ਲੁਸਾਨੇ (ਪੀਟੀਆਈ) : ਭਾਰਤੀ ਮਰਦ ਹਾਕੀ ਟੀਮ ਨੂੰ ਸੋਮਵਾਰ ਨੂੰ ਟੋਕੀਓ ਓਲੰਪਿਕ ਕੁਆਲੀਫਾਇਰ ਦੇ ਆਖ਼ਰੀ ਗੇੜ ਵਿਚ ਸੌਖਾ ਡਰਾਅ ਮਿਲਿਆ ਜਿੱਥੇ ਉਸ ਨੂੰ ਘੱਟ ਰੈਂਕਿੰਗ ਵਾਲੀ ਰੂਸ ਦੀ ਟੀਮ ਨਾਲ ਭਿੜਨਾ ਹੈ ਜਦਕਿ ਮਹਿਲਾ ਟੀਮ ਨੂੰ ਅਮਰੀਕਾ ਦੇ ਰੂਪ ਵਿਚ ਸਖ਼ਤ ਵਿਰੋਧੀ ਮਿਲਿਆ ਹੈ। ਟੋਕੀਓ ਓਲੰਪਿਕ ਵਿਚ ਥਾਂ ਬਣਾਉਣ ਲਈ ਟੀਮਾਂ ਵਿਚਾਲੇ ਲਗਾਤਾਰ ਦੋ ਮੈਚ ਹੋਣਗੇ। ਭਾਰਤੀ ਮਰਦ ਟੀਮ ਇਕ ਤੇ ਦੋ ਨਵੰਬਰ ਨੂੰ ਰੂਸ ਨਾਲ ਖੇਡੇਗੀ ਜਦਕਿ ਮਹਿਲਾ ਟੀਮ ਇਨ੍ਹਾਂ ਤਾਰੀਕਾਂ ਨੂੰ ਹੀ ਭੁਵਨੇਸ਼ਵਰ ਵਿਚ ਅਮਰੀਕਾ ਨਾਲ ਭਿੜੇਗੀ। ਅੱਠ ਵਾਰ ਦੇ ਓਲੰਪਿਕ ਚੈਂਪੀਅਨ ਭਾਰਤ ਦੀ ਐੱਫਆਈਐੱਚ ਵਿਸ਼ਵ ਰੈਂਕਿੰਗ ਪੰਜ ਜਦਕਿ ਰੂਸ ਦੀ 22 ਹੈ। ਇਸ ਸਾਲ ਭੁਵਨੇਸ਼ਵਰ ਵਿਚ ਐੱਫਆਈਐੱਚ ਸੀਰੀਜ਼ ਫਾਈਨਲ ਦੌਰਾਨ ਵੀ ਭਾਰਤ ਨੇ ਰੂਸ ਨੂੰ 10-0 ਨਾਲ ਹਰਾਇਆ ਸੀ। ਅਮਰੀਕੀ ਮਹਿਲਾ ਟੀਮ ਦੀ ਰੈਂਕਿੰਗ 13 ਜਦਕਿ ਭਾਰਤੀ ਮਹਿਲਾ ਟੀਮ ਦੀ ਰੈਂਕਿੰਗ ਨੌਂ ਹੈ ਪਰ ਰਾਣੀ ਰਾਮਪਾਲ ਦੀ ਅਗਵਾਈ ਵਾਲੀ ਟੀਮ ਲਈ ਇਹ ਮੁਕਾਬਲਾ ਸੌਖਾ ਨਹੀਂ ਹੋਵੇਗਾ। ਪਿਛਲੇ ਸਾਲ ਲੰਡਨ ਵਿਚ ਮਹਿਲਾ ਵਿਸ਼ਵ ਕੱਪ ਦੌਰਾਨ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਕਾਫੀ ਸਖ਼ਤ ਰਿਹਾ ਸੀ ਤੇ 1-1 ਨਾਲ ਬਰਾਬਰੀ 'ਤੇ ਰਿਹਾ ਸੀ।

ਕੋਚਾਂ ਨੂੰ ਓਲੰਪਿਕ ਕੁਆਲੀਫਿਕੇਸ਼ਨ ਹਾਸਿਲ ਕਰਨ ਦਾ ਯਕੀਨ :

ਭਾਰਤੀ ਮਰਦ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਯਕੀਨ ਹੈ। ਰੀਡ ਨੇ ਕਿਹਾ ਕਿ ਅਸੀਂ ਓਲੰਪਿਕ ਕੁਆਲੀਫਿਕੇਸ਼ਨ ਹਾਸਿਲ ਕਰਨ ਨੂੰ ਲੈ ਕੇ ਵਚਨਬੱਧ ਹਾਂ ਤੇ ਇਸ ਦੌਰਾਨ ਸਾਡਾ ਧਿਆਨ ਆਪਣੇ ਡਿਫੈਂਸ 'ਚ ਸੁਧਾਰ ਕਰਨ 'ਤੇ ਰਹੇਗਾ। ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਸ਼ੋਰਡ ਮਾਰਿਨ ਨੇ ਵੀ ਕਿਹਾ ਹੈ ਕਿ ਉਹ ਆਪਣੀ ਟੀਮ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਆਸਵੰਦ ਹਨ।