ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੋਮਵਾਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 113ਵੇਂ ਜਨਮ ਦਿਨ ਮੌਕੇ ਹਾਕੀ ਪ੍ਰੇਮੀਆਂ ਨੂੰ ਤੋਹਫ਼ਾ ਦਿੰਦਿਆਂ ਫ਼ਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹਾਕੀ ਐਸਟੋਟਰਫ਼ ਵਿਛਾਉਣ ਦਾ ਐਲਾਨ ਕੀਤਾ ਹੈ। ਰਾਣਾ ਸੋਢੀ ਨੇ ਦੱਸਿਆ ਕਿ ਦੇਸ਼ ਦੇ ਨੌਜਵਾਨਾਂ ਲਈ ਸਭ ਤੋਂ ਵੱਡੇ ਪ੍ਰੇਰਨਾਸਰੋਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਲਈ ਇਹ ਬਹੁਤ ਵੱਡਾ ਤੋਹਫ਼ਾ ਹੈ ਕਿ ਕੌਮਾਂਤਰੀ ਹਾਕੀ ਮੁਕਾਬਲਿਆਂ ਦੀ ਬਹੁਤ ਜ਼ਰੂਰੀ ਐਸਟੋਟਰਫ ਨੂੰ ਫ਼ਿਰੋਜ਼ਪੁਰ ਵਿਖੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ।। ਉਨ੍ਹਾਂ ਕਿਹਾ ਕਿ ਸਾਢੇ ਪੰਜ ਕਰੋੜ ਦੀ ਲਾਗਤ ਨਾਲ ਵਿਛਾਈ ਜਾਣ ਵਾਲੀ ਇਸ ਐਸਟੋਟਰਫ਼ ਨਾਲ ਫ਼ਿਰੋਜ਼ਪੁਰ ਸਣੇ ਹਾਕੀ ਦੇ ਗੜ੍ਹ ਮੰਨੇ ਜਾਂਦੇ ਇਸ ਸ਼ਹਿਰ ਅਤੇ ਨੇੜਲੇ ਸ਼ਹਿਰਾਂ ਫ਼ਰੀਦਕੋਟ, ਮੋਗਾ ਤੇ ਤਰਨ ਤਾਰਨ ਨੂੰ ਵੀ ਵੱਡਾ ਫ਼ਾਇਦਾ ਹੋਵੇਗਾ।

ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਐਸਟੋਟਰਫ਼ ਵਿਛਾਉਣ ਉਪਰੰਤ ਹਰ ਸਾਲ ਸ਼ਹੀਦ ਭਗਤ ਸਿੰਘ ਹਾਕੀ ਕੱਪ ਕਰਵਾਇਆ ਜਾਵੇਗਾ ਜਿਸ ਵਿੱਚ ਦੇਸ਼ ਦੇ ਨਾਮੀ ਖਿਡਾਰੀ ਹਿੱਸਾ ਲਿਆ ਕਰਨਗੇ।

Posted By: Jagjit Singh