ਭੁਬਨੇਸ਼ਵਰ (ਪੀਟੀਆਈ) : ਭਾਰਤੀ ਮਰਦ ਹਾਕੀ ਟੀਮ ਨੂੰ ਵਿਸ਼ਵ ਚੈਂਪੀਅਨ ਬੈਲਜੀਅਮ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ ਲੀਗ ਮੁਕਾਬਲੇ ਵਿਚ 3-2 ਨਾਲ ਹਰਾਇਆ। ਭਾਰਤ ਨੇ ਸ਼ਨਿਚਰਵਾਰ ਨੂੰ ਇੱਥੇ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਮੁਕਾਬਲੇ ਵਿਚ 2-1 ਨਾਲ ਜਿੱਤ ਦਰਜ ਕੀਤੀ ਸੀ। ਬੈਲਜੀਅਮ ਨੇ ਮੈਚ ਵਿਚ ਚੰਗੀ ਸ਼ੁਰੂਆਤ ਕੀਤੀ ਤੇ ਦੂਜੇ ਮਿੰਟ ਵਿਚ ਹੀ ਅਲੈਗਜ਼ੈਂਡਰ ਹੈਂਡਰਿਕਸ ਦੇ ਗੋਲ ਦੀ ਮਦਦ ਨਾਲ 1-0 ਦੀ ਬੜ੍ਹਤ ਬਣਾ ਲਈ ਪਰ ਭਾਰਤ ਨੇ ਜਲਦ ਹੀ ਵਿਵੇਕ ਸਾਗਰ ਪ੍ਰਸਾਦ ਦੇ ਗੋਲ ਦੀ ਮਦਦ ਨਾਲ ਮੁਕਾਬਲੇ ਵਿਚ 1-1 ਦੀ ਬਰਾਬਰੀ ਹਾਸਲ ਕਰ ਲਈ। ਬੈਲਜੀਅਮ ਦੀ ਟੀਮ ਨੇ ਦੂਜੇ ਕੁਆਰਟਰ ਵਿਚ ਚੰਗੀ ਸ਼ੁਰੂਆਤ ਕੀਤੀ ਤੇ ਡੀ ਕੇਰਪੇਲ ਦੇ ਗੋਲ ਦੇ ਦਮ 'ਤੇ 17ਵੇਂ ਮਿੰਟ ਵਿਚ 2-1 ਦੀ ਬੜ੍ਹਤ ਬਣਾ ਲਈ ਪਰ ਭਾਰਤ ਨੇ ਅਗਲੇ ਮਿੰਟ ਵਿਚ ਹੀ ਪਲਟਵਾਰ ਕਰਦੇ ਹੋਏ ਅਮਿਤ ਰੋਹੀਦਾਸ ਦੇ ਗੋਲ ਦੀ ਮਦਦ ਨਾਲ ਮੈਚ ਵਿਚ 2-2 ਨਾਲ ਬਰਾਬਰੀ ਹਾਸਲ ਕਰ ਲਈ। ਬੈਲਜੀਅਮ ਦੀ ਟੀਮ ਨੇ ਇਸ ਤੋਂ ਬਾਅਦ 25ਵੇਂ ਮਿੰਟ ਵਿਚ ਮੈਕਸੀਮੇ ਪਲੇਨੇਵੇਏਕਸ ਦੇ ਬਿਹਤਰੀਨ ਗੋਲ ਦੀ ਮਦਦ ਨਾਲ 3-2 ਦੀ ਬੜ੍ਹਤ ਨਾਲ ਮੈਚ ਦੀ ਸਮਾਪਤੀ ਕੀਤੀ।

ਬੈਲਜੀਅਮ 14 ਅੰਕਾਂ ਨਾਲ ਪਹਿਲੇ ਨੰਬਰ 'ਤੇ

ਬੈਲਜੀਅਮ ਦੀ ਐੱਫਆਈਐੱਚ ਪ੍ਰਰੋ ਲੀਗ ਦੇ ਛੇ ਮੈਚਾਂ ਵਿਚ ਇਹ ਚੌਥੀ ਜਿੱਤ ਹੈ ਤੇ ਹੁਣ ਉਸ ਦੇ 14 ਅੰਕ ਹੋ ਗਏ ਹਨ ਤੇ ਉਹ ਮਜ਼ਬੂਤੀ ਨਾਲ ਚੋਟੀ 'ਤੇ ਕਾਇਮ ਹੈ। ਭਾਰਤ ਦੀ ਚਾਰ ਮੈਚਾਂ ਵਿਚ ਇਹ ਪਹਿਲੀ ਹਾਰ ਹੈ ਤੇ ਉਹ ਅੱਠ ਅੰਕਾਂ ਨਾਲ ਦੂਜੇ ਨੰਬਰ 'ਤੇ ਹੈ।

ਹਰਿਆਣਾ ਨੇ ਸੀਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ ਜਿੱਤੀ

ਕੋਲਮ (ਪੀਟੀਆਈ) : ਹਰਿਆਣਾ ਨੇ ਇਕਤਰਫ਼ਾ ਮੁਕਾਬਲੇ ਵਿਚ ਐਤਵਾਰ ਨੂੰ ਭਾਰਤੀ ਖੇਡ ਅਥਾਰਟੀ (ਸਾਈ) ਨੂੰ 6-0 ਨਾਲ ਹਰਾ ਕੇ 10ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 2020 (ਏ ਡਵੀਜ਼ਨ) ਦਾ ਖ਼ਿਤਾਬ ਜਿੱਤ ਲਿਆ। ਹਰਿਆਣਾ ਨੂੰ 19ਵੇਂ ਮਿੰਟ ਵਿਚ ਮਨੀਸ਼ਾ ਨੇ ਬੜ੍ਹਤ ਦਿਵਾਈ। ਅਨੂ ਨੇ 22ਵੇਂ ਮਿੰਟ ਵਿਚ ਹਰਿਆਣਾ ਨੂੰ 2-0 ਨਾਲ ਅੱਗੇ ਕੀਤਾ ਜਦਕਿ ਚੌਥੇ ਤੇ ਆਖ਼ਰੀ ਕੁਆਰਟਰ ਵਿਚ ਕਾਜਲ (47ਵੇਂ ਮਿੰਟ), ਦੀਪਿਕਾ (50ਵੇਂ ਮਿੰਟ), ਊਸ਼ਾ (59ਵੇਂ ਮਿੰਟ) ਤੇ ਦੇਵਿਕਾ ਸੇਨ (60ਵੇਂ ਮਿੰਟ) ਨੇ ਗੋਲ ਕਰ ਕੇ ਟੀਮ ਦੀ 6-0 ਨਾਲ ਜਿੱਤ ਪੱਕੀ ਕੀਤੀ।