ਜਤਿੰਦਰ ਪੰਮੀ, ਜਲੰਧਰ : ਐੱਲਪੀਯੂ 'ਚ ਅੱਜ ਸ਼ੁਰੂ ਹੋਈ ਦੋ ਦਿਨਾ 65ਵੀਂ ਸੀਨੀਅਰ ਨੈਸ਼ਨਲ ਗ੍ਰੀਕੋ-ਰੋਮਨ ਕੁਸ਼ਤੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪੰਜਾਬ ਦੇ ਪਹਿਲਵਾਨ ਨੇ ਸੋਨੇ ਦਾ ਮੈਡਲ ਹਾਸਲ ਕਰ ਕੇ ਖ਼ਾਤਾ ਖੋਲਿ੍ਹਆ। ਪੰਜਾਬ ਦੇ ਹਰਪ੍ਰੀਤ ਸਿੰਘ ਨੇ 82 ਕਿੱਲੋ ਭਾਰ ਵਰਗ 'ਚ ਐੱਸਐੱਸਸੀਬੀ (ਆਰਮੀ ਸਰਵਿਸਿਜ਼) ਦੇ ਸੰਜੀਤ ਨੂੰ ਹਰਾ ਕੇ ਸੋਨੇ ਦਾ ਮੈਡਲ ਆਪਣੇ ਨਾਂ ਕੀਤਾ। ਹੋਰ ਮੁਕਾਬਲਿਆਂ 'ਚ ਆਰਮੀ, ਰੇਲਵੇ ਤੇ ਯੂਪੀ ਦੇ ਪਹਿਲਵਾਨਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਸੋਨੇ ਦੇ ਮੈਡਲ ਜਿੱਤੇ। ਦੋ ਦਿਨ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਵਿਚ ਵੱਖ-ਵੱਖ ਸੂਬਿਆਂ ਤੋਂ ਆਏ ਪਹਿਲਵਾਨਾਂ ਨੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਦੁਪਹਿਰ ਵੇਲੇ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਕੀਤਾ ਅਤੇ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ ਪਹਿਲਵਾਨਾਂ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ। ਇਸ ਸਬੰਧੀ ਗੱਲਬਾਤ ਕਰਦਿਆਂ ਜਗਜੀਤ ਰੈਸਲਿੰਗ ਅਕੈਡਮੀ ਦੇ ਪ੍ਰਧਾਨ ਤੇ ਏਡੀਸੀਪੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਪਹਿਲੇ ਦਿਨ ਪੰਜ ਭਾਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਤੇ ਸੰਸਦ ਮੈਂਬਰ ਬਿ੍ਜ ਭੂਸ਼ਣ ਸ਼ਰਨ ਸਿੰਘ, ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮਸ਼੍ਰੀ ਕਰਤਾਰ ਸਿੰਘ, ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਅਤੇ ਚਾਂਸਲਰ ਅਸ਼ੋਕ ਮਿੱਤਲ ਨੇ ਮੈਡਲ ਜਿੱਤਣ ਵਾਲੇ ਪਹਿਲਵਾਨਾਂ ਨੂੰ ਵਧਾਈ ਦਿੱਤੀ।

ਇਨ੍ਹਾਂ ਪਹਿਲਵਾਨਾਂ ਨੇ ਜਿੱਤੇ ਮੈਡਲ

ਚੈਂਪੀਅਨਸ਼ਿਪ ਦੇ ਪਹਿਲੇ ਦਿਨ 55, 60, 67, 82 ਤੇ 130 ਕਿੱਲੋ ਭਾਰ ਵਰਗ ਦੇ ਮੁਕਾਬਲੇ ਹੋਏ। 55 ਕਿੱਲੋ ਭਾਰ ਵਰਗ 'ਚ ਆਰਮੀ ਦੇ ਅਰੁਜਨ ਨੇ ਗੋਲਡ, ਆਰਮੀ ਦੇ ਵਿਜੇ ਨੇ ਸਿਲਵਰ, ਯੂਪੀ ਦੇ ਅਰਸ਼ਦ ਤੇ ਹਰਿਆਣਾ ਦੇ ਸ਼੍ਰੀਕਾਂਤ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਮੈਡਲ ਜਿੱਤਿਆ। 60 ਕਿੱਲੋ ਭਾਰ ਵਰਗ 'ਚ ਰੇਲਵੇ ਦੇ ਮਨੀਸ਼ ਨੇ ਗੋਲਡ, ਮੱਧ ਪ੍ਰਦੇਸ਼ ਦੇ ਸੰਨੀ ਨੇ ਸਿਲਵਰ, ਆਰਮੀ ਦੇ ਗਿਆਨੇਂਦਰ ਤੇ ਰੇਲਵੇ ਦੇ ਸਚਿਨ ਰਾਣਾ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਮੈਡਲ ਜਿੱਤਿਆ। 67 ਕਿੱਲੋ ਭਾਰ ਵਰਗ 'ਚ ਯੂਪੀ ਦੇ ਗੌਰਵ ਨੇ ਗੋਲਡ, ਆਰਮੀ ਦੇ ਸੂਰਜ ਮੱਲ ਨੇ ਸਿਲਵਰ ਤੇ ਆਰਮੀ ਦੇ ਸਚਿਨ ਤੇ ਰੇਲਵੇ ਦੇ ਦੀਪਕ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਮੈਡਲ ਜਿੱਤਿਆ। 82 ਕਿੱਲੋ ਭਾਰ ਵਰਗ 'ਚ ਪੰਜਾਬ ਦੇ ਹਰਪ੍ਰੀਤ ਨੇ ਗੋਲਡ, ਆਰਮੀ ਦੇ ਨਵਜੀਤ ਨੇ ਸਿਲਵਰ ਅਤੇ ਰੇਲਵੇ ਦੇ ਰੋਹਿਤ ਤੇ ਅਤੁਲ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਮੈਡਲ ਜਿੱਤਿਆ। 130 ਕਿੱਲੋ ਭਾਰ ਵਰਗ 'ਚ ਆਰਮੀ ਦੇ ਨਵੀਨ ਨੇ ਗੋਲਡ, ਦਿੱਲੀ ਦੇ ਰਵੀ ਨੇ ਸਿਲਵਰ ਅਤੇ ਆਰਮੀ ਦੇ ਸੋਨੂੰ ਤੇ ਹਰਿਆਣਾ ਦੇ ਆਵੇਸ਼ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਮੈਡਲ ਜਿੱਤਿਆ।

ਕੋਰੋਨਾ ਦੇ ਮੱਦੇਨਜ਼ਰ ਰੈਫਰੀਆਂ ਨੇ ਪਾਏ ਫੇਸ ਸ਼ੀਲਡ

ਕੋਰੋਨਾ ਵਾਇਰਸ ਮਹਾਮਾਰੀ ਦੀ ਗੰਭੀਰਤਾ ਦੇ ਮੱਦੇਨਜ਼ਰ ਚੈਂਪੀਅਨਸ਼ਿਪ ਦਾ ਆਰੰਭ ਪੂਰੇ ਸਿਹਤ ਸੁਰੱਖਿਆ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ। ਮੈਚ ਦੌਰਾਨ ਰੈਫਰੀ ਤੇ ਸਕੋਰਰ ਨੇ ਫੇਸ ਸ਼ੀਲਡ ਪਹਿਨੀ ਹੋਈ ਸੀ। ਮੈਟ 'ਤੇ ਹੋਣ ਵਾਲੇ ਹਰ ਮੈਚ ਤੋਂ ਬਾਅਦ ਉਸ ਨੂੰ ਸਾਫ਼ ਕੀਤਾ ਜਾ ਰਿਹਾ ਸੀ। ਚੈਂਪੀਅਨਸ਼ਿਪ ਦੇ ਦੂਜੇ ਦਿਨ 63, 72, 77, 87 ਤੇ 97 ਕਿੱਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ।

Posted By: Susheel Khanna