸਪੇਨ ਨੂੰ ਹਰਾ ਕੇ ਦੇਸ਼ ਲਈ ਹਾਕੀ 'ਚ 8ਵਾਂ ਸੋਨ ਤਗਮਾ ਜਿੱਤਿਆ। ਮਾਸਕੋ ਓਲੰਪਿਕ ਤੋਂ ਬਾਅਦ ਰਾਜਿੰਦਰ ਸਿੰਘ ਦੀ ਕਾਬਲੀਅਤ ਨੂੰ ਵੇਖਦਿਆਂ ਹਾਕੀ ਚੋਣਕਾਰਾਂ ਨੇ ਉਸ ਦੀ ਚੋਣ ਕਪਤਾਨ ਸੁਰਜੀਤ ਸਿੰਘ ਦੀ ਕਮਾਂਡ ਵਿਚ ਮੁੰਬਈ-1981-82 ਦੇ ਆਲਮੀ ਹਾਕੀ ਕੱਪ ਲਈ ਕੀਤੀ। ਇਨ੍ਹਾਂ ਮੁਕਾਬਲਿਆਂ 'ਚ ਭਾਵੇਂ ਮੇਜ਼ਬਾਨ ਭਾਰਤ ਨੂੰ 5ਵਾਂ ਰੈਂਕ ਹੀ ਮਿਲਿਆ ਪਰ ਰਾਜਿੰਦਰ ਸਿੰਘ ਨੇ ਚੋਣ ਕਮੇਟੀ ਦੇ ਫ਼ੈਸਲੇ 'ਤੇ ਖਰਾ ਉਤਰਦਿਆਂ ਇਸ ਆਲਮੀ ਟੂਰਨਾਮੈਂਟ 'ਚ 13 ਗੋਲ ਕਰ ਕੇ 'ਟਾਪ ਸਕੋਰਰ' ਹੋਣ ਦਾ ਮਾਣ ਹਾਸਲ ਕੀਤਾ। 1982 ਦੀਆਂ ਦਿੱਲੀ ਏਸ਼ੀਅਨ ਖੇਡਾਂ ਵਿਚ ਵੀ ਰਾਜਿੰਦਰ ਸਿੰਘ ਨੂੰ ਹਾਕੀ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ ਪਰ ਭਾਰਤ ਫਾਈਨਲ 'ਚ ਪਾਕਿਸਤਾਨ ਤੋਂ ਹਾਰਨ ਕਰਕੇ ਚਾਂਦੀ ਦਾ ਮੈਡਲ ਹੀ ਹਾਸਲ ਕਰ ਸਕਿਆ।

ਬਤੌਰ ਕੌਚ ਦੂਜੀ ਪਾਰੀ

ਬਹੁਤ ਸਾਰੇ ਕੌਮੀ ਤੇ ਕੌਮਾਂਤਰੀ ਹਾਕੀ ਖਿਡਾਰੀਆਂ ਵਾਂਗ ਹਾਕੀ ਨੂੰ ਕਿੱਲੀ 'ਤੇ ਟੰਗਣ ਤੋਂ ਬਾਅਦ ਵੀ ਰਾਜਿੰਦਰ ਸਿੰਘ ਦਾ ਹਾਕੀ ਨਾਲੋਂ ਮੋਹ ਭੰਗ ਨਹੀਂ ਹੋਇਆ। ਉਸ ਨੇ ਖੇਡ ਦੀ ਦੂਜੀ ਪਾਰੀ ਨੂੰ ਕੋਚ ਵਜੋਂ ਸਵੀਕਾਰ ਕੀਤਾ। ਭਾਰਤੀ ਹਾਕੀ ਸੰਘ ਵਲੋਂ ਉਸ ਨੂੰ ਸੀਨੀਅਰ ਤੇ ਜੂਨੀਅਰ ਹਾਕੀ ਟੀਮਾਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ। ਰਾਜਿੰਦਰ ਸਿੰਘ ਪਾਸੋਂ ਸਿਖਲਾਈ ਪ੍ਰਾਪਤ ਸੀਨੀਅਰ ਹਾਕੀ ਟੀਮ ਨੇ ਪਕੁਆਲਾਲੰਪੁਰ-2000 ਦਾ ਏਸ਼ੀਆ ਹਾਕੀ ਕੱਪ ਜਿੱਤ ਕੇ ਦੇਸ਼ ਦੀ ਝੋਲੀ 'ਚ ਪਾਇਆ। ਮੁੱਖ ਕੋਚ ਰਾਜਿੰਦਰ ਸਿੰਘ ਦੁਆਰਾ ਚੰਡੀ ਹੋਈ ਕੌਮੀ ਜੂਨੀਅਰ ਹਾਕੀ ਟੀਮ ਨੇ ਹਾਰਬਰਟ-2001 ਦੀ ਜੂਨੀਅਰ ਵਿਸ਼ਵ ਹਾਕੀ ਚੈਂਪੀਅਨ ਬਣ ਕੇ ਦੇਸ਼ ਨੂੰ ਜਿੱਤ ਨਾਲ ਨਿਹਾਲ ਕੀਤਾ। ਜ਼ਿਕਰਯੋਗ ਹੈ ਕਿ ਕਪਤਾਨ ਗਗਨਅਜੀਤ ਸਿੰਘ ਦੀ ਕਮਾਂਡ ਹੇਠ ਜੂਨੀਅਰ ਟੀਮ ਨੇ ਅਰਜਨਟੀਨਾ ਨੂੰ ਫਾਈਨਲ 'ਚ ਹਰਾ ਕੇ ਹੁਣ ਤਕ ਦਾ ਪਹਿਲਾ ਤੇ ਆਖ਼ਰੀ ਜੂਨੀਅਰ ਵਿਸ਼ਵ ਹਾਕੀ ਕੱਪ ਜਿੱਤਿਆ ਸੀ। ਰਾਜਿੰਦਰ ਸਿੰਘ ਪਾਸੋਂ ਸਿਖਲਾਈ ਪ੍ਰਾਪਤ ਸੀਨੀਅਰ ਟੀਮ ਨੇ ਹੈਦਰਾਬਾਦ ਵਿਖੇ ਐਫਰੋ ਏਸ਼ੀਅਨ ਖੇਡਾਂ ਵਿਚ ਪਾਕਿਸਤਾਨ ਨੂੰ ਫਾਈਨਲ 'ਚ ਮਾਤ ਦਿੱਤੀ ਤੇ ਚੈਂਪੀਅਨ ਬਣਨ ਦਾ ਜੱਸ ਖੱਟਿਆ।

ਮਾਣ-ਸਨਮਾਨ 'ਚ ਵਿਤਕਰੇਬਾਜ਼ੀ

ਰਾਜਿੰਦਰ ਸਿੰਘ ਸੀਨੀਅਰ ਨੂੰ ਸਮੇਂ-ਸਮੇਂ ਵੱਖ-ਵੱਖ ਜ਼ਿਆਦਤੀਆਂ ਦਾ ਵੀ ਸ਼ਿਕਾਰ ਹੋਣਾ ਪਿਆ ਪਰ ਧੁਨ ਦੇ ਪੱਕੇ ਇਸ ਓਲੰਪੀਅਨ ਤੇ ਕੋਚ ਨੇ ਕਦੇ ਹਾਰ ਨਹੀਂ ਮੰਨੀ ਤੇ ਸਭ ਕੁਝ ਤਕੜੇ ਜੇਰੇ ਨਾਲ ਜਰਿਆ ਤੇ ਸਿਰਫ਼ ਹਾਕੀ ਦੇ ਭਲੇ ਬਾਰੇ ਸੋਚਿਆ। ਰਾਜਿੰਦਰ ਸਿੰਘ ਚੰਡੀਗੜ੍ਹ ਦੀ ਹਾਕੀ ਅਕੈਡਮੀ ਦੇ ਮੁੰਡੇ-ਕੁੜੀਆਂ ਨੂੰ ਵੀ ਸਿਖਲਾਈ ਦਿੰਦਾ ਰਿਹਾ ਹੈ। ਯੂਟੀ ਦੀ ਹਾਕੀ ਅਕੈਡਮੀ ਨੂੰ 2008 ਤੋਂ ਸਿਖਲਾਈ ਦੇਣ ਤੋਂ ਬਾਅਦ ਅੱਜ ਕੱਲ੍ਹ ਰਾਜਿੰਦਰ ਸਿੰਘ ਐੱਨਆਈਐੱਸ ਪਟਿਆਲਾ ਵਿਖੇ ਸਿਖਾਂਦਰੂਆਂ ਨੂੰ ਸਿਖਲਾਈ ਦੇ ਰਿਹਾ ਹੈ। ਰਾਜਿੰਦਰ ਸਿੰਘ ਨੂੰ ਮਾਣ-ਸਨਮਾਨ ਪੱਖੋਂ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਤੋਂ ਅਤੇ ਕੇਂਦਰ ਸਰਕਾਰ ਦੇ ਅਰਜੁਨਾ ਐਵਾਰਡ ਤੇ ਹੋਰ ਸਨਾਮਨਾਂ ਤੋਂ ਵਾਂਝੇ ਰੱਖ ਕੇ ਪਤਾ ਨਹੀਂ ਕਿਹੜੀ ਖੇਡ ਨੀਤੀ ਦਾ ਸਬੂਤ ਦਿੱਤਾ ਹੈ। ਇਹਰਾਜਿੰਦਰ ਸਿੰਘ ਜਿਹੇ ਆਲਮੀ ਪੱਧਰ ਦੇ ਖਿਡਾਰੀਆਂ ਨਾਲ ਧੱਕਾ ਹੀ ਕਿਹਾ ਜਾ ਸਕਦਾ ਹੈ।

ਹੱਡੀਆਂ ਤੋੜਵੀਂ ਹਿੱਟ

ਕੌਮਾਂਤਰੀ ਹਾਕੀ ਦੇ ਕਈ ਵੱਡੇ ਟੂਰਨਾਮੈਂਟ ਖੇਡਣ ਮੌਕੇ ਰਾਜਿੰਦਰ ਸਿੰਘ ਸੀਨੀਅਰ ਨੇ ਮੋਹਰੀ ਰੋਲ ਅਦਾ ਕੀਤਾ। 1982 ਵਿਚ ਪਾਕਿਸਤਾਨ ਦੇ ਸ਼ਹਿਰ ਕਰਾਚੀ 'ਚ ਖੇਡੇ ਗਏ ਏਸ਼ੀਆ ਹਾਕੀ ਕੱਪ 'ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਚਾਂਦੀ ਦਾ ਕੱਪ ਜਿੱਤਿਆ। ਪਾਕਿਸਤਾਨੀ ਟੀਮ ਤੋਂ 5-4 ਗੋਲਾਂ ਦੇ ਫ਼ਰਕ ਨਾਲ ਜਿੱਤੇ ਮੈਚ 'ਚ ਰਾਜਿੰਦਰ ਸਨੀਅਰ ਨੂੰ ਹੈਟ੍ਰਿਕ ਲਗਾਉਣ ਦਾ ਮਾਣ ਹਾਸਲ ਹੋਇਆ। ਉਸ ਦੀ ਪੈਨਲਟੀ ਕਾਰਨਰ ਹਿੱਟ 'ਚ ਜ਼ਬਰਦਸਤ ਤਾਕਤ ਸੀ। ਇਸ ਮੁਕਾਬਲੇ 'ਚ ਰਾਜਿੰਦਰ ਨੇ ਪੈਨਲਟੀਕਾਰਨਰ ਸਮੇਂ ਜਦ ਗੋਲ ਪੋਸਟ ਤੋਂ ਪਾਕਿਸਤਾਨੀ ਸਟ੍ਰਾਈਕਰ ਕਲੀਮਉੱਲਾ ਖ਼ਾਨ ਬਾਲ ਨੂੰ ਰੋਕਣ ਲਈ ਅੱਗੇ ਵਧਿਆ ਤਾਂ ਗੇਂਦ ਵੱਡਣ ਨਾਲ ਉਸ ਦੀ ਬਾਂਹ 'ਤੇ ਕਈ ਫਰੈਕਚਰ ਆ ਗਏੇ। ਐਮਸਤਲਵੀਨ ਵਿਸ਼ਵ ਹਾਕੀ ਚੈਂਪੀਅਨਜ਼ ਟਰਾਫੀ 'ਚ ਰਾਜਿੰਦਰ ਸਿੰਘ ਸੀਨੀਅਰ ਦੀ ਨੁਮਾਇੰਦਗੀ ਵਾਲੀ ਕੌਮੀ ਹਾਕੀ ਟੀਮ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ।

Posted By: Harjinder Sodhi