ਭੁਵਨੇਸ਼ਵਰ (ਪੀਟੀਆਈ) : ਭਾਰਤੀ ਮਰਦ ਹਾਕੀ ਟੀਮ ਨੇ ਸ਼ਨਿਚਰਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਮੈਚ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ ਨੂੰ 2-1 ਨਾਲ ਹਰਾ ਕੇ ਉਲਟਫੇਰ ਵਾਲੀ ਜਿੱਤ ਹਾਸਲ ਕੀਤੀ। ਮਨਦੀਪ ਸਿੰਘ ਨੇ ਮੈਚ ਦੇ ਦੂਜੇ ਹੀ ਮਿੰਟ ਵਿਚ ਮੈਦਾਨੀ ਗੋਲ ਕੀਤਾ। ਇਸ ਤੋਂ ਬਾਅਦ ਗੌਤੀਅਰ ਬੋਕਾਰਡ ਨੇ 33ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਦੁਨੀਆ ਦੀ ਨੰਬਰ ਇਕ ਟੀਮ ਨੂੰ 1-1 ਦੀ ਬਰਾਬਰੀ 'ਤੇ ਲਿਆ ਦਿੱਤਾ। ਘਰੇਲੂ ਟੀਮ ਲਈ ਰਮਨਦੀਪ ਸਿੰਘ ਦਾ 47ਵੇਂ ਮਿੰਟ ਵਿਚ ਕੀਤਾ ਗਿਆ ਗੋਲ ਫ਼ੈਸਲਾਕੁਨ ਰਿਹਾ ਜੋ ਉਨ੍ਹਾਂ ਨੇ ਪੈਨਲਟੀ ਕਾਰਨਰ ਨਾਲ ਕੀਤਾ। ਇਸ ਨਾਲ ਦੁਨੀਆ ਦੀ ਚੌਥੇ ਨੰਬਰ ਦੀ ਟੀਮ ਭਾਰਤ ਨੇ ਇੱਥੇ ਕਲਿੰਗਾ ਸਟੇਡੀਅਮ ਵਿਚ ਘਰੇਲੂ ਪ੍ਰਸ਼ੰਸਕਾਂ ਸਾਹਮਣੇ ਜਿੱਤ ਹਾਸਲ ਕੀਤੀ। ਦੋਵੇਂ ਟੀਮਾਂ ਐਤਵਾਰ ਨੂੰ ਮੁੜ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ।