ਨਵੀਂ ਦਿੱਲੀ (ਪੀਟੀਆਈ) : ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਇਸ ਮਹੀਨੇ ਦੇ ਅੰਤ ਵਿਚ ਛੇ ਮੈਚਾਂ ਦੇ ਦੌਰੇ 'ਤੇ ਚਿਲੀ ਜਾਵੇਗੀ। ਕੋਰੋਨਾ ਮਹਾਮਾਰੀ ਕਾਰਨ ਮਿਲੀ ਬ੍ਰੇਕ ਕਾਰਨ ਇਕ ਸਾਲ ਤੋਂ ਵੱਧ ਸਮੇਂ ਬਾਅਦ ਇਹ ਟੀਮ ਦਾ ਪਹਿਲਾ ਟੂਰਨਾਮੈਂਟ ਹੋਵੇਗਾ। ਭਾਰਤੀ ਜੂਨੀਅਰ ਮਹਿਲਾ ਟੀਮ ਨੇ ਪਿਛਲੀ ਵਾਰ ਦਸੰਬਰ 2019 ਵਿਚ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਖ਼ਿਲਾਫ਼ ਤਿੰਨ ਦੇਸ਼ਾਂ ਦਾ ਟੂਰਨਾਮੈਂਟ ਖੇਡਿਆ ਸੀ। ਇਹ ਟੀਮ ਹੁਣ 17 ਤੇ 18 ਜਨਵਰੀ ਨੂੰ ਚਿਲੀ ਦੀ ਜੂਨੀਅਰ ਟੀਮ ਨਾਲ ਮੁਕਾਬਲੇ ਖੇਡੇਗੀ। ਇਸ ਤੋਂ ਬਾਅਦ 20, 21, 23 ਤੇ 24 ਜਨਵਰੀ ਨੂੰ ਚਿਲੀ ਦੀ ਸਨੀਅਰ ਟੀਮ ਨਾਲ ਮੁਕਾਬਲੇ ਹੋਣਗੇ। ਭਾਰਤੀ ਟੀਮ ਦੀ ਕਮਾਨ ਡਿਫੈਂਡਰ ਸੁਮਨ ਦੇਵੀ ਦੇ ਹੱਥਾਂ ਵਿਚ ਹੋਵੇਗੀ ਜਦਕਿ ਇਸ਼ਿਕਾ ਚੌਧਰੀ ਉੱਪ ਕਪਤਾਨ ਹੋਵੇਗੀ। ਇਹ ਦੌਰਾ ਇਸ ਸਾਲ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਦੀ ਤਿਆਰੀ ਲਈ ਅਹਿਮ ਮੰਨਿਆ ਜਾ ਰਿਹਾ ਹੈ। ਹਾਕੀ ਇੰਡੀਆ ਤੇ ਚਿਲੀ ਹਾਕੀ ਮਹਾਸੰਘ ਇਸ ਦੌਰੇ ਨਾਲ ਜੁੜੇ ਸਾਰੇ ਲੋਕਾਂ ਲਈ ਬਾਇਓ-ਬਬਲ (ਕੋਰਨਾ ਤੋਂ ਬਚਾਅ ਲਈ ਸੁਰੱਖਿਅਤ ਮਾਹੌਲ) ਤਿਆਰ ਕਰਨਗੇ।