ਮੋਂਟ੍ਰੀਆਲ (ਏਐੱਨਆਈ) : ਮਰਸੀਡੀਜ਼ ਦੇ ਬਰਤਾਨਵੀ ਡਰਾਈਵਰ ਲੁਇਸ ਹੈਮਿਲਟਨ ਨੇ ਵਿਵਾਦਾਂ ਵਿਚਾਲੇ ਰਿਕਾਡਰ ਸੱਤਵੀਂ ਵਾਰ ਕੈਨੇਡਾ ਗ੍ਰਾਂ. ਪਿ੍. ਫਾਰਮੂਲਾ ਵਨ ਰੇਸ ਜਿੱਤ ਲਈ। ਇਹ ਇਸ ਸਾਲ ਹੈਮਿਲਟਨ ਦੀ ਪੰਜਵੀਂ ਜਿੱਤ ਹੈ। ਹੈਮਿਲਟਨ ਨੇ 1.29.07.084 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਹੈਮਿਲਟਨ ਨੇ ਐਤਵਾਰ ਨੂੰ ਜਾਇਲਸ ਵਿਲੇਨਵਿਊ ਸਰਕਟ 'ਤੇ ਕਰਵਾਈ ਮੁੱਖ ਰੇਸ ਵਿਚ ਦੂਜੇ ਸਥਾਨ ਨਾਲ ਸ਼ੁਰੂਆਤ ਕੀਤੀ ਸੀ। ਉਥੇ ਪੋਲ ਪੋਜ਼ੀਸ਼ਨ ਨਾਲ ਸ਼ੁਰੂ ਕਰਨ ਵਾਲੇ ਫਰਾਰੀ ਦੇ ਜਰਮਨ ਡਰਾਈਵਰ ਸਬੇਸਟੀਅਨ ਵੀਟਲ 'ਤੇ ਪੰਜ ਸਕਿੰਟ ਦੀ ਪੈਨਲਟੀ ਲਾਈ ਗਈ ਜਿਸ ਕਾਰਨ ਉਹ ਦੂਜੇ ਸਥਾਨ 'ਤੇ ਖ਼ਿਸਕ ਗਏ। ਵੀਟਲ ਨੇ ਹੈਮਿਲਟਨ ਤੋਂ ਪਹਿਲਾਂ ਰੇਸ ਪੂਰੀ ਕੀਤੀ ਸੀ ਪਰ 48ਵੇਂ ਲੈਪ ਵਿਚ ਟ੍ਰੈਕ 'ਤੇ ਖ਼ਤਰਨਾਕ ਢੰਗ ਨਾਲ ਪ੍ਰਵੇਸ਼ ਕਰਨ ਕਾਰਨ ਉਨ੍ਹਾਂ 'ਤੇ ਪੰਜ ਅੰਕਾਂ ਦੀ ਪੈਨਲਟੀ ਲਾਈ ਗਈ। ਫਰਾਰੀ ਦੇ ਨੌਜਵਾਨ ਡਰਾਈਵਰ ਚਾਰਲਸ ਲੇਕਲਰਕ ਤੀਜੇ ਸਥਾਨ 'ਤੇ ਰਹੇ। ਉਥੇ ਮਰਸੀਡੀਜ਼ ਦੇ ਡਰਾਈਵਰ ਵਾਲਟੇਰੀ ਬੋਟਾਸ ਚੌਥੇ ਤੇ ਰੈੱਡਬੁਲ ਦੇ ਮੈਕਸ ਵਰਸਟਾਪੇਨ ਪੰਜਵੇਂ ਸਥਾਨ 'ਤੇ ਰਹੇ। ਫਰਾਰੀ ਨੇ ਕਿਹਾ ਕਿ ਉਹ ਆਪਣੇ ਡਰਾਈਵਰ ਸਬੇਸਟੀਅਨ ਵੀਟਲ ਖ਼ਿਲਾਫ਼ ਪ੍ਰਬੰਧਕਾਂ ਵੱਲੋਂ ਲਾਏ ਗਏ ਪੰਜ ਸਕਿੰਟ ਦੇ ਜੁਰਮਾਨੇ ਖ਼ਿਲਾਫ਼ ਅਪੀਲ ਕਰੇਗਾ।

ਰਿਕਾਰਡ ਦੀ ਬਰਾਬਰੀ

ਇਸ ਜਿੱਤ ਨਾਲ ਹੀ ਹੈਮਿਲਟਨ ਨੇ ਮਹਾਨ ਡਰਾਈਵਰ ਮਾਈਕਲ ਸ਼ੂਮਾਕਰ ਦੇ ਸਭ ਤੋਂ ਜ਼ਿਆਦਾ ਸੱਤ ਕੈਨੇਡਾ ਗ੍ਰਾ. ਪਿ੍. ਰੇਸ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2007, 2010, 2012, 2015, 2016 ਤੇ 2017 ਵਿਚ ਇੱਥੇ ਜਿੱਤ ਹਾਸਲ ਕੀਤੀ ਸੀ।