ਟੋਕੀਓ (ਪੀਟੀਆਈ) : ਭਾਰਤੀ ਮਰਦ ਤੇ ਮਹਿਲਾ ਹਾਕੀ ਟੀਮਾਂ ਨੇ ਓਲੰਪਿਕ ਟੈਸਟ ਚੈਂਪੀਅਨਸ਼ਿਪ 'ਚ ਆਪੋ ਆਪਣੇ ਮੁਕਾਬਲੇ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਮਹਿਲਾ ਹਾਕੀ ਟੀਮ ਨੇ ਸ਼ਨਿਚਰਵਾਰ ਨੂੰ ਮੇਜ਼ਬਾਨ ਜਾਪਾਨ 'ਤੇ 2-1 ਦੀ ਜਿੱਤ ਦਰਜ ਕੀਤੀ ਜਦਕਿ ਮਰਦ ਵਰਗ 'ਚ ਭਾਰਤ ਨੇ ਮਲੇਸ਼ੀਆ ਨੂੰ 6-0 ਨਾਲ ਦਰੜਿਆ।

ਮਹਿਲਾ ਵਰਗ ਦੇ ਮੁਕਾਬਲੇ 'ਚ ਭਾਰਤ ਨੇ ਪੈਨਲਟੀ ਕਾਰਨਰ ਮਾਹਿਰ ਗੁਰਜੀਤ ਕੌਰ ਦੀ ਮਦਦ ਨਾਲ ਨੌਵੇਂ ਮਿੰਟ ਵਿਚ ਬੜ੍ਹਤ ਬਣਾ ਲਈ ਸੀ ਪਰ ਮੇਜ਼ਬਾਨ ਟੀਮ ਨੇ 16ਵੇਂ ਮਿੰਟ ਵਿਚ ਅਕੀ ਮਿਤਸੁਹਾਸੀ ਦੇ ਮੈਦਾਨੀ ਗੋਲ ਨਾਲ 1-1 ਨਾਲ ਬਰਾਬਰੀ ਹਾਸਲ ਕੀਤੀ। ਹਾਲਾਂਕਿ ਗੁਰਜੀਤ ਨੇ ਫਿਰ 35ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ ਜੋ ਫ਼ੈਸਲਾਕੁਨ ਰਿਹਾ। ਭਾਰਤੀ ਟੀਮ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਪਹਿਲੇ 10 ਮਿੰਟ ਵਿਚ ਹੀ ਕੁਝ ਸ਼ਾਨਦਾਰ ਮੌਕੇ ਮਿਲੇ। ਦੋਵੇਂ ਟੀਮਾਂ ਓਲੰਪਿਕ ਖੇਡਾਂ ਦੇ ਦਿਸ਼ਾਨਿਰਦੇਸ਼ਾਂ ਮੁਤਾਬਕ 16 ਖਿਡਾਰੀਆਂ ਨਾਲ ਖੇਡ ਰਹੀਆਂ ਸਨ। ਦੋਵਾਂ ਨੇ ਸਮੇਂ ਸਮੇਂ 'ਤੇ ਪੂਰੇ ਮੈਚ ਦੌਰਾਨ ਖਿਡਾਰੀਆਂ ਨੂੰ ਅੰਦਰ ਬਾਹਰ ਕੀਤਾ। ਜਾਪਾਨ ਨੂੰ ਬਦਲਵੇਂ ਖਿਡਾਰੀ ਦਾ ਫ਼ਾਇਦਾ ਹੋਇਆ ਤੇ 29 ਸਾਲ ਦੀ ਮਿਤਸੁਹਾਸੀ ਨੇ ਟੀਮ ਨੂੰ ਬਰਾਬਰੀ ਦਿਵਾਈ।

ਮਰਦ ਵਰਗ ਵਿਚ ਮਨਦੀਪ ਸਿੰਘ ਤੇ ਗੁਰਸਾਹਿਬਜੀਤ ਸਿੰਘ ਦੇ ਦੋ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਟੀਮ ਨੇ ਸ਼ੁਰੂਆਤੀ ਮੁਕਾਬਲੇ ਵਿਚ ਮਲੇਸ਼ੀਆ ਨੂੰ 6-0 ਨਾਲ ਦਰੜਿਆ। ਗੁਰਿੰਦਰ ਸਿੰਘ ਤੇ ਐੱਸਵੀ ਸੁਨੀਲ ਹੋਰ ਦੋ ਖਿਡਾਰੀ ਸਨ ਜਿਨ੍ਹਾਂ ਨੇ ਗੋਲ ਕਰਨ ਵਾਲਿਆਂ ਵਿਚ ਆਪਣਾ ਨਾਂ ਲਿਖਵਾਇਆ। ਭਾਰਤ ਨੇ ਪਹਿਲੇ ਕੁਆਰਟਰ ਵਿਚ ਦਬਦਬਾ ਬਣਾਈ ਰੱਖਿਆ। ਤਜਰਬੇਕਾਰ ਸੁਨੀਲ, ਮਨਦੀਪ ਤੇ ਗੁਰਸਾਹਿਬਜੀਤ ਨੇ ਪਹਿਲੇ ਦਸ ਮਿੰਟ ਵਿਚ ਹੀ ਮੌਕੇ ਬਣਾਏ। ਭਾਰਤ ਨੂੰ ਅੱਠਵੇਂ ਮਿੰਟ ਵਿਚ ਪਹਿਲਾ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਗੁਰਿੰਦਰ ਨੇ ਗੋਲ ਵਿਚ ਬਦਲਿਆ।

ਦੂਜੇ ਕੁਆਰਟਰ ਵਿਚ ਭਾਰਤ ਨੇ ਲਗਾਤਾਰ ਦਬਾਅ ਬਣਾਇਆ ਤੇ 18ਵੇਂ ਮਿਟ ਵਿਚ ਗੁਰਸਾਹਿਬਜੀਤ ਨੇ ਉਸ ਦੀ ਬੜ੍ਹਤ ਦੁੱਗਣੀ ਕਰ ਦਿੱਤੀ। ਇਸ ਵਿਚਾਲੇ ਵਿਸ਼ਵ ਵਿਚ 12ਵੇਂ ਨੰਬਰ ਦੇ ਮਲੇਸ਼ੀਆ ਨੇ ਵੀ ਇਕ ਦੋ ਚੰਗੇ ਹਮਲੇ ਕੀਤੇ ਪਰ ਭਾਰਤੀ ਗੋਲਕੀਪਰ ਸੂਰਜ ਕਰਕੇਰਾ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ। ਭਾਰਤ ਵੱਲੋਂ ਤੀਜਾ ਗੋਲ 33ਵੇਂ ਮਿੰਟ ਵਿਚ ਉੱਪ ਕਪਤਾਨ ਮਨਦੀਪ ਨੇ ਜਸਕਰਨ ਸਿੰਘ ਦੇ ਪਾਸ 'ਤੇ ਕੀਤਾ। ਆਖ਼ਰੀ ਕੁੁਆਰਟਰ ਵਿਚ ਭਾਰਤੀ ਟੀਮ ਨੇ ਮਲੇਸ਼ੀਆ 'ਤੇ ਜ਼ਿਆਦਾ ਦਬਾਅ ਬਣਾਇਆ ਤੇ ਇਨ੍ਹਾਂ 15 ਮਿੰਟ ਵਿਚ ਤਿੰਨ ਗੋਲ ਕੀਤੇ। ਮਨਦੀਪ ਨੇ 46ਵੇਂ ਮਿੰਟ ਵਿਚ ਆਪਣਾ ਦੂਜਾ ਗੋਲ ਕੀਤਾ ਜਦਕਿ ਗੁਰਸਾਹਿਬਜੀਤ ਨੇ 56ਵੇਂ ਮਿੰਟ ਵਿਚ ਟੀਮ ਦਾ ਪੰਜਵਾਂ ਤੇ ਸੁਨੀਲ ਨੇ 60ਵੇਂ ਮਿੰਟ ਵਿਚ ਛੇਵਾਂ ਤੇ ਆਖ਼ਰੀ ਗੋਲ ਕੀਤਾ। ਭਾਰਤ ਐਤਵਾਰ ਨੂੰ ਵਿਸ਼ਵ ਵਿਚ ਨੰਬਰ ਅੱਠ ਨਿਊਜ਼ੀਲੈਂਡ ਦਾ ਸਾਹਮਣਾ ਕਰੇਗਾ।