ਨਵੀਂ ਦਿੱਲੀ (ਪੀਟੀਆਈ) : ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਨੂੰ ਮਾਣ ਹੈ ਕਿ ਬਤੌਰ ਕਪਤਾਨ ਉਹ ਭਾਰਤੀ ਹਾਕੀ ਟੀਮ ਨੂੰ ਟੋਕੀਓ 'ਚ ਓਲੰਪਿਕ ਟੈਸਟ ਟੂਰਨਾਮੈਂਟ ਵਿਚ ਖ਼ਿਤਾਬ ਦਿਵਾਉਣ ਵਿਚ ਕਾਮਯਾਬ ਰਹੇ। ਦੁਨੀਆ ਦੇ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇ ਕੇ ਨੌਜਵਾਨਾਂ ਨੂੰ ਮੌਕਾ ਦਿੱਤਾ ਸੀ। ਇਸ ਦੇ ਬਾਵਜੂਦ ਨਿਊਜ਼ੀਲੈਂਡ ਨੂੰ 5-0 ਨਾਲ ਹਰਾ ਕੇ ਭਾਰਤ ਨੇ ਖ਼ਿਤਾਬ ਜਿੱਤਿਆ। ਹਰਮਨਪ੍ਰੀਤ ਨੇ ਕਿਹਾ ਕਿ ਟੀਮ ਵਿਚ ਸ਼ਾਮਲ ਸਾਰੇ ਖਿਡਾਰੀਆਂ ਲਈ ਇਹ ਸੁਨਹਿਰਾ ਮੌਕਾ ਸੀ। ਕੁਝ ਤਜਰਬੇਕਾਰ ਖਿਡਾਰੀਆਂ ਨੂੰ ਆਰਾਮ ਦਿੱਤੇ ਜਾਣ ਕਾਰਨ ਇਹ ਨੌਜਵਾਨ ਟੀਮ ਸੀ ਪਰ ਸਾਰੇ ਉਮੀਦ 'ਤੇ ਖ਼ਰੇ ਉਤਰੇ। ਮੈਨੂੰ ਆਪਣੀ ਟੀਮ ਦੇ ਪ੍ਰਦਰਸ਼ਨ 'ਤੇ ਮਾਣ ਹੈ। ਭਾਰਤੀ ਟੀਮ ਨੇ ਜਾਪਾਨ, ਮਲੇਸ਼ੀਆ, ਨਿਊਜ਼ੀਲੈਂਡ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ। ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਂ ਪਹਿਲੀ ਵਾਰ ਇਸ ਟੀਮ ਦੀ ਕਪਤਾਨੀ ਕੀਤੀ। ਭਾਰਤ ਲਈ 2016 ਐੱਫਆਈਐੱਚ ਚੈਂਪੀਅਨਜ਼ ਟਰਾਫੀ, 2018 ਰਾਸ਼ਟਰਮੰਡਲ ਖੇਡਾਂ ਤੇ ਏਸ਼ੀਅਨ ਖੇਡਾਂ ਤੋਂ ਇਲਾਵਾ ਪਿਛਲੇ ਸਾਲ ਵਿਸ਼ਵ ਕੱਪ ਖੇਡ ਚੁੱਕੇ 23 ਸਾਲ ਦੇ ਹਰਮਨਪ੍ਰੀਤ ਰੀਓ ਓਲੰਪਿਕ ਵਿਚ ਸਭ ਤੋਂ ਨੌਜਵਾਨ ਖਿਡਾਰੀਆਂ ਵਿਚੋਂ ਇਕ ਸਨ।

ਓਲੰਪਿਕ 'ਚ ਜ਼ਰੂਰ ਕੋਈ ਉਪਲੱਬਧੀ ਹਾਸਲ ਕਰਾਂਗੇ :

ਉਨ੍ਹਾਂ ਨੇ ਕਿਹਾ ਕਿ ਪਿਛਲਾ ਓਲੰਪਿਕ ਖੇਡਣਾ ਯਾਦਗਾਰ ਤਜਰਬਾ ਰਿਹਾ ਪਰ ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਹੁਣ ਟੀਮ ਦਾ ਪੂਰਾ ਧਿਆਨ ਟੋਕੀਓ ਓਲੰਪਿਕ 'ਤੇ ਹੈ ਤੇ ਇਸ ਲਈ ਕੁਆਲੀਫਾਈ ਕਰਨ 'ਤੇ ਅਸੀਂ ਜ਼ਰੂਰ ਕੋਈ ਵੱਡੀ ਉਪਲੱਬਧੀ ਹਾਸਲ ਕਰਾਂਗੇ।