ਚੰਡੀਗੜ੍ਹ : ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਤੇ ਓਲੰਪੀਅਨ ਅਭਿਨਵ ਬਿੰਦਰਾ ਨੂੰ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਦੀ ਗਵਰਨਿੰਗ ਕੌਂਸਲ ਦਾ ਮੈਂਬਰ ਚੁਣਿਆ ਗਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਦੀ ਗਵਰਨਿੰਗ ਕੌਂਸਲ ਦੇ ਮੈਂਬਰਾਂ ਦੇ ਤੌਰ 'ਤੇ ਪੰਜ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਕੌਂਸਲ ਦੇ ਮੈਂਬਰ ਵਜੋਂ ਚੁਣੇ ਗਏ ਖਿਡਾਰੀਆਂ ਵਿਚ ਪਦਮਸ਼੍ਰੀ ਹਰਭਜਨ ਸਿੰਘ ਤੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਅਭਿਨਵ ਬਿੰਦਰਾ ਸਮੇਤ ਸਾਬਕਾ ਹਾਕੀ ਖਿਡਾਰੀ ਬਿ੍ਗੇਡੀਅਰ ਹਰਚਰਣ ਸਿੰਘ, ਅਥਲੀਟ ਗੁਰਮੀਤ ਕੌਰ, ਕਬੱਡੀ ਖਿਡਾਰੀ ਹਰਦੀਪ ਸਿੰਘ ਸ਼ਾਮਲ ਹਨ।

ਇਨ੍ਹਾਂ ਵਿਚ ਤਿੰਨ ਹੋਰ ਖਿਡਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਹਨ। ਪੰਜਾਬ ਇੰਸਟੀਟਿਊਟ ਆਫ ਸਪੋਰਟਸ, ਸੂਬੇ ਵਿਚ ਖੇਡ ਨੀਤੀ ਨੂੰ ਤੈਅ ਕਰਨ ਵਾਲੀ ਸਰਬੋਤਮ ਸੰਸਥਾ ਹੈ। ਇੰਸਟੀਟਿਊਟ ਦਾ ਕੰਮ ਸੂਬੇ ਵਿਚ ਯੋਗ ਖਿਡਾਰੀਆਂ ਦਾ ਪੂਲ ਤਿਆਰ ਕਰਨਾ ਹੈ ਜੋ ਓਲੰਪਿਕ, ਰਾਸ਼ਟਰਮੰਡਲ ਖੇਡਾਂ ਤੇ ਏਸ਼ੀਅਨ ਖੇਡਾਂ ਵਰਗੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਭਾਰਤ ਲਈ ਮੈਡਲ ਜਿੱਤ ਕੇ ਲਿਆਉਣ।