ਜਰਨੈਲ ਸਿੰਘ ਪਨਾਮ ਦਾ ਨਾਂ ਭਾਰਤੀ ਫੁੱਟਬਾਲ ਦੇ ਅਸਮਾਨ ਵਿਚ ਚੰਦ ਵਾਂਗ ਲਿਸ਼ਕਾਂ ਮਾਰਦਾ ਹੈ। ਉਸ ਦੀ ਖੇਡ 'ਚ ਵਿਲੱਖਣ ਕਸ਼ਿਸ਼ ਸੀ। ਉਸ ਦੇ ਹਿਰਦੇ 'ਚ ਫੁੱਟਬਾਲ ਖੇਡਣ ਦਾ ਜਨੂੰਨ ਇਸ ਕਦਰ ਸੀ ਕਿ ਹਰ ਸਮੇਂ ਉਸ ਦੇ ਪੈਰ ਫੁੱਟਬਾਲ ਖੇਡਣ ਲਈ ਮੱਚਦੇ ਰਹਿੰਦੇ ਸਨ ਤੇ ਉਹ ਅਕਸਰ ਮੈਦਾਨ ਅੰਦਰ ਫੁੱਟਬਾਲ ਨਾਲ ਕਲੋਲਾਂ ਕਰਦਾ ਨਜ਼ਰ ਆਉਂਦਾ। ਉਸ ਦੀ ਖੇਡ ਵੇਖਣ ਵਾਲਿਆਂ ਨੇ ਇਥੋਂ ਤਕ ਟਿੱਪਣੀਆਂ ਕੀਤੀਆਂ ਕਿ 'ਉਹ ਤਾਂ ਜੰਮਿਆ ਹੀ ਫੁੱਟਬਾਲ ਖੇਡ ਦਾ ਕਰਜ਼ ਉਤਾਰਨ ਲਈ ਸੀ।'

ਮੁੱਢਲਾ ਜੀਵਨ

ਜਰਨੈਲ ਸਿੰਘ ਦਾ ਜਨਮ 1936 ਵਿਚ ਚੱਕ ਨੰਬਰ 272, ਤਹਿਸੀਲ ਤੇ ਜ਼ਿਲ੍ਹਾ ਲਾਇਲਪੁਰ 'ਚ ਮਾਤਾ ਗੁਰਚਰਨ ਕੌਰ ਤੇ ਸ. ਉਜਾਗਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਉਸ ਦਾ ਵਿਆਹ ਛੋਟੀ ਉਮਰੇ ਹੀ ਕਰ ਦਿੱਤਾ ਗਿਆ। ਪੰਜ ਧੀਆਂ ਤੇ ਦੋ ਪੁੱਤਰਾਂ ਦਾ ਬਾਪ ਜਰਨੈਲ ਸਿੰਘ ਵੱਡਾ ਕਬੀਲਦਾਰ ਸੀ। ਧੀਆਂ ਆਪਣੇ-ਆਪਣੇ ਘਰ ਵਸ ਰਹੀਆਂ ਹਨ। ਵੱਡੇ ਪੁੱਤਰ ਜਗਮੋਹਨ ਸਿੰਘ ਦੀ 1996 ਵਿਚ ਉਸ ਜਿਊਂਦਿਆਂ ਹੀ ਮੌਤ ਹੋ ਗਈ ਸੀ ਤੇ ਛੋਟਾ ਹਰਸ਼ਮੋਹਨ ਸਿੰਘ ਕੈਨੇਡਾ 'ਚ ਸੈਟਲ ਹੈ। ਜਰਨੈਲ ਸਿੰਘ ਨੂੰ ਵੱਡੇ ਪੁੱਤਰ ਦੀ ਮੌਤ ਦਾ ਸਦਮਾ ਧੁਰ ਅੰਦਰ ਤਕ ਘੁਣ ਵਾਂਗ ਖਾ ਗਿਆ। ਦੋਸਤਾਂ ਨੇ ਉਸ ਨੂੰ ਸਦਮੇ 'ਚੋਂ ਕੱਢਣ ਲਈ ਹਰ ਹੀਲਾ ਵਰਤਿਆ ਪਰ ਕੈਨੇਡਾ 'ਚ ਆਪਣੇ ਛੋਟੇ ਪੁੱਤਰ ਹਰਸ਼ਮੋਹਨ ਕੋਲ 13 ਅਕਤੂਬਰ 2000 ਨੂੰ ਜਰਨੈਲ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਬੰਗਾਲੀਆਂ ਦਾ ਪ੍ਰਭਾਵ ਗੁੰਦਵੇਂ ਸਰੀਰ ਦਾ ਮਾਲਕ ਜਰਨੈਲ ਜਟਕਾ ਅੰਦਾਜ਼ 'ਚ ਗੂੜ੍ਹੇ ਰੰਗ ਦੀ ਪਗੜੀ ਬੰਨ੍ਹਦਾ ਸੀ। ਛਿੱਦੀ ਤੇ ਚਿੱਟੀ ਦਾਹੜੀ ਨਾਲ ਮੇਲ ਖਾਂਦੀ ਕਮੀਜ਼ ਪਾਈ ਵੇਖ ਕੇ ਲਗਦਾ ਸੀ ਕਿ ਇਸ ਪੰਜਾਬੀ ਜੱਟ ਨੂੰ ਅਜਿਹੀ ਪਾਣ ਬੰਗਾਲੀ ਬਾਬੂਆ ਤੋਂ ਚੜ੍ਹੀ ਹੋਵੇਗੀ। ਜੇ ਕਦੇ ਉਸ ਨੂੰ ਅਜਿਹਾ ਆਖਿਆ ਜਾਂਦਾ ਤਾਂ ਜਰਨੈਲ ਹੱਸ ਕੇ ਆਖਦਾ, 'ਜੇ ਬੰਗਾਲੀਆਂ ਨੇ ਮੈਨੂੰ ਕੱਪੜੇ ਪਾਉਣ ਦਾ ਚੱਜ ਸਿਖਾਇਆ ਹੈ ਤਾਂ ਮੈਂ ਵੀ ਉਨ੍ਹਾਂ ਦੇ ਖੇਡ ਮੈਦਾਨਾਂ 'ਤੇ ਹਿੱਕ ਠੋਕਵੀਂ ਫੁੱਟਬਾਲ ਖੇਡ ਕੇ ਹਿਸਾਬ-ਕਿਤਾਬ ਚੁਕਤਾ ਕਰ ਹੀ ਦਿੱਤਾ ਹੈ।' ਫੁੱਟਬਾਲ ਖੇਡਣ ਬਾਰੇ ਪੁੱਛੇ ਜਾਣ 'ਤੇ ਉਹ ਜਿਗਰ 'ਤੇ ਪੱਥਰ ਧਰ ਕੇ ਗੱਲਾਂ ਦਾ ਖ਼ੁਲਾਸਾ ਕਰਦਾ ਅਸਲ ਵਿਚ ਹਿੰਦ-ਪਾਕਿ ਦੀ ਵੰਡ ਦੇ ਜ਼ਖ਼ਮਾਂ ਨਾਲ ਉਹ ਦਾ ਦਿਲ ਬੁਰੀ ਤਰ੍ਹਾਂ ਛਾਨਣੀ ਹੋਇਆ ਸੀ।

ਮੋਹਨ ਬਾਗਾਨ ਟੀਮ ਦੀ ਕਪਤਾਨੀ

ਮੋਹਨ ਬਾਗਾਨ ਕਲੱਬ ਦੇ ਪ੍ਰਬੰਧਕ 1959 'ਚ ਜਰਨੈਲ ਨੂੰ ਖੇਡ ਕਰਾਰ ਕਰ ਕੇ ਕਲਕੱਤੇ ਲੈ ਗਏ। ਇਸ ਨਾਲ ਬੰਗਾਲੀ ਖਿਡਾਰੀ ਕਲੱਬ ਨਾਲ ਨਾਰਾਜ਼ ਵੀ ਹੋਏ। ਉਸ ਦੇ ਕਹਿਣ ਅਨੁਸਾਰ, 'ਮੇਰੇ ਸਾਹਮਣੇ ਦੋ ਰਸਤੇ ਸਨ ਕਿ ਜਾਂ ਮੈਂ ਮੋਹਨ ਬਾਗਾਨ ਨੂੰ ਬਾਏ-ਬਾਏ ਆਖ ਦੇਵਾਂ ਜਾਂ ਹਰ ਮੈਚ 'ਚ ਆਪਣੀ ਖੇਡ ਨੂੰ ਦਾਅ 'ਤੇ ਲਾ ਕੇ ਬੰਗਾਲੀ ਦਰਸ਼ਕਾਂ ਦੇ ਦਿਲ ਜਿੱਤਾਂ। ਇਨ੍ਹਾ ਦੋਵਾਂ ਵਿੱਚੋਂ ਮੈਂ ਖੇਡਣ ਨੂੰ ਤਰਜੀਹ ਦਿੱਤੀ ਤੇ ਖੇਡ ਨਾਲ ਬੰਗਾਲੀਆਂ ਦੇ ਦਿਲ ਜਿੱਤਣ ਲਈ ਮੈਦਾਨ 'ਚ ਜਾਨ ਹੂਲ ਕੇ ਫੁੱਟਬਾਲ ਖੇਡਿਆ।' ਸਿਰੜੀ ਫੁੱਟਬਾਲਰ ਜਰਨੈਲ ਨੇ ਮੂੰਹ ਮੋਟੇ ਕਰੀ ਬੈਠੇ ਬੰਗਾਲੀ ਫੁੱਟਬਾਲ ਪ੍ਰੇਮੀਆਂ ਦੇ ਆਪਣੀ ਅੱਵਲਤਰੀਨ ਖੇਡ ਨਾਲ ਉਦੋਂ ਸੀਨੇ ਠਾਰ ਦਿੱਤੇ ਜਦੋਂ ਪਹਿਲੇ ਹੀ ਸਾਲ ਮੋਹਨ ਬਾਗਾਨ ਕਲੱਬ 'ਡੁਰੰਡ ਫੁੱਟਬਾਲ ਕੱਪ' ਮੁਕਾਬਲੇ ਦਾ ਜੇਤੂ ਬਣਿਆ। ਇਸ ਟੂਰਨਾਮੈਂਟ ਦੇ ਹਰ ਮੈਚ 'ਚ ਜਰਨੈਲ ਮੈਦਾਨ ਅੰਦਰ ਵਿਛ ਕੇ ਖੇਡਿਆ। ਜਰਨੈਲ ਸਿੰਘ ਨੂੰ ਨਿੰਦਣ ਵਾਲੇ ਮੋਹਨ ਬਾਗਾਨ ਕਲੱਬ ਦੇ ਪ੍ਰਸੰਸਕਾਂ ਨੇ ਇਹ ਆਖਦਿਆਂ ਆਪਣੀ ਚੁੱਪ ਤੋੜੀ ਕਿ ਜਰਨੈਲ ਨੇ ਪਹਿਲੇ ਹੱਲੇ ਹੀ ਸਾਡੇ ਦਿਲ ਜਿੱਤ ਲਏ ਹਨ। ਹੁਣ ਜਰਨੈਲ ਸਾਡੇ ਲਈ ਬੇਗਾਨਾ ਨਹੀਂ ਰਿਹਾ, ਉਹ ਪੰਜਾਬੀ ਹੋ ਕੇ ਵੀ ਬੰਗਾਲ ਦਾ ਹੈ। ਜਰਨੈਲ ਸਿੰਘ ਦੀ ਪ੍ਰਤੀਨਿਧਤਾ ਵਾਲੀ ਮੋਹਨ ਬਾਗਾਨ ਦੀ ਟੀਮ ਨੇ ਪੰਜ ਵਾਰ ਡੁਰੰਡ ਫੁਟਬਾਲ ਕੱਪ ਜਿੱਤਿਆ। ਜਰਨੈਲ ਸਿੰਘ ਨੂੰ ਦੋ ਵਾਰ ਮੋਹਨ ਬਾਗਾਨ ਦੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਹੋਇਆ। ਕਲੱਬ ਦੀ ਸਕੱਤਰੇਤ ਵੱਲੋਂ ਉਸ ਨੂੰ ਸਨਮਾਨਤ ਕੀਤਾ ਗਿਆ।

ਬੈਸਟ ਸਟਾਪਰ ਆਫ ਦਿ ਵਰਲਡ ਫੁੱਟਬਾਲ

ਇਕ ਚੰਗੇ ਰੱਖਿਅਕ ਖਿਡਾਰੀ ਵਜੋਂ ਜਰਨੈਲ ਸਿੰਘ 1958 ਤੋਂ 1967 ਤਕ ਵਿਦੇਸ਼ੀ ਟੀਮਾਂ ਦੇ ਹਮਲਾਵਰ ਖਿਡਾਰੀਆਂ ਲਈ ਬੁਝਾਰਤ ਬਣਿਆ ਰਿਹਾ। ਉਹ ਜਿੱਥੇ ਵਿਰੋਧੀ ਫਾਰਵਰਡਾਂ ਨੂੰ ਆਪਣੇ ਹਾਫ 'ਚ ਖੰਘਣ ਨਾ ਦਿੰਦਾ ਉੱਥੇ ਉਹ ਆਪਣੇ ਸਟਰਾਈਕਰਾਂ ਨੂੰ ਗੋਲ ਕਰਨ ਦੇ ਚੰਗੇ ਮੌਕੇ ਵੀ ਮੁਹੱਈਆ ਕਰਵਾਉਣ ਲਈ ਜਾਣਿਆ ਜਾਂਦਾ ਸੀ। ਜਰਨੈਲ ਸਿੰਘ ਦੀ ਕ੍ਰਿਪਾ ਕਰਕੇ ਹੀ ਦੇਸ਼ ਦੀ ਫੁਟਬਾਲ ਟੀਮ ਨੇ ਰੋਮ-1966 ਓਲੰਪਿਕ ਲਈ ਕੁਆਲੀਫਾਈ ਰਾਊਂਡ ਤਕ ਦਾ ਸਫ਼ਰ ਤੈਅ ਕੀਤਾ। ਪਹਿਲੀ ਤੇ ਹੁਣ ਤਕ ਆਖ਼ਰੀ ਵਾਰ ਓਲੰਪਿਕ ਫੁੱਟਬਾਲ ਖੇਡੀ ਭਾਰਤੀ ਫੁੱਟਬਾਲ ਟੀਮ ਭਾਵੇਂ ਰੋਮ ਓਲੰਪਿਕ 'ਚ ਕੋਈ ਖ਼ਾਸ ਕਾਰਨਾਮਾ ਨਹੀਂ ਕਰ ਸਕੀ ਪਰ ਜਰਨੈਲ ਨੇ ਪਹਿਲੇ ਦੌਰ ਦੇ ਲੀਗ ਮੈਚਾਂ 'ਚ ਓਲੰਪਿਕ ਫੁੱਟਬਾਲ ਪ੍ਰਬੰਧਕਾਂ 'ਤੇ ਆਪਣੀ ਖੇਡ ਦੀ ਅਜਿਹੀ ਛਾਪ ਛੱਡੀ ਕਿ ਆਲਮੀ ਫੁੱਟਬਾਲ ਦੇ ਕਰਤਿਆਂ ਨੂੰ ਉਸ ਦੀ ਪਿੱਠ 'ਤੇ 'ਬੈਸਟ ਸਟਾਪਰ ਆਫ ਦਿ ਵਰਲਡ ਫੁੱਟਬਾਲ' ਦਾ ਠੱਪਾ ਲਾਉਣ ਲਈ ਮਜਬੂਰ ਹੋਣਾ ਪਿਆ।

ਆਲ ਏਸ਼ੀਅਨ ਫੁੱਟਬਾਲ ਸਟਾਰਜ਼ ਦੀ ਕਪਤਾਨੀ

ਜਰਨੈਲ ਦੀ ਸ਼ਮੂਲੀਅਤ ਵਾਲੀ ਭਾਰਤੀ ਕੌਮੀ ਫੁੱਟਬਾਲ ਟੀਮ ਨੇ ਜਕਾਰਤਾ-1962 ਦੀਆਂ ਏਸ਼ਿਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਦਾ ਸੁਪਨਾ ਸਾਕਾਰ ਕੀਤਾ। ਜਕਾਰਤਾ ਏਸ਼ਿਆਈ ਖੇਡਾਂ ਦੇ ਫਾਈਨਲ 'ਚ ਜਰਨੈਲ ਸਿੰਘ ਦੀ ਟੀਮ ਨੇ ਕੋਰੀਆ ਦੇ ਖਿਡਾਰੀਆਂ ਨੂੰ ਚਾਰੇ ਖ਼ਾਨੇ ਚਿੱਤ ਕਰ ਕੇ ਜੇਤੂ ਮੰਚ 'ਤੇ ਚੜ੍ਹਨ ਦਾ ਵੱਡਾ ਪੁੰਨ ਖੱਟਿਆ। ਇਸ ਟੂਰਨਾਮੈਂਟ 'ਚ ਜਰਨੈਲ ਸਿੰਘ ਦੀ ਖੇਡ ਦੀ ਖ਼ਾਸੀਅਤ ਇਹ ਰਹੀ ਕਿ ਟੀਮ ਲਈ ਕੀਤਾ ਜੇਤੂ ਗੋਲ ਜਰਨੈਲ ਸਿੰਘ ਦੇ ਪੈਰਾਂ 'ਚੋਂ ਹੀ ਨਿਕਲਿਆ। 1965 ਤੋਂ 1967 ਤਕ ਤਿੰਨ ਸਾਲ ਜਰਨੈਲ ਭਾਰਤੀ ਟੀਮ ਦਾ ਕਪਤਾਨ ਰਿਹਾ। ਉਸ ਦੀ ਅਗਵਾਈ 'ਚ ਕੌਮੀ ਟੀਮ ਨੇ ਬੈਂਕਾਕ-1966 ਦਾ ਫੁੱਟਬਾਲ ਮੁਕਾਬਲਾ ਖੇਡਿਆ ਪਰ ਟੀਮ ਜਿੱਤ ਮੰਜ਼ਿਲ ਤਕ ਪਹੁੰਚਣ ਤੋਂ ਖੁੰਝ ਗਈ। ਭਾਵੇਂ ਭਾਰਤੀ ਟੀਮ ਤਗਮੇ ਤੋਂ ਵਾਂਝੀ ਰਹੀ ਪਰ ਜਰਨੈਲ ਸਿੰਘ ਵੱਲੋਂ ਖੇਡੀ ਗਈ ਜ਼ਾਹਿਰਾਨਾ ਖੇਡ ਸਦਕਾ ਏਸ਼ਿਆਈ ਫੁੱਟਬਾਲ ਦੇ ਅਧਿਕਾਰੀਆਂ ਨੇ ਉਸ ਨੂੰ 'ਆਲ ਏਸ਼ੀਅਨ ਫੁੱਟਬਾਲ ਸਟਾਰਜ਼ ਟੀਮ' ਦਾ ਕਪਤਾਨ ਬਣਾਉਣ ਦਾ ਵੱਡਾ ਫ਼ੈਸਲਾ ਲਿਆ।

ਹਰਨੂਰ ਸਿੰਘ ਮਨੌਲੀ

94171-82993

Posted By: Harjinder Sodhi