ਖੇਡਾਂ ਵਿਚ ਇਸ ਸਮੇਂ ਇਸਤਰੀਆਂ ਦੇ ਖੇਡ ਪ੍ਰਦਰਸ਼ਨ 'ਚ ਜੋ ਸੁਧਾਰ ਆਇਆ ਹੈ, ਉਹ ਸਥਿਤੀ ਪਹਿਲਾਂ ਕਦੇ ਨਹੀਂ ਸੀ ਬਣੀ। ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਕਿ ਕੋਈ ਇਸਤਰੀ ਪਦਮ ਵਿਭੂਸ਼ਣ ਲਈ ਖੇਡ ਜਗਤ ਵਿਚੋਂ ਨਾਮਜ਼ਦ ਹੋਵੇ। ਇਨ੍ਹਾਂ ਖਿਡਾਰਨਾਂ ਨੇ ਆਪਣੀਆਂ ਉੱਤਮ ਖੇਡ ਪ੍ਰਾਪਤੀਆਂ ਨਾਲ ਵੱਡੀਆਂ ਸੰਭਾਵਨਾਵਾਂ ਜਗਾਈਆਂ ਹਨ।

ਸਨਮਾਨਾਂ 'ਚ ਕੋਈ ਸਾਨੀ ਨਹੀਂ ਮੈਰੀ ਕੌਮ

ਭਾਰਤੀ ਮੁੱਕੇਬਾਜ਼ ਮੈਰੀ ਕੌਮ ਨੇ ਖੇਡਾਂ ਵਿਚ ਅਜਿਹਾ ਕ੍ਰਿਸ਼ਮਾ ਕੀਤਾ ਹੈ ਕਿ ਉਸ ਨੇ ਆਪਣੀ ਖੇਡ ਜ਼ਰੀਏ ਪੁਰਸ਼ਾਂ ਦਾ ਮੁਕਾਬਲਾ ਕਰਦੇ ਹੋਏ ਪਦਮ ਵਿਭੂਸ਼ਣ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਉਸ ਤੋਂ ਪਹਿਲਾਂ ਵਿਸ਼ਵਨਾਥਨ ਆਨੰਦ ਨੂੰ ਸ਼ਤਰੰਜ, ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਤੇ ਪਰਬਤ ਆਰੋਹੀ ਐਡਮੰਡ ਹਿਲੇਰੀ ਨੂੰ ਇਹ ਵੱਕਾਰੀ ਸਨਮਾਨ ਖੇਡ ਜਗਤ ਵਿਚੋਂ ਹਾਸਲ ਹੋਇਆ ਹੈ। ਮੈਰੀ ਕੌਮ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਚੌਥੀ ਖਿਡਾਰੀ ਹੈ। ਚਾਰ ਬੱਚਿਆਂ ਦੀ ਮਾਂ ਮੈਰੀ ਕੌਮ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇ ਜੋਸ਼ ਅਤੇ ਜਜ਼ਬਾ ਹੋਵੇ ਤਾਂ ਉਮਰ ਪ੍ਰਾਪਤੀਆਂ ਦੇ ਰਾਹ ਦਾ ਰੋੜਾ ਨਹੀਂ ਬਣ ਸਕਦੀ। 6 ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕੌਮ ਨੂੰ 2013 ਵਿਚ ਪਦਮ ਭੂਸ਼ਨ ਅਤੇ ਇਸ ਤੋਂ ਪਹਿਲਾਂ 2006 ਵਿਚ ਪਦਮਸ਼੍ਰੀ ਮਿਲਿਆ ਸੀ। ਅਜੇ ਤਕ ਕਿਸੇ ਖਿਡਾਰਨ ਇਹ ਸਾਰੇ ਸਨਮਾਨ ਪ੍ਰਾਪਤ ਨਹੀਂ ਕੀਤੇ। ਸਿੱਕਮ ਸੂਬੇ ਦਾ ਇਕ ਹੋਰ ਨਾਮਵਰ ਤੇ ਸੰਸਾਰ ਪ੍ਰਸਿੱਧ ਫੁੱਟਬਾਲ ਖਿਡਾਰੀ ਭੂਚਿੰਗ ਭੂਟੀਆ ਖੇਡ ਜਗਤ ਵਿਚ ਮੈਰੀ ਕੌਮ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ।

ਵੱਡੀਆਂ ਸੰਭਾਵਨਾਵਾਂ ਵਾਲੀ ਖਿਡਾਰਨ ਪੀਵੀ ਸਿੰਧੂ

ਪੀਵੀ ਸਿੰਧੂ ਨੂੰ ਖੇਡਾਂ ਦੀ ਗੁੜ੍ਹਤੀ ਆਪਣੇ ਪਰਿਵਾਰ ਤੋਂ ਮਿਲੀ। ਸਿੰਧੂ ਦਾ ਜਨਮ 5 ਜੁਲਾਈ 1995 ਨੂੰ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਪੀਵੀ ਰਮਣ ਕੇ ਪੀ. ਵਿਜਯਾ ਦੇ ਘਰ ਹੋਇਆ। ਓਲੰਪਿਕ ਖੇਡਾਂ ਦੇ ਸਿੰਗਲਜ਼ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਉਹ ਪਹਿਲੀ ਖਿਡਾਰਨ ਹੈ। ਰੀਓ ਓਲੰਪਿਕ ਦੇ ਫਾਈਨਲ ਵਿਚ ਉਸ ਨੇ ਸਪੇਨ ਦੀ ਕਾਰੋਲੀਨਾ ਨਾਲ ਇਤਿਹਾਸਕ ਮੈਚ ਖੇਡਿਆ ਸੀ। ਇਸ ਸਾਲ ਬੀਡਬਲਿਊਐੱਫ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਉਸ ਪੀਵੀ ਸਿੰਧੂ ਨੇ ਪਦਮ ਭੂਸ਼ਨ ਆਪਣੇ ਨਾਂ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸੱਟ ਲੱਗਣ ਕਾਰਨ ਕਾਰੋਲੀਨਾ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਸੀ ਲਿਆ। ਹੁਣ ਉਹ ਸੱਟ ਤੋਂ ਉੱਭਰ ਚੁੱਕੀ ਹੈ ਤੇ ਦੋਹਾਂ ਦਾ ਟਾਕਰਾ ਟੋਕੀਓ ਓਲੰਪਿਕ 'ਚ ਹੋਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀ ਹਮਲਾਵਰ ਖੇਡ ਸਿੰਧੂ ਨੇ ਵਿਸ਼ਵ ਕੱਪ 'ਚ ਖੇਡੀ ਹੈ, ਜੇ ਉਹ ਆਪਣਾ ਇਹ ਰੁਖ਼ ਬਰਕਰਾਰ ਰੱਖਦੀ ਹੈ ਤਾਂ ਕੋਈ ਕਾਰਨ ਨਹੀ ਕਿ ਉਹ ਓਲੰਪਿਕ 'ਚ ਸੋਨੇ ਦਾ ਮੈਡਲ ਨਾ ਜਿੱਤ ਸਕੇ।


ਬਲਸ਼ਾਲੀ ਬੱਲੇਬਾਜ਼ੀ ਹਰਮਨਪ੍ਰੀਤ ਕੌਰ

ਹਰਮਨਪ੍ਰੀਤ ਕੌਰ ਨੇ ਨਵੰਬਰ 2019 ਵਿਚ ਟੀ-20 ਦੀ ਕਪਤਾਨ ਬਣ ਕੇ ਪੰਜਾਬ ਦਾ ਮਾਣ ਵਧਾਇਆ। ਮੋਗੇ ਨਾਲ ਸਬੰਧਤ ਇਸ ਖਿਡਾਰਨ ਨੇ ਕ੍ਰਿਕਟ ਵਿਚ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕਰ ਕੇ ਇਤਿਹਾਸ ਸਿਰਜਿਆ ਹੈ ਜੋ ਕਿਸੇ ਹੋਰ ਖਿਡਾਰਨ ਦੇ ਹਿੱਸੇ ਨਹੀਂ ਆਇਆ। 2017 ਵਿਚ ਹਰਮਨਪ੍ਰੀਤ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਹੁਣ ਉਸ ਨੂੰ ਵੀ ਪਦਮਸ਼੍ਰੀ ਨਾਲ ਨਿਵਾਜਿਆ ਗਿਆ ਹੈ। 8 ਮਾਰਚ 1989 ਨੂੰ ਮੋਗਾ ਵਿਖੇ ਸ. ਹਰਮਿੰਦਰ ਸਿੰਘ ਭੁੱਲਰ ਤੇ ਬਾਸਕਟਬਾਲ ਖਿਡਾਰਨ ਸਤਵਿੰਦਰ ਕੌਰ ਦੇ ਘਰ ਜਨਮੀ ਹਰਮਨਪ੍ਰੀਤ ਨੇ ਸਕੂਲ ਪੱਧਰ ਤੋਂ ਹੀ ਕ੍ਰਿਕਟ ਖੇਡਣ ਦੀ ਸ਼ੁਰੂਆਤ ਕਰ ਦਿੱਤੀ ਸੀ। 2014 ਵਿਚ ਉਸ ਨੇ ਮੁੰਬਈ ਵਿਖੇ ਭਾਰਤੀ ਰੇਲਵੇ ਲਈ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਦੋ ਟੈਸਟ ਮੈਚ, 86 ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਅਤੇ 77 ਕੌਮਾਂਤਰੀ ਟੀ-20 ਮੈਚ ਖੇਡੇ।


ਇਹ ਤਿੰਨੋਂ ਖਿਡਾਰਨਾਂ ਖੇਡ ਜਗਤ ਦੀਆਂ ਤਿੰਨ ਦੇਵੀਆਂ ਕਰਕੇ ਬੁਲਾਈਆ ਜਾ ਰਹੀਆਂ ਹਨ। ਇਨ੍ਹਾਂ ਤਿੰਨਾਂ ਨੇ ਬਹੁਤ ਸਾਰੀਆਂ ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਹੈ। ਇਨ੍ਹਾਂ ਖਿਡਾਰਨਾਂ ਤੋਂ ਇਲਾਵਾ ਅਥਲੈਟਿਕਸ ਵਿਚ ਹਿਮਾ ਦਾਸ, ਤੀਰਅੰਦਾਜ਼ੀ 'ਚ ਤਰੁਨਦੀਪ ਰਾਏ, ਟੇਬਲ ਟੈਨਿਸ 'ਚ ਮੋਨਿਕਾ ਬੱਤਰਾ, ਹਾਕੀ 'ਚ ਰਾਣੀ ਰਾਮਪਾਲ ਵੀ ਖ਼ਾਸ ਪ੍ਰਾਪਤੀਆਂ ਹਾਸਲ ਕਰ ਰਹੀਆਂ ਹਨ। ਭਾਰਤੀ ਖਿਡਾਰਨਾਂ ਨੇ ਦੇਸ਼ ਦੇ ਗੌਰਵ ਨੂੰ ਬੁਲੰਦ ਕੀਤਾ ਹੈ ਤੇ ਭਵਿੱਖ ਵਿਚ ਵੱਡੀਆਂ ਪ੍ਰਾਪਤੀਆਂ ਦੀ ਉਮੀਦ ਜਗਾਈ ਹੈ।

ਪ੍ਰੋ. ਜਤਿੰਦਰਬੀਰ ਸਿੰਘ ਨੰਦਾ

98152-55295

Posted By: Harjinder Sodhi