ਹਰਨੇਕ ਸਿੰਘ ਜੈਨਪੁਰੀ, ਕਪੂਰਥਲਾ : ਆਰਸੀਐੱਫ (ਰੇਲ ਕੋਚ ਫੈਕਟਰੀ) ਦੀ 16 ਸਾਲਾ ਹਰਸਿਮਰਨ ਕੌਰ ਦੀ ਭਾਰਤੀ ਮਹਿਲਾ ਬਾਸਕਿਟਬਾਲ ਟੀਮ 'ਚ ਚੋਣ ਹੋਈ ਹੈ। ਹਰਸਿਮਰਨ 2ਪੰਜਾਬ ਦੀ ਇਕਲੌਤੀ ਖਿਡਾਰੀ ਹੈ, ਜਿਸ ਨੂੰ ਸਭ ਤੋਂ ਘੱਟ ਉਮਰ 'ਚ ਭਾਰਤੀ ਸੀਨੀਅਰ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ।

ਨੇਪਾਲ ਦੀ ਰਾਜਧਾਨੀ ਕਾਠਮਾਂਡੂ 'ਚ 10 ਦਸੰਬਰ ਤਕ ਚੱਲਣ ਵਾਲੀ ਦੱਖਣੀ ਏਸ਼ੀਆਈ ਖੇਡਾਂ ਲਈ ਭਾਰਤੀ ਪੁਰਸ਼ ਤੇ ਮਹਿਲਾ ਬਾਸਕਿਟਬਾਲ ਦਾ ਐਲਾਨ ਸੋਮਵਾਰ ਨੂੰ ਹੋਇਆ। ਦੋਵੇਂ ਟੀਮਾਂ ਤਿੰਨ ਦਸੰਬਰ ਨੂੰ ਰਵਾਨਾ ਹੋਣਗੀਆਂ। ਮਹਿਲਾ ਟੀਮ 'ਚ ਹਰਸਿਮਰਨ ਕੌਰ ਤੇ ਪੁਰਸ਼ਾਂ 'ਚ ਪੰਜਾਬ ਦੇ 17 ਸਾਲਾ ਅਮਾਨ ਸੰਧੂ, ਸਤਨਾਮ ਸਿੰਘ ਤੇ ਅੰਮਿ੍ਤਪਾਲ ਸਿੰਘ ਦੀ ਚੋਣ ਹੋਈ ਹੈ। ਹਰਸਿਮਰਨ ਤੋਂ ਇਲਾਵਾ ਸੰਧੂ ਤੇ ਸਤਨਾਮ ਐੱਨਬੀਏ ਅਕਾਦਮੀ ਤੋਂ ਨਿਕਲੀਆਂ ਪ੍ਰਤਿਭਾਵਾਂ ਹਨ।

ਐੱਨਬੀਏ ਦੇ ਕੈਂਪ 'ਚ ਲਈ ਸਿਖਲਾਈ

ਹਰਸਿਮਰਨ ਐੱਨਬੀਏ ਵੱਲੋਂ ਕੈਨਬਰਾ (ਆਸਟ੍ਰੇਲੀਆ) 'ਚ ਕਰਵਾਈ ਗਲੋਬਲ ਟ੍ਰੇਨਿੰਗ ਕੈਂਪ (7 ਤੋਂ 23 ਨਵੰਬਰ) 'ਚ ਹਿੱਸਾ ਲੈਣ ਤੋਂ ਬਾਅਦ ਹਾਲ ਹੀ ਪਰਤੀ ਸੀ। ਬਾਅਦ 'ਚ ਉਸ ਨੇ ਬੈਂਗਲੁਰੂ 'ਚ ਬਾਸਕਿਟਬਾਲ ਕੈਂਪ 'ਚ ਹਿੱਸਾ ਲਿਆ ਤੇ ਹੁਣ ਉਹ ਦੱਖਣੀ ਏਸ਼ੀਆਈ ਖੇਡਾਂ 'ਚ ਦੇਸ਼ ਨੂੰ ਮੈਡਲ ਦਿਵਾਉਣ ਦੀ ਕੋਸ਼ਿਸ਼ ਕਰੇਗੀ।

ਹਰਸਿਮਰਨ ਕੌਰਨੇ 2013 'ਚ ਬਾਸਕਿਟਬਾਲ ਖੇਡਣਾ ਸ਼ੁਰੂ ਕੀਤਾ ਸੀ। 6 ਫੁੱਟ ਢਾਈ ਇੰਚ ਦੀ ਕਦ ਵਾਲੀ ਹਰਸਿਮਰਨ ਸਿਰਫ 15 ਸਾਲ ਦੀ ਉਮਰ 'ਚ ਬਾਸਕਿਟਬਾਲ ਦੀ ਸਭ ਤੋਂ ਵੱਕਾਰੀ ਸੰਸਥਾ ਐੱਨਬੀਏ ਵੱਲੋਂ 2 ਤੋਂ 7 ਅਪ੍ਰੈਲ ਤਕ ਫਲੋਰੀਡਾ (ਅਮਰੀਕਾ) 'ਚ ਹੋਏ ਕੈਂਪ 'ਚ ਵੀ ਹਿੱਸਾ ਲੈ ਚੁੱਕੀ ਹੈ। ਇਸ ਕੈਂਪ ਲਈ ਦੇਸ਼ ਦੀ ਚਾਰ ਕੁੜੀਆਂ ਦੀ ਚੋਣ ਹੋਈ ਸੀ ਪਰ ਕੈਂਪ ਮਗਰੋਂ ਐੱਨਬੀਏ ਨੇ ਇਕੱਲੀ ਹਰਸਿਮਰਨ ਨੂੰ ਹੀ ਗਲੋਬਲ ਕੈਂਪ ਲਈ ਯੋਗ ਸਮਿਝਆ।

ਘਰ ਤੋਂ ਮਿਲੀ ਖੇਡਣ ਦੀ ਪ੍ਰੇਰਨਾ

ਹਰਸਿਮਰਨ ਕੌਰ ਨੂੰ ਖੇਡ ਦੀ ਪ੍ਰੇਰਨਾ ਅਤੇ ਵਾਤਾਵਰਨ ਘਰ ਤੋਂ ਮਿਲਿਆ ਹੈ। ਉਸ ਦੀ ਮਾਂ ਸੁਮਨਪ੍ਰੀਤ ਕੌਰ ਇਕ ਕੌਮਾਂਤਰੀ ਵਾਲੀਬਾਲ ਖਿਡਾਰੀ ਹੈ, ਜਿਸ ਨੇ ਦੋ ਵਾਰ ਭਾਰਤੀ ਦੀ ਅਗਵਾਈ ਕੀਤੀ ਹੈ। ਹਰਸਿਮਰਨ ਨੇ ਕਿਹਾ ਦੱਖਣੀ ਏਸ਼ੀਆ ਖੇਡਾਂ 'ਚ ਭਾਰਤ ਲਈ ਗੋਲਡ ਮੈਡਲ ਜਿੱਤਣਾ ਉਸ ਦਾ ਸੁਪਨਾ ਹੈ। ਇਸ ਨੂੰ ਪੂਰਾ ਕਰਨ ਲਈ ਉਹ ਕੋਈ ਕਸਰ ਨਹੀਂ ਛੱਡੇਗੀ।

ਉਧਰ, ਭਾਰਤੀ ਪੁਰਸ਼ ਬਾਸਕਿਟਬਾਲ ਟੀਮ 'ਚ ਚੁਣੇ ਗਏ ਅਮਾਨ ਸੰਧੂ ਤੇ ਸਤਨਾਮ ਸਿੰਘ ਵੀ ਐੱਨਬੀਏ ਦੀ ਹੀ ਖੋਜ ਹਨ। ਅਮਾਨ ਸੰਧੂ 17 ਸਾਲਾ ਨੌਜਵਾਨ ਪ੍ਰਤਿਭਾ ਹੈ ਜਿਸ ਨੂੰ ਐੱਨਬੀਏ ਦੀ ਦਿੱਲੀ ਅਕਾਡਮੀ ਵੱਲੋਂ ਸਿਖਲਾਈ ਦਿੱਤੀ ਗਈ ਹੈ ਜਦਕਿ ਸਤਨਾਮ ਸਿੰਘ ਐੱਨਬੀਏ ਵੱਲੋਂ ਅਮਰੀਕਾ 'ਚ ਕਰਵਾਈ ਜਾਂਦੀ ਬਾਸਕਿਟਬਾਲ ਦੀ ਦੁਨੀਆ ਦੀ ਸਭ ਤੋਂ ਵੱਕਾਰੀ ਲੀਗ ਖੇਡ ਚੁੱਕੇ ਹਨ। ਅੰਮਿ੍ਤਪਾਲ ਪੰਜਾਬ ਪੁਲਿਸ ਦੇ ਖਿਡਾਰੀ ਹਨ, ਜਿਨ੍ਹਾਂ ਨੂੰ ਭਾਰਤੀ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ।

ਭਾਰਤੀ ਮਹਿਲਾ ਬਾਸਕਿਟਬਾਲ ਟੀਮ

ਜੀਨਾ ਸਿਕਾਰਿਆ (ਕਪਤਾਨ), ਮਧੂ ਕੁਮਾਰੀ, ਨਵਨੀਥਾ ਪੀਊ, ਦਰਸ਼ਨੀ ਥਿ੍ਨੂਵਾਕੂਸੂ, ਸ਼੍ਰੀਵਿਧਿਆ ਵੈਂਕਟਰਮਨ, ਸਤਿਆ ਸੈਂਥਲੀਕੁਮਾਰ, ਅੰਜਲਾ ਪ੍ਰਸੰਨ ਗੀਤਾ, ਨਿੰਮੀ ਜਾਰਜ, ਸਟੈਫਨੀ ਨਿਕੋਨ, ਲੋਪਾਮੁਦਰਾ ਟੀਕੇ, ਸ਼੍ਰੀਈਨ ਵਿਜੇ ਲਿਮਹੇਂ ਤੇ ਹਰਸਿਮਰਨ ਕੌਰ।

ਭਾਰਤੀ ਪੁਰਸ਼ ਟੀਮ : ਵਿਸ਼ੇਸ਼ ਬਿ੍ਗੁਵਾਸ਼ੀ (ਕਪਤਾਨ), ਜੋਗਿੰਦਰ ਸਿੰਘ, ਪ੍ਰਸੰਨਾ ਵੈਂਕਟੇਸ਼, ਮੁਇਨ ਬੇਗ, ਅਰਵਿੰਦ ਅਨਾਦੂਰੀ, ਅਰਵਿੰਦ ਅਰਮੁਗਮ, ਸਤਨਾਮ ਸਿੰਘ, ਅੰਮਿ੍ਤਪਾਲ ਸਿੰਘ, ਅਮਾਨ ਸੰਧੂ, ਸੀਜਿਨ ਮੈਥਿਊ, ਸ਼ਹਿਹਾਜ ਪਟੇਲ ਤੇ ਹਰਸ਼ ਡੋਗਰ।