ਫੱਰਾਟਾ ਦੌੜਾਕ ਹਿਮਾ ਦਾਸ ਦਾ ਜਨਮ ਮਾਂ ਜੋਨਾਲੀ ਤੇ ਪਿਤਾ ਰੋਨਜੀਤ ਦੇ ਗ੍ਰਹਿ ਪਿੰਡ ਕੰਧੁਲਿਮਾਰੀ, ਨੇੜੇ ਕਸਬਾ ਢਿੰਗ, ਜ਼ਿਲ੍ਹਾ ਨੌਗਾਂਵ, ਅਸਾਮ ਵਿਖੇ 9 ਜਨਵਰੀ 2000 ਨੂੰ ਹੋਇਆ। ਹਿਮਾ ਪੰਜ ਭੈਣ-ਭਰਾਵਾਂ 'ਚ ਸਭ ਤੋਂ ਛੋਟੀ ਹੈ। ਘਰ 'ਚ ਅਤਿ ਦੀ ਗ਼ਰੀਬੀ ਸੀ ਤੇ ਘਰ ਚਲਾਉਣ ਲਈ ਦਾਸ ਪਰਿਵਾਰ ਕੇਵਲ ਚਾਰ ਏਕੜ ਜ਼ਮੀਨ 'ਚ ਖੇਤੀਬਾੜੀ ਕਰਦਾ ਸੀ। ਹਿਮਾ ਦਾਸ ਕੋਈ ਵੀ ਤਗਮਾ ਜਿੱਤਣ ਤੋਂ ਬਾਅਦ ਆਪਣੇ ਪਰਿਵਾਰ ਦੇ ਸੰਘਰਸ਼ ਨੂੰ ਅੱਜ ਵੀ ਯਾਦ ਕਰਦੀ ਹੈ। ਇਸ ਨਾਜ਼ੁਕ ਮੌਕੇ ਹਿਮਾ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਹਨ ਪਰ ਹਿਮਾ ਨੇ ਮੈਦਾਨ 'ਚ ਖ਼ੂਨ-ਪਸੀਨਾ ਇਕ ਕਰ ਕੇ ਦਰਸਾ ਦਿੱਤਾ ਹੈ ਕਿ ਮਿਹਨਤ ਕਦੇ ਅਜਾਈਂ ਨਹੀਂ ਜਾਂਦੀ।

ਪੜ੍ਹਾਈ ਤੇ ਖੇਡਾਂ ਦੀ ਸ਼ੁਰੂਆਤ

ਦੋ ਸਾਲ ਪਹਿਲਾਂ ਟਰੈਕ 'ਤੇ ਕਦਮ ਰੱਖਣ ਵਾਲੀ ਹਿਮਾ ਦਾਸ ਨੂੰ ਅੱਜ 'ਢਿੰਗ ਐਕਸਪ੍ਰੈਸ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਬਲਿਕ ਹਾਈ ਸਕੂਲ, ਢਿੰਗ 'ਚ ਪੜ੍ਹਦਿਆਂ ਹਿਮਾ ਫੁੱਟਬਾਲ ਖੇਡਦੀ ਸੀ। ਸਕੂਲ 'ਚ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸ਼ਮਸੁਲ ਹੱਕ ਦੇ ਕਹਿਣ 'ਤੇ ਉਸ ਨੇ ਦੌੜਨ ਦੀ ਸ਼ੁਰੂਆਤ ਕੀਤੀ। ਗ਼ਰੀਬੀ ਨਾਲ ਜੂਝ ਰਹੀ ਹਿਮਾ ਦਾਸ ਕੋਲ ਸਪੋਰਟਸ ਸ਼ੂਜ਼ ਖ਼ਰੀਦਣ ਲਈ ਪੈਸੇ ਨਹੀਂ ਸਨ। ਪਰਿਵਾਰ ਨੇ ਹਿਮਾ ਨੂੰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 'ਚ ਉਤਾਰਨ ਲਈ ਸਸਤੇ ਬੂਟ ਖ਼ਰੀਦੇ। ਕਰੀਅਰ ਦੀ ਪਹਿਲੀ ਪ੍ਰਾਪਤੀ ਵਜੋਂ ਹਿਮਾ ਨੇ ਇਸ ਮੁਕਾਬਲੇ 'ਚ 100 ਤੇ 200 ਮੀਟਰ ਦੌੜ 'ਚ ਦੋ ਸੋਨ ਤਗਮੇ ਜਿੱਤੇ। ਇਸ ਖੇਡ ਪ੍ਰਾਪਤੀ ਤੋਂ ਬਾਅਦ ਉਸ ਦੇ ਕੋਚ ਨਿਪੁਨ ਦਾਸ ਉਸ ਨੂੰ ਚੰਗੀ ਟ੍ਰੇਨਿੰਗ ਦੇਣ ਲਈ ਗੁਹਾਟੀ ਲੈ ਗਏ। ਗੁਹਾਟੀ ਵਿਖੇ ਸਿਖਲਾਈ ਦੌਰਾਨ ਹਿਮਾ ਦੇ ਖ਼ਰਚੇ ਦੀ ਜ਼ਿੰਮੇਵਾਰੀ ਕੋਚ ਨਿਪੁਨ ਦਾਸ ਨੂੰ ਚੁੱਕਣੀ ਪਈ। ਇਕ ਮਹੀਨੇ 'ਚ ਪੰਜ ਗੋਲਡ ਮੈਡਲ ਜਿੱਤਣ ਵਾਲੀ ਹਿਮਾ ਦਾਸ ਨੇ ਅਸਾਮ ਹਾਇਰ ਸੈਕੰਡਰੀ ਐਜੂਕੇਸ਼ਨ ਕੌਂਸਲ ਤੋਂ 12ਵੀਂ ਦਾ ਇਮਤਿਹਾਨ ਪਾਸ ਕੀਤਾ।

ਸਖ਼ਤ ਪ੍ਰੈਕਟਿਸ

ਹਿਮਾ ਦਾਸ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਮੈਨੂੰ ਸਿਰਫ਼ 12 ਤੋਂ 51 ਸਕਿੰਟ ਦੌੜਨ ਲਈ ਰੋਜ਼ਾਨਾ 8 ਘੰਟੇ ਪ੍ਰੈਕਟਿਸ ਕਰਨੀ ਪੈਂਦੀ ਹੈ। ਕੌਮਾਂਤਰੀ ਖੇਡ ਮੁਕਾਬਲਿਆਂ 'ਚ 200 ਤੋਂ ਵੱਧ ਦੇਸ਼ਾਂ ਦੇ ਖਿਡਾਰੀਆਂ ਨਾਲ ਮੱਥਾ ਲਾਉਣ ਲਈ ਸਵੇਰੇ 4 ਵਜੇ ਮੈਦਾਨ 'ਚ ਪੈਰ ਰੱਖਣਾ ਪੈਂਦਾ ਹੈ। ਇਨ੍ਹਾਂ ਕਰੜੇ ਖੇਡ ਸ਼ੈਸਨਾਂ 'ਚ ਜਾਨ ਕੱਢ ਦੇਣ ਵਾਲੀਆਂ ਸਪਰਿੰਟਾਂ ਲਗਾਈਆਂ ਜਾਂਦੀਆਂ ਹਨ। ਇਸੇ ਮਿਹਨਤ ਸਦਕਾ ਮੈਂ 19 ਦਿਨਾਂ 'ਚ ਦੇਸ਼ ਲਈ ਪੰਜ ਸੋਨ ਤਗਮੇ ਜਿੱਤੇ ਹਨ ਪਰ ਮੇਰਾ ਕਿਤੇ ਵੀ ਨਾਂ ਨਹੀਂ ਲਿਆ ਜਾ ਰਿਹਾ ਜਦਕਿ ਕ੍ਰਿਕਟ ਖੇਡਣ ਵਾਲੇ ਦੇਸ਼ਾਂ ਦੀ ਗਿਣਤੀ 10 ਹੈ। ਇੰਗਲੈਂਡ ਕ੍ਰਿਕਟ ਵਿਸ਼ਵ ਕੱਪ ਦੌਰਾਨ ਨਿਊਜ਼ੀਲੈਂਡ ਤੋਂ ਸੈਮੀਫਾਈਨਲ 'ਚ ਹਾਰਨ ਵਾਲੀ ਭਾਰਤੀ ਕ੍ਰਿਕਟ ਟੀਮ ਦੀ ਚਰਚਾ ਅਜੇ ਵੀ ਦੇਸ਼ 'ਚ ਚੱਲ ਰਹੀ ਸੀ। ਜੇ ਜਿੱਤ ਜਾਂਦੇ ਤਾਂ ਪਹਿਲਾਂ ਹੀ ਧਨ-ਦੌਲਤ ਨਾਲ ਮਾਲਾ-ਮਾਲ ਖਿਡਾਰੀਆਂ ਦੇ ਸਨਮਾਨਾਂ ਨਾਲ ਹੋਰ ਵੀ ਵਾਰੇ-ਨਿਆਰੇ ਹੋ ਜਾਣੇ ਸਨ। ਕ੍ਰਿਕਟ ਵਰਲਡ ਕੱਪ ਨਾ ਜਿੱਤਣ ਤੋਂ ਬਾਅਦ ਵੀ ਜਨਤਾ ਤੇ ਮੀਡੀਆ 'ਚ ਭਾਰਤੀ ਕ੍ਰਿਕਟ ਟੀਮ ਦੇ ਸੋਹਲੇ ਗਾਏ ਜਾ ਰਹੇ ਹਨ। ਜ਼ਰਾ ਸੋਚੋ, ਜਦੋਂ ਮੇਰੇ ਅਸਾਮ ਦੇ ਲੋਕ ਤੇ ਮੇਰਾ ਘਰ ਹੜ੍ਹਾਂ ਨਾਲ ਡੁੱਬ ਰਿਹਾ ਸੀ ਤਾਂ ਉਸ ਸਮੇਂ ਮੈਂ ਦੇਸ਼ ਨੂੰ ਪੰਜ ਗੋਲਡ ਮੈਡਲ ਜਿਤਾਉਣ ਸਦਕਾ ਫਖ਼ਰ ਮਹਿਸੂਸ ਕਰ ਰਹੀ ਸਾਂ। ਕੀ ਇਸ ਦੇ ਲਈ ਮੈਨੂੰ ਅਲੱਗ ਟਰੀਟਮੈਂਟ ਨਹੀਂ ਚਾਹੀਦਾ? ਦੇਸ਼ ਵਾਸੀਆਂ ਨੂੰ ਦੂਜੀਆਂ ਖੇਡਾਂ ਦੇ ਜੇਤੂਆਂ ਨੂੰ ਵੀ ਉਸੇ ਤਰ੍ਹਾਂ ਮਾਣ-ਸਤਿਕਾਰ ਦੇਣਾ ਚਾਹੀਦਾ ਹੈ, ਜਿਵੇਂ ਉਙ ਕ੍ਰਿਕਟਰਾਂ ਨੂੰ ਦਿੰਦੇ ਹਨ। ਮੇਰੀ ਅਸਲੀ ਮੰਜ਼ਿਲ 2021 ਦੀ ਓਲੰਪਿਕ ਹੈ।

ਸੋਨੇ 'ਚ ਮੜ੍ਹੀ ਉੱਡਣ ਪਰੀ

ਕੌਮਾਂਤਰੀ ਅਥਲੀਟ ਭਗੇਸਵਰ ਬਰੂਆਹ ਤੋਂ ਬਾਅਦ ਹਿਮਾ ਦਾਸ ਅਸਾਮ ਦੀ ਦੂਜੀ ਅਥਲੀਟ ਹੈ ਜਿਸ ਨੂੰ ਏਸ਼ੀਅਨ ਖੇਡਾਂ 'ਚ ਗੋਲਡ ਮੈਡਲ ਜਿੱਤਣ ਦਾ ਹੱਕ ਹਾਸਲ ਹੋਇਆ ਹੈ। 25 ਸਤੰਬਰ 2018 ਨੂੰ ਹਿਮਾ ਦਾਸ ਨੂੰ ਰਾਸ਼ਟਰਪਤੀ ਵੱਲੋਂ 'ਅਰਜੁਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। 100, 200 ਤੇ 400 ਮੀਟਰ ਦੀਆਂ ਦੌੜਏ ਹਿਮਾ ਦੇ ਪਸੰਦੀਦਾ ਈਵੈਂਟ ਹਨ।

ਸੰਨ 2019 'ਚ ਹਿਮਾ ਦਾਸ ਨੇ ਪੋਲੈਂਡ ਦੇ ਸ਼ਹਿਰ ਪੋਜ਼ਨਾਨ ਵਿਚ ਅਥਲੈਟਿਕਸ ਮੀਟ 'ਚ 200 ਮੀਟਰ ਤੇਜ਼ ਦੌੜ

23. 65 ਸਕਿੰਟ ਦੇ ਸਮੇਂ ਨਾਲ ਜਿੱਤ ਕੇ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ ਸੀ। ਇਸੇ ਸਾਲ ਦੂਜਾ ਗੋਲਡ ਮੈਡਲ ਹਿਮਾ ਦਾਸ ਨੇ ਪੋਲੈਂਡ ਦੇ ਸ਼ਹਿਰ ਕੁਟਨੋ 'ਚ ਹਾਸਲ ਕੀਤਾ। ਇੱਥੇ ਹਿਮਾ ਨੇ 200 ਮੀਟਰ ਫਰਾਟਾ ਦੌੜ 'ਚ 23.97 ਸਕਿੰਟ ਦਾ ਸਮਾਂ ਕੱਢਿਆ। ਤੀਜਾ ਸੋਨ ਤਗਮਾ ਹਿਮਾ ਦਾਸ ਨੇ ਚੈੱਕ ਗਣਰਾਜ 'ਚ ਇਸੇ ਸਾਲ ਕਲਾਡਨੋ ਅਥਲੈਟਿਕਸ ਮੀਟ 'ਚ ਆਪਣੇ ਨਾਂ ਕੀਤਾ। ਇਸ ਖੇਡ ਮੇਲੇ 'ਚ ਉਸ ਨੇ 200 ਮੀਟਰ ਦੌੜ ਲਈ 23.43 ਸਕਿੰਟ ਦਾ ਸਮਾਂ ਲਿਆ। ਚੈੱਕ ਗਣਰਾਜ 'ਚ ਟੈਬੋਰ ਅਥਲੈਟਿਕਸ ਮੀਟ 'ਚ ਉਸ ਨੇ 200 ਮੀਟਰ ਰੇਸ 'ਚ 23.25 ਦੀ 'ਬੈਸਟ ਟਾਈਮਿੰਗ' ਨਾਲ ਚੌਥਾ ਸੋਨ ਤਗਮਾ ਹਾਸਲ ਕੀਤਾ। ਪੰਜਵਾਂ ਸੋਨ ਤਗਮਾ ਹਿਮਾ ਨੇ ਜੁਲਾਈ 2020 ਵਿਚ ਚੈੱਕ ਗਣਰਾਜ ਦੀ ਨੋਵੇ ਮੇਸਟੋ ਨੇਡ ਮੇਤੂਜੀ ਗਰਾਂਡ ਪ੍ਰਿਕਸ ਅਥਲੈਟਿਕਸ ਮੀਟ 'ਚ 400 ਮੀਟਰ ਰੇਸ 'ਚ 52.09 ਸਕਿੰਟ ਦੇ ਸਮੇਂ ਨਾਲ ਜਿੱਤਿਆ।

ਸੋਨ ਤਗਮਾ ਜਿੱਤਣ ਦੇ ਬਾਵਜੂਦ ਉੱਡਣ ਪਰੀ ਹਿਮਾ ਦਾਸ ਇਸ ਦੌੜ ਵਿਚ ਜਕਾਰਤਾ ਏਸ਼ਿਆਈ ਖੇਡਾਂ ਵਾਲੀ ਕਾਰਗੁਜ਼ਾਰੀ ਦੁਰਹਾਉਣ ਤੋਂ ਬਹੁਤ ਪਿੱਛੇ ਰਹਿ ਗਈ। ਉਸ਼ ਨੇ ਜਕਾਰਤਾ ਏਸ਼ਿਆਈ ਖੇਡਾਂ 'ਚ 50.79 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ ਆਪਣੇ ਖਾਤੇ 'ਚ ਜਮ੍ਹਾਂ ਕੀਤਾ ਸੀ।

ਖੇਡ ਪ੍ਰਾਪਤੀਆਂ

ਆਪਣੇ ਖੇਡ ਕਰੀਅਰ ਦਾ ਪਹਿਲਾ ਸੋਨ ਤਗਮਾ ਹਿਮਾ ਨੇ ਟੈਪਰੇ-2018 'ਚ ਖੇਡੀ ਗਈ ਅੰਡਰ-20 ਵਰਲਡ ਅਥਲੈਟਿਕਸ ਚੈਂਪੀਅਨਸ਼ਿਪ 'ਚ ਹਾਸਲ ਕੀਤਾ ਸੀ। ਹਿਮਾ ਦਾਸ ਦੇਸ਼ ਦੀ ਪਹਿਲੀ ਮਹਿਲਾ ਅਥਲੀਟ ਹੈ ਜਿਸ ਨੇ ਅੰਡਰ-20 ਵਿਸ਼ਵ ਅਥਲੈਟਿਕਸ ਮੀਟ 'ਚ ਸੋਨ ਤਗਮਾ ਜਿੱਤਣ ਦਾ ਐਜ਼ਾਜ ਹਾਸਲ ਕੀਤਾ। ਇਸੇ ਸਾਲ ਜਕਾਰਤਾ-2018 ਏਸ਼ਿਆਈ ਖੇਡਾਂ 'ਚ 18 ਸਾਲਾ ਹਿਮਾ ਨੇ ਦੋ ਸੋਨੇ ਤੇ ਇਕ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। ਜਕਾਰਤਾ 'ਚ 400 ਮੀਟਰ 'ਚ ਚਾਂਦੀ ਦਾ ਤਗਮਾ ਹਾਸਲ ਕਰਨ ਵਾਲੀ ਹਿਮਾ ਦਾਸ ਨੇ ਮਹਿਲਾ ਰੀਲੇਅ ਰੇਸ 4*400 ਮੀਟਰ ਤੇ 4*400 ਮੀਟਰ ਮਿਕਸਡ ਰੀਲੇਅ ਰੇਸ 'ਚ ਦੋ ਸੋਨ ਤਗਮੇ ਹਾਸਲ ਕਰ ਕੇ ਆਪਣੇ ਅਥਲੈਟਿਕਸ ਕਰੀਅਰ ਨੂੰ ਬੁਲੰਦੀ 'ਤੇ ਪਹੁੰਚਾਇਆ। 4*400 ਮੀਟਰ ਮਿਕਸਡ ਰੀਲੇਅ ਰੇਸ ਨੂੰ ਪਹਿਲੀ ਵਾਰ ਏਸ਼ੀਅਨ ਗੇਮਜ਼ 'ਚ ਸ਼ਾਮਲ ਕੀਤਾ ਗਿਆ ਸੀ, ਜਿਸ 'ਚ ਪਹਿਲਾ ਗੋਲਡ ਮੈਡਲ ਕੀਨੀਆ ਦੀ ਟੀਮ ਨੇ ਜਿੱਤਿਆ ਸੀ ਕੀਨੀਆ ਦੇ ਸੋਨ ਤਗਮਾ ਜੇਤੂ ਅਥਲੀਟਾਂ ਦਾ ਡਰੱਗ ਟੈਸਟ ਪਾਜ਼ੇਟਿਵ ਆਉਣ ਕਾਰਨ ਪ੍ਰਬੰਧਕਾਂ ਵੱਲੋਂ ਭਾਰਤੀ ਰੀਲੇਅ ਟੀਮ ਨੂੰ ਗੋਲਡ ਮੈਡਲ ਜੇਤੂ ਕਰਾਰ ਦੇ ਦਿੱਤਾ ਸੀ। ਜਕਾਰਤਾ ਏਸ਼ਿਆਈ ਖੇਡਾਂ ਹਿਮਾ ਨੇ 400 ਮੀਟਰ 'ਚ 50.79 ਸਕਿੰਟ ਨਾਲ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਂ ਕੀਤਾ।

- ਸੁਖਵਿੰਦਰਜੀਤ ਸਿੰਘ ਮਨੌਲੀ,

94171-82993

Posted By: Harjinder Sodhi