ਇੰਡੀਅਨ ਵੇਲਜ਼ (ਏਪੀ) : ਗ੍ਰਿਗੋਰ ਦਿਮਿਤ੍ਰੋਵ ਨੇ ਬੀਐੱਨਪੀ ਪਰੀਬਸ (ਇੰਡੀਅਨ ਵੇਲਜ਼) ਓਪਨ ਦੇ ਚੌਥੇ ਗੇੜ ਵਿਚ ਸਿਖਰਲਾ ਦਰਜਾ ਹਾਸਲ ਡੇਨਿਲ ਮੇਦਵੇਦੇਵ ਨੂੰ 4-6, 6-4, 6-3 ਨਾਲ ਹਰਾ ਕੇ ਉਲਟਫੇਰਾਂ ਦਾ ਸਿਲਸਿਲਾ ਜਾਰੀ ਰੱਖਿਆ। ਇਸ ਨਾਲ ਹੀ ਇਸ ਏਟੀਪੀ-ਡਬਲਯੂਟੀਏ ਟੂਰਨਾਮੈਂਟ ਵਿਚ ਮਹਿਲਾ ਤੇ ਮਰਦ ਦੋਵਾਂ ਵਰਗਾਂ ਵਿਚ ਚੋਟੀ ਦੇ ਦੋ ਖਿਡਾਰੀ ਬਾਹਰ ਹੋ ਚੁੱਕੇ ਹਨ। ਕੈਰੋਲੀਨਾ ਪਲਿਸਕੋਵਾ ਤੀਜੇ ਗੇੜ ਵਿਚ ਹਾਰ ਗਈ ਜਦਕਿ ਦੂਜੇ ਨੰਬਰ ਦੀ ਖਿਡਾਰਨ ਇਗਾ ਸਵੀਆਤੇਕ ਨੂੰ ਚੌਥੇ ਗੇੜ ਵਿਚ ਹਾਰ ਸਹਿਣੀ ਪਈ। ਇਸ ਸਾਲ ਪੰਜਵਾਂ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਵਿਚ ਰੁੱਝੇ ਅਮਰੀਕੀ ਓਪਨ ਚੈਂਪੀਅਨ ਮੇਦਵੇਦੇਵ ਨੇ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਮੈਚ ਗੁਆ ਦਿੱਤਾ। ਦੂਜੇ ਪਾਸੇ 23ਵੀਂ ਰੈਂਕਿੰਗ ਵਾਲੇ ਦਿਮਿਤ੍ਰੋਵ ਨੇ 2016 ਤੋਂ ਬਾਅਦ ਪਹਿਲੀ ਵਾਰ ਸਿਖਰਲੇ ਦੋ ਵਿਚੋ ਕਿਸੇ ਖਿਡਾਰੀ ਨੂੰ ਹਰਾਇਆ ਹੈ। ਤਦ ਉਨ੍ਹਾਂ ਨੇ ਐਂਡੀ ਮਰੇ ਨੂੰ ਮਿਆਮੀ ਵਿਚ ਮਾਤ ਦਿੱਤੀ ਸੀ। ਦਿਮਿਤ੍ਰੋਵ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪੁੱਜੇ ਹਨ ਜਿੱਥੇ ਉਨ੍ਹਾਂ ਦਾ ਸਾਹਮਣਾ ਅੱਠਵੀਂ ਰੈਂਕਿੰਗ ਵਾਲੇ ਹੁਬਰਟ ਹੁਰਕਾਜ ਨਾਲ ਹੋਵੇਗਾ ਜਿਨ੍ਹਾਂ ਨੇ 19ਵਾਂ ਦਰਜਾ ਹਾਸਲ ਏਸ਼ੀਅਨ ਕਾਰਾਤਸੇਵ ਨੂੰ 6-1, 6-3 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ 11ਵੀਂ ਰੈਂਕਿੰਗ ਵਾਲੇ ਡਿਏਗੋ ਸ਼ਵਾਰਟਜਮੈਨ, 21ਵੀਂ ਰੈਂਕਿੰਗ ਵਾਲੇ ਕੈਮਰਨ ਨਾਰੀ, 29ਵੀਂ ਰੈਂਕਿੰਗ ਹਾਸਲ ਨਿਕੋਲੋਜ ਬੀ ਤੇ ਅਮਰੀਕਾ ਦੇ ਟੇਲਰ ਫਿ੍ਟਜ ਵੀ ਕੁਆਰਟਰ ਫਾਈਨਲ ਵਿਚ ਪੁੱਜ ਗਏ ਹਨ।

ਅਜਾਰੇਂਕਾ ਨੇ ਵੀ ਹਾਸਲ ਕੀਤੀ ਜਿੱਤ :

ਮਹਿਲਾ ਵਰਗ ਵਿਚ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਵਿਕਟੋਰੀਆ ਅਜਾਰੇਂਕਾ ਨੇ ਅਮਰੀਕਾ ਦੀ ਜੇਸਿਕਾ ਪੇਗੁਲਾ ਨੂੰ 6-4, 6-2 ਨਾਲ ਮਾਤ ਦਿੱਤੀ। ਹੁਣ ਉਨ੍ਹਾਂ ਦਾ ਸਾਹਮਣਾ ਯੇਲੇਨਾ ਓਸਤਾਪੇਂਕੋ ਨਾਲ ਹੋਵੇਗਾ ਜਿਨ੍ਹਾਂ ਨੇ ਅਮਰੀਕਾ ਦੀ ਸ਼ੇਲਬੀ ਰੋਜਰਜ਼ ਨੂੰ 6-4, 4-6, 6-3 ਨਾਲ ਹਰਾਇਆ।

Posted By: Jatinder Singh