ਦੋਹਾ (ਰਾਇਟਰ) : ਫੀਫਾ ਦੀ ਧਮਕੀ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਹੈਰੀ ਕੇਨ ਈਰਾਨ ਖ਼ਿਲਾਫ਼ ਮੈਚ ਦੌਰਾਨ ਸਮਲਿੰਗੀਆਂ ਦੇ ਸਮਰਥਨ ਵਿਚ 'ਵਨ ਲਵ' ਆਰਮ ਬੈਂਡ ਪਹਿਨ ਕੇ ਨਹੀਂ ਉਤਰੇ। ਹੈਰੀ ਕੇਨ ਹੀ ਨਹੀਂ ਬਲਕਿ ਵੇਲਜ਼, ਨੀਦਰਲੈਂਡ, ਬੈਲਜੀਅਮ, ਸਵਿਟਜ਼ਰਲੈਂਡ, ਜਰਮਨੀ ਤੇ ਡੈਨਮਾਰਕ ਦੇ ਕਪਤਾਨਾਂ ਨੂੰ ਵੀ ਫੀਫਾ ਦੇ ਦਬਾਅ ਦੇ ਅੱਗੇ ਝੁਕਣਾ ਪਿਆ ਹੈ।

ਦਰਅਸਲ ਹੈਰੀ ਕੇਨ ਨੇ ਐਤਵਾਰ ਨੂੰ ਕਿਹਾ ਸੀ ਕਿ ਉਹ ਈਰਾਨ ਖ਼ਿਲਾਫ਼ ਹੋਣ ਵਾਲੇ ਮੈਚ ਵਿਚ ਵਨ ਲਵ ਆਰਮ ਬੈਂਡ ਪਹਿਨ ਕੇ ਉਤਰਨਗੇ। ਇਸ ਤੋਂ ਬਾਅਦ ਫੀਫਾ ਨੇ ਕਿਹਾ ਸੀ ਕਿ ਜੇ ਕੋਈ ਖਿਡਾਰੀ ਮੈਚ ਵਿਚ ਆਰਮ ਬੈਂਡ ਪਹਿਨ ਕੇ ਉਤਰਦਾ ਹੈ ਤਾਂ ਉਸ ਨੂੰ ਉਸੇ ਵੇਲੇ ਯੈਲੋ ਕਾਰਡ ਦਿਖਾਇਆ ਜਾਵੇਗਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੰਗਲੈਂਡ-ਈਰਾਨ ਦੇ ਮੈਚ ਤੋਂ ਕੁਝ ਘੰਟੇ ਪਹਿਲਾਂ ਯੂਰਪ ਦੀਆਂ ਸੱਤ ਟੀਮਾਂ ਨੇ ਸਾਂਝੇ ਤੌਰ 'ਤੇ ਬਿਆਨ ਜਾਰੀ ਕਰ ਕੇ ਕਿਹਾ ਕਿ ਵਿਸ਼ਵ ਪੱਧਰੀ ਫੁੱਟਬਾਲ ਸੰਸਥਾ ਬਿਲਕੁਲ ਸਪੱਸ਼ਟ ਹੈ ਕਿ ਜੇ ਸਾਡੇ ਕਪਤਾਨ ਮੈਦਾਨ 'ਤੇ ਆਰਮ ਬੈਂਡ ਪਹਿਨ ਕੇ ਉਤਰਨਗੇ ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ। ਰਾਸ਼ਟਰੀ ਸੰਘ ਹੋਣ ਵਜੋਂ ਅਸੀਂ ਆਪਣੇ ਖਿਡਾਰੀਆਂ ਨੂੰ ਉਸ ਸਥਿਤੀ ਵਿਚ ਨਹੀਂ ਪਾ ਸਕਦੇ ਹਾਂ ਜਿੱਥੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇ। ਲਿਹਾਜ਼ਾ ਅਸੀਂ ਆਪਣੇ ਕਪਤਾਨਾਂ ਨੂੰ ਕਿਹਾ ਹੈ ਕਿ ਫੀਫਾ ਵਿਸ਼ਵ ਕੱਪ ਦੌਰਾਨ ਉਹ ਆਰਮ ਬੈਂਡ ਨਾ ਪਹਿਨਣ। ਸੇਨੇਗਲ ਨਾਲ ਹੋਣ ਵਾਲੇ ਮੈਚ ਤੋਂ ਪਹਿਲਾਂ ਨੀਦਰਲੈਂਡ ਦੇ ਫੁੱਟਬਾਲ ਸੰਘ ਨੇ ਕਿਹਾ ਕਿ ਅਸੀਂ ਭਾਰੀ ਮਨ ਨਾਲ ਇਹ ਫ਼ੈਸਲਾ ਕਰ ਰਹੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਪਤਾਨਾਂ ਨੂੰ ਮੈਦਾਨ 'ਤੇ ਉਤਰਦੇ ਹੀ ਯੈਲੋ ਕਾਰਡ ਦਿਖਾਇਆ ਜਾਵੇ, ਲਿਹਾਜ਼ਾ ਅਸੀਂ ਆਪਣੀ ਯੋਜਨਾ ਨੂੰ ਟਾਲ਼ ਰਹੇ ਹਾਂ। ਜ਼ਿਕਰਯੋਗ ਹੈ ਕਿ ਕਤਰ ਵਿਚ ਸਮਲਿੰਗਕਤਾ 'ਤੇ ਪਾਬੰਦੀ ਹੈ। ਯੂਰਪੀ ਖਿਡਾਰੀਆਂ ਨੇ ਵਿਸ਼ਵ ਕੱਪ ਦੌਰਾਨ ਸਮਲਿੰਗੀ ਪ੍ਰਸ਼ਸਕਾਂ ਦੀ ਕਤਰ ਦੀ ਯਾਤਰਾ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਕਤਰ ਦੇ ਵਿਸ਼ਵ ਕੱਪ ਅੰਬੈਸਡਰ ਖ਼ਾਲਿਦ ਸਲਮਾਨ ਨੇ ਇਸ ਬਾਰੇ ਕਿਹਾ ਸੀ ਕਿ ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਦੇਸ਼ ਦਾ ਕਾਨੂੰਨ ਮੰਨਣਾ ਪਵੇਗਾ।

ਕੀ ਹੈ ਨਿਯਮ : ਫੀਫਾ ਦੇ ਨਿਯਮਾਂ ਮੁਤਾਬਕ ਟੀਮ ਦੀ ਕਿੱਟ 'ਤੇ ਕਿਸੇ ਵੀ ਤਰ੍ਹਾਂ ਦਾ ਸਿਆਸੀ, ਧਾਰਮਿਕ, ਨਿੱਜੀ ਨਾਅਰਾ ਜਾਂ ਤਸਵੀਰ ਨਹੀਂ ਹੋਣੀ ਚਾਹੀਦੀ। ਫੀਫਾ ਦੀਆਂ ਚੈਂਪੀਅਨਸ਼ਿਪਾਂ ਵਿਚ ਟੀਮ ਦਾ ਕਪਤਾਨ ਸਿਰਫ਼ ਉਸ ਵੱਲੋਂ ਉਪਲੱਬਧ ਕਰਵਾਏ ਜਾਣ ਵਾਲੇ ਆਰਮ ਬੈਂਡ ਨੂੰ ਹੀ ਪਹਿਨ ਸਕਦਾ ਹੈ।

Posted By: Gurinder Singh