ਟੋਕੀਓ (ਪੀਟੀਆਈ) : ਓਲੰਪਿਕ ਟੈਸਟ ਇਵੈਂਟ ਤੋਂ ਪਹਿਲਾਂ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ ਮਰਦ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਟੀਮਾਂ ਉੱਚੀ ਰੈਂਕਿੰਗ ਵਾਲੀਆਂ ਵਿਰੋਧੀ ਟੀਮਾਂ ਤੋਂ ਡਰਦੀਆਂ ਨਹੀਂ ਤੇ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾਉਣ ਦੀ ਯੋਗਤਾ ਰੱਖਦੀਆਂ ਹਨ। ਓਲੰਪਿਕ ਟੈਸਟ ਇਵੈਂਟ ਸ਼ਨਿਚਰਵਾਰ ਨੂੰ ਇੱਥੇ ਓਈ ਹਾਕੀ ਸਟੇਡੀਅਮ ਵਿਚ ਸ਼ੁਰੂ ਹੋਵੇਗਾ ਜਿਸ ਵਿਚ ਭਾਰਤੀ ਮਰਦ ਤੇ ਮਹਿਲਾ ਦੋਵੇਂ ਟੀਮਾਂ ਖੇਡਣਗੀਆਂ। ਦੋਵੇਂ ਟੀਮਾਂ ਐੱਫਆਈਐੱਚ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਵਿਚ ਰੁੱਝੀਆਂ ਹਨ ਜੋ ਇਸ ਸਾਲ ਦੇ ਅੰਤ ਵਿਚ ਨਵੰਬਰ ਵਿਚ ਕਰਵਾਇਆ ਜਾਵੇਗਾ। ਐੱਫਆਈਐੱਚ ਓਲੰਪਿਕ ਕੁਆਲੀਫਾਇਰ ਦਾ ਜੇਤੂ 2020 ਟੋਕੀਓ ਓਲੰਪਿਕ ਵਿਚ ਆਪਣੀ ਥਾਂ ਪੱਕੀ ਕਰ ਲਵੇਗਾ। ਵਿਸ਼ਵ ਰੈਂਕਿੰਗ ਵਿਚ ਪੰਜਵੇਂ ਸਥਾਨ 'ਤੇ ਕਾਬਜ ਭਾਰਤੀ ਮਰਦ ਟੀਮ ਓਲੰਪਿਕ ਟੈਸਟ ਇਵੈਂਟ ਵਿਚ ਚੋਟੀ ਦੀ ਰੈਂਕਿਗ ਵਾਲੀ ਟੀਮ ਹੈ ਤੇ ਉਹ ਦੁਨੀਆ ਦੀ ਅੱਠਵੇਂ ਨੰਬਰ ਦੀ ਨਿਊਜ਼ੀਲੈਂਡ, 12ਵੀਂ ਰੈਂਕਿੰਗ ਦੀ ਮਲੇਸ਼ੀਆ ਦੀ ਟੀਮ ਤੇ 16ਵੀਂ ਰੈਂਕਿੰਗ ਦੀ ਜਾਪਾਨ ਦੀ ਟੀਮ ਨਾਲ ਭਿੜੇਗੀ। ਹਰਮਨਪ੍ਰੀਤ ਦੀ ਅਗਵਾਈ ਵਾਲੀ ਮਰਦ ਟੀਮ ਵਿਚ ਕੁਝ ਤਜਰਬੇਕਾਰ ਖਿਡਾਰੀ ਮੌਜੂਦ ਨਹੀਂ ਹੋਣਗੇ ਜਿਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਇਸ ਨਾਲ ਟੀਮ ਆਪਣੇ ਕਪਤਾਨ ਤੇ ਉੱਪ ਕਪਤਾਨ ਮਨਦੀਪ ਸਿੰਘ ਤੋਂ ਪ੍ਰੇਰਣਾ ਲੈਣਾ ਚਾਹੇਗੀ। ਹਰਮਨਪ੍ਰੀਤ ਨੇ ਕਿਹਾ ਕਿ ਸਾਡੇ ਕੋਲ ਮਲੇਸ਼ੀਆ, ਜਾਪਾਨ ਤੇ ਨਿਊਜ਼ੀਲੈਂਡ ਖ਼ਿਲਾਫ਼ ਨੌਜਵਾਨ ਖਿਡਾਰੀਆਂ ਨੂੰ ਪਰਖਣ ਦਾ ਮੌਕਾ ਹੈ। ਇਹ ਚੰਗੀਆਂ ਟੀਮਾਂ ਹਨ ਤੇ ਅਸੀਂ ਆਪਣੇ ਮੁੱਖ ਕੋਚ ਦੇ ਹਿਸਾਬ ਨਾਲ ਚੰਗੀ ਤਰ੍ਹਾਂ ਤਾਲਮੇਲ ਬਿਠਾ ਰਹੇ ਹਾਂ। ਇਹ ਸਾਡੇ ਲਈ ਚੰਗਾ ਟੂਰਨਾਮੈਂਟ ਹੋਵੇਗਾ। ਅਸੀਂ ਚੰਗੀ ਤਰ੍ਹਾਂ ਤਿਆਰ ਹਾਂ ਤੇ ਹਰ ਮੈਚ ਨੂੰ ਜਿੱਤਣ ਦੇ ਇਰਾਦੇ ਨਾਲ ਉਤਰਾਂਗੇ। ਕਪਤਾਨੀ ਵੱਡੀ ਜ਼ਿੰਮੇਵਾਰੀ ਹੈ ਤੇ ਮੈਂ ਟੀਮ ਲਈ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ।

ਵਿਸ਼ਵ ਰੈਂਕਿੰਗ ਵਿਚ 10ਵੇਂ ਨੰਬਰ ਦੀ ਭਾਰਤੀ ਮਹਿਲਾ ਟੀਮ ਨੂੰ ਹਾਲਾਂਕਿ ਆਸਟ੍ਰੇਲੀਆ (ਦੂਜੀ ਰੈਂਕਿੰਗ), ਚੀਨ (11ਵੀਂ ਰੈਂਕਿੰਗ) ਤੇ ਜਾਪਾਨ (14ਵੀਂ ਰੈਂਕਿੰਗ) ਤੋਂ ਸਖ਼ਤ ਚੁਣੌਤੀ ਮਿਲੇਗੀ। ਇਨ੍ਹਾਂ ਵਿਚੋਂ ਆਸਟ੍ਰੇਲੀਆ ਸਭ ਤੋਂ ਮਜ਼ਬੂਤ ਹੋਵੇਗੀ ਜਿਸ ਨਾਲ ਭਾਰਤੀ ਟੀਮ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਵਿਚ 0-1 ਨਾਲ ਮਿਲੀ ਹਾਰ ਤੋਂ ਬਾਅਦ ਤੋਂ ਨਹੀਂ ਖੇਡੀ ਹੈ। ਭਾਰਤੀ ਟੀਮ ਪਹਿਲੇ ਮੈਚ ਵਿਚ ਸ਼ਨਿਚਰਵਾਰ ਨੂੰ ਮੇਜ਼ਬਾਨ ਜਾਪਾਨ ਨਾਲ ਭਿੜੇਗੀ।

ਚੰਗੇ ਪ੍ਰਦਰਸ਼ਨ ਦੀ ਹੈ ਉਮੀਦ : ਰਾਣੀ

ਰਾਣੀ ਦਾ ਮੰਨਣਾ ਹੈ ਕਿ ਐੱਫਆਈਐੱਚ ਓਲੰਪਿਕ ਕੁਆਲੀਫਾਇਰ 'ਚ ਖੇਡਣ ਤੋਂ ਪਹਿਲਾਂ ਵੱਡੀ ਟੀਮ ਨਾਲ ਖੇਡਣ ਨਾਲ ਉਨ੍ਹਾਂ ਦੀ ਟੀਮ ਨੂੰ ਸਖ਼ਤ ਚੁਣੌਤੀਆਂ ਨਾਲ ਨਜਿੱਠਣ ਵਿਚ ਮਦਦ ਮਿਲੇਗੀ ਉਨ੍ਹਾਂ ਨੇ ਕਿਹਾ ਕਿ ਓਲੰਪਿਕ ਟੈਸਟ ਇਵੈਂਟ ਵਿਚ ਸਾਨੂੰ ਚੰਗੀ ਚੁਣੌਤੀ ਮਿਲੇਗੀ ਪਰ ਅਸੀਂ ਚੰਗਾ ਕਰਨ ਦਾ ਯਕੀਨ ਰੱਖਦੇ ਹਾਂ। ਇਹ ਅੌਖਾ ਟੂਰਨਾਮੈਂਟ ਹੋਵੇਗਾ ਪਰ ਅਸੀਂ ਜਾਣਦੇ ਹਾਂ ਕਿ ਅਸੀਂ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ। ਅਸੀਂ ਇਕ ਇਕਾਈ ਦੇ ਰੂਪ ਵਿਚ ਚੰਗੀ ਮਿਹਨਤ ਕੀਤੀ ਤੇ ਅਗਲਾ ਟੂਰਨਾਮੈਂਟ ਸਾਨੂੰ ਚੰਗੀਆਂ ਟੀਮਾਂ ਨਾਲ ਖੇਡਣ ਦਾ ਮੌਕਾ ਮੁਹੱਈਆ ਕਰਵਾਏਗਾ।