ਨਵੀਂ ਦਿੱਲੀ : ਵਿਸ਼ਵ ਜੂਨੀਅਰ ਚੈਂਪੀਅਨ ਹਿਮਾ ਦਾਸ ਦੇ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਨੂੰ ਲੈ ਕੇ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਭਾਰਤੀ ਅਥਲੈਟਿਕਸ ਮਹਾਸੰਘ ਨੇ ਆਈਏਏਐੱਫ ਨੂੰ ਖਿਡਾਰੀਆਂ ਦੀ ਜੋ ਮੁੱਢਲੀ ਸੂਚੀ ਭੇਜੀ ਹੈ ਉਸ ਵਿਚ ਇਸ ਖਿਡਾਰਨ ਦਾ ਨਾਂ ਨਹੀਂ ਹੈ। ਏਐੱਫਆਈ ਦੇ ਕੋਲ ਹਾਲਾਂਕਿ ਇਸ ਸੂਚੀ ਵਿਚ ਉਨ੍ਹਾਂ ਦਾ ਨਾਂ ਸ਼ਾਮਲ ਕਰਵਾਉਣ ਲਈ 16 ਸਤੰਬਰ ਤਕ ਦਾ ਸਮਾਂ ਹੈ। ਏਐੇੱਫਆਈ ਨੇ ਚਾਰ ਗੁਣਾ 400 ਰਿਲੇਅ ਅਤੇ ਚਾਰ ਗੁਣਾ 400 ਮਿਕਸਡ ਰਿਲੇਅ ਲਈ ਨੌਂ ਸਤੰਬਰ ਨੂੰ ਹਿਮਾ ਸਮੇਤ ਸੱਤ ਮਹਿਲਾ ਦੌੜਾਕਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਇਹ ਖੇਡਾਂ ਦੋਹਾ 'ਚ 27 ਸਤੰਬਰ ਤੋਂ ਛੇ ਅਕਤੂਬਰ ਤਕ ਹੋਣੀਆਂ ਹਨ। ਪਤਾ ਲੱਗਾ ਹੈ ਕਿ ਏਐੱਫਆਈ ਨੇ ਆਈਏਏਐੱਫ ਨੂੰ ਮਹਿਲਾ ਅਥਲੀਟਾਂ ਦੀ ਜੋ ਸੂਚੀ ਭੇਜੀ ਹੈ ਉਸ ਵਿਚ ਚਾਰ ਗੁਣਾ 400 ਮੀਟਰ ਮਹਿਲਾ ਰਿਲੇਅ ਦੌੜ ਲਈ ਵਿਸਮਇਆ ਵੀਕੇ, ਪੂਵੰਮਾ ਐੱਮਆਰ, ਜਿਸਨਾ ਮੈਥਿਊ, ਰੇਵਤੀ ਵੀ, ਸ਼ੁਭਾ ਵੈਂਕਟੇਸ਼ਨ, ਵਿੱਦਿਆ ਆਰ ਦਾ ਨਾਂ ਹੈ ਜਦਕਿ ਹਿਮਾ ਨੂੰ ਥਾਂ ਨਹੀਂ ਮਿਲੀ ਹੈ। 19 ਸਾਲ ਦੀ ਅਸਮ ਦੀ ਇਸ ਖਿਡਾਰਨ ਦਾ ਨਾਂ ਮਿਕਸਡ ਰਿਲੇਅ ਟੀਮ ਵਿਚ ਵੀ ਨਹੀਂ ਹੈ। ਮੁਹੰਮਦ ਅਨਸ, ਨਿਰਮਲ ਨੋਹ ਟੋਮ ਤੇ ਅਮੋਜ ਜੈਕਵ ਨਾਲ ਇਸ ਵਿਚ ਜਿਸਨਾ, ਪੂਵੰਮਾ ਤੇ ਵਿਸਮਇਆ ਨੂੰ ਥਾਂ ਦਿੱਤੀ ਗਈ ਹੈ। ਏਐੱਫਆਈ ਕੋਲ ਇਨ੍ਹਾਂ ਦੋਵਾਂ ਰਿਲੇਅ ਟੀਮਾਂ ਵਿਚ ਹਿਮਾ ਦਾ ਨਾਂ ਜੋੜਨ ਲਈ 16 ਸਤੰਬਰ ਦੀ ਰਾਤ ਤਕ ਦਾ ਸਮਾਂ ਹੈ ਪਰ ਇਸ ਲਈ ਸੂਚੀ ਵਿਚੋਂ ਕਿਸੇ ਦੌੜਾਕ ਨੂੰ ਹਟਾਉਣਾ ਪਵੇਗਾ। ਏਐੱਫਆਈ ਦੇ ਪ੍ਰਧਾਨ ਆਦਿਲੇ ਸੁਮਾਰੀਵਾਲਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਹਿਮਾ ਦੀ ਹਿੱਸੇਦਾਰੀ ਦੇ ਕਿਸੇ ਵੀ ਫ਼ੈਸਲੇ ਬਾਰੇ ਜਾਣਕਾਰੀ ਨਹੀਂ ਹੈ।