ਰੂਸ ਦੀ ਮਾਰੀਆ ਸ਼ਾਰਪੋਵਾ ਪਹਿਲੀ ਟੈਨਿਸ ਖਿਡਾਰਨ ਹੈ ਜਿਸ ਨੇ 2004 ਵਿਚ ਵਿਸ਼ਵ ਦੀ ਨੰਬਰ-1 ਖਿਡਾਰਨ ਅਮਰੀਕਾ ਦੀ ਸੈਰਿਨਾ ਵਿਲੀਅਮਜ਼ ਨੂੰ 6-1, 6-4 ਨਾਲ ਹਰਾ ਕੇ ਕੇਵਲ 17 ਸਾਲ ਦੀ ਉਮਰ 'ਚ ਵਿੰਬਲਡਨ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ ਸੀ। ਸੰਨ 2005 ਵਿਚ ਉਸ ਨੂੰ ਰੂਸ ਦੀ ਸਭ ਤੋਂ ਵੱਧ ਧਨ ਕਮਾਉਣ ਵਾਲੀ ਮਹਿਲਾ ਅਥਲੀਟ ਐਲਾਨਿਆ ਗਿਆ। ਬੀਤੇ ਦਿਨੀਂ ਮਾਰੀਆ ਸ਼ਾਰਾਪੋਵ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਮਾਰੀਆ ਦੀਆਂ ਟੈਨਿਸ ਵਿਚ ਵੱਡੀਆਂ ਪ੍ਰਾਪਤੀਆਂ ਹਨ ਤੇ ਉਹ ਲੰਬੇ ਸਮੇਂ ਤਕ ਨਵੀਆਂ ਖਿਡਾਰਨਾਂ ਲਈ ਪ੍ਰੇਰਨਾ ਸਰੋਤ ਰਹੇਗੀ।

ਖੇਡ ਪ੍ਰਾਪਤੀਆਂ

ਮਾਰੀਆ ਸ਼ਾਰਪੋਵਾ ਦਾ ਜਨਮ ਰੂਸ (ਹੁਣ ਸਾਇਬ੍ਰੇਰੀਅਨ ਪ੍ਰਾਂਤ) ਵਿਚ 19 ਅਪ੍ਰੈਲ 1987 ਨੂੰ ਹੋਇਆ। ਛੇ ਸਾਲ ਦੀ ਉਮਰ 'ਚ ਮਾਰੀਆ ਦਾ ਪਿਤਾ ਯੂਰੀ ਸ਼ਾਰਪੋਵਾ ਉਸ ਦੇ ਭਵਿੱਖ ਦੇ ਮੱਦੇਨਜ਼ਰ ਉਸ ਨੂੰ ਅਮਰੀਕਾ ਦੇ ਸ਼ਹਿਰ ਫਲੋਰੀਡਾ ਲੈ ਗਿਆ। ਮਾਰੀਆ ਦਾ ਪਿਤਾ ਟੈਨਿਸ ਦਾ ਦਿਵਾਨਾ ਸੀ। ਜਦੋਂ ਮਾਰੀਆ ਅਜੇ ਛੋਟੀ ਹੀ ਸੀ ਜਾਂ ਉਸ ਦੇ ਪਿਤਾ ਨੇ ਉਸ ਨੂੰ ਖੇਡਣ ਲਈ ਟੈਨਿਸ ਰੈਕਿਟ ਲਿਆ ਕੇ ਦਿੱਤਾ ਤੇ ਟੈਨਿਸ ਖੇਡਣ ਲਈ ਪ੍ਰੇਰਿਤ ਕੀਤਾ। ਸ਼ਾਰਪੋਵਾ ਨੇ 2006 ਵਿਚ ਅਮਰੀਕਾ ਓਪਨ, 2008 ਵਿਚ ਆਸਟ੍ਰੇਲੀਆ ਓਪਨ, 2012 ਅਤੇ ਫਿਰ 2014 ਵਿਚ ਫਰੈਂਚ ਓਪਨ ਆਪਣੇ ਨਾਂ ਕੀਤਾ। ਇਸ ਨੇ ਆਪਣੇ ਆਪਣੇ ਖੇਡ ਕਰੀਅਰ ਦੌਰਾਨ 5 ਗਰੈਂਡ ਸਲੈਮ ਜਿਤੇ, ਤੇ ਦੁਨੀਆ ਦੀ ਨੰਬਰ-1 ਖਿਡਾਰਨ ਵੀ ਰਹੀ। ਮਾਰੀਆ ਸ਼ਾਰਾਪੋਵ ਦੇ ਨਾਲ-ਨਾਲ ਇਹ ਉਸ ਦੇ ਮੁਲਕ ਰੂਸ ਦੀ ਵੀ ਪਹਿਲੀ ਅਹਿਮ ਪ੍ਰਾਪਤੀ ਸੀ। ਰੂਸ ਦੀ ਜੰਮਪਲ ਮਾਰੀਆ ਸ਼ਾਰਾਪੋਵ 1994 ਤੋਂ ਅਮਰੀਕਾ ਦੀ ਸਥਾਈ ਵਸਨੀਕ ਹੈ ਪਰ ਉਹ ਖੇਡਦੀ ਆਪਣੇ ਮੁਲਕ ਰੂਸ ਵੱਲੋਂ ਹੈ। ਸ਼ਾਰਾਪੋਵ ਓਲੰਪਿਕ ਮੈਡਲਿਸਟ ਵੀ ਹੈ ਅਤੇ ਉਸ ਨੇ ਸੰਨ 2012 ਦੀਆਂ ਲੰਡਨ ਓਲੰਪਿਕ ਖੇਡਾਂ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। ਦੁਨੀਆ ਦੇ ਨਾਮੀ ਖੇਡ ਪੰਡਿਤ ਅਤੇ ਸਾਥੀ ਖਿਡਾਰੀ ਉਸ ਨੂੰ ਟੈਨਿਸ ਦੀ ਬਿਹਤਰੀਨ ਮੁਕਾਬਲੇਬਾਜ਼ ਮੰਨਦੇ ਹਨ। ਮਾਰੀਆ ਸ਼ਾਰਾਪੋਵ 22 ਅਗਸਤ 2005 ਨੂੰ 18 ਸਾਲ ਦੀ ਉਮਰ ਵਿਚ ਦੁਨੀਆ ਦੀ ਅੱਵਲਤਰੀਨ ਟੈਨਿਸ ਖਿਡਾਰਨ ਬਣੀ। ਸਿੰਗਲਜ਼ ਵਰਗ ਵਿਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਰੂਸੀ ਖਿਡਾਰਨ ਹੋਣ ਦਾ ਮਾਣ ਵੀ ਸ਼ਾਰਾਪੋਵ ਨੂੰ ਹਾਸਲ ਹੋਇਆ ਹੈ। ਸਿੰਗਲਜ਼ ਵਿਚ ਦੋ ਗਰੈਂਡ ਸਲੈਮ ਤੋਂ ਇਲਾਵਾ ਉਹ ਆਸਟ੍ਰੇਲੀਅਨ ਓਪਨ, ਵਿੰਬਲਡਨ ਅਤੇ ਯੂਐੱਸ ਓਪਨ ਸਮੇਤ ਦਰਜਨਾਂ ਵੱਕਾਰੀ ਟਾਈਟਲ ਆਪਣੀ ਝੋਲੀ ਪਾ ਚੁੱਕੀ ਹੈ। ਉਹ ਡਬਲਜ਼ ਵਿਚ ਵੀ ਤਿੰਨ ਖ਼ਿਤਾਬ ਆਪਣੇ ਨਾਂ ਕਰ ਚੁੱਕੀ ਹੈ। ਇਸ ਤੋਂ ਇਲਾਵਾ ਮਾਰੀਆ ਸ਼ਾਰਾਪੋਵ ਦੁਨੀਆ ਦੇ ਕਈ ਨਾਮੀ ਫੈਸ਼ਨ ਹਾਊਸਾਂ ਲਈ ਇਸ਼ਤਿਹਾਰਾਂ 'ਚ ਵੀ ਵੱਖ-ਵੱਖ ਸਮੇਂ ਨਜ਼ਰ ਆਉਂਦੀ ਰਹੀ ਹੈ। ਉਹ ਯੁਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ ਦੀ ਗੁੱਡਵਿਲ ਅੰਬੈਸਡਰ ਵੀ ਨਾਮਜ਼ਦ ਕੀਤੀ ਗਈ।

ਜੂਨ 2011 ਵਿਚ 'ਟਾਈਮ' ਮੈਗਜ਼ੀਨ ਵੱਲੋਂ ਉਸ ਨੂੰ ਦੁਨੀਆ ਦੀਆਂ 30 ਨਾਮਚੀਨ ਟੈਨਿਸ ਖਿਡਾਰਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ। 'ਫੋਰਬਸ' ਵੱਲੋਂ ਉਸ ਨੂੰ ਦੁਨੀਆ 'ਚ ਸਭ ਤੋਂ ਵੱਧ ਫੀਸ ਪ੍ਰਾਪਤ ਕਰਨ ਵਾਲੀ ਮਹਿਲਾ ਅਥਲੀਟ ਐਲਾਨਿਆ ਗਿਆ।

ਕੁਝ ਅਹਿਮ ਘਟਨਾਵਾਂ

ਮਾਰੀਆ ਸ਼ਾਰਾਪੋਵ ਦੀ ਜ਼ਿੰਦਗੀ 'ਚ ਸੰਕਟ ਦੀਆਂ ਵੀ ਕਈ ਘੜੀਆਂ ਆਈਆਂ। ਇਕ ਵਾਰ ਉਸ ਦੇ ਮੋਢੇ 'ਤੇ ਸੱਟ ਲੱਗ ਗਈ ਤੇ ਉਹ ਲੰਬਾ ਸਮਾਂ ਟੈਨਿਸ ਕੋਰਟ ਤੋਂ ਬਾਹਰ ਰਹੀ। ਇਕ ਵਾਰ ਉਸ ਦੇ ਡਰੱਗ ਟੈਸਟ ਵਿੱਚੋਂ ਫੇਲ੍ਹ ਹੋਣ ਕਾਰਨ 15 ਮਹੀਨੇ ਉਸ ਉੱਪਰ ਟੈਨਿਸ ਖੇਡਣ ਦੀ ਪਾਬੰਦੀ ਰਹੀ ਤੇ ਉਹ ਖੇਡ 'ਚ ਵਾਪਸੀ ਨਾ ਕਰ ਸਕੀ। ਇਸ ਕਰਕੇ ਉਸ ਦੀ ਮੌਜੂਦਾ ਰੈਂਕਿੰਗ 373 ਹੈ।

ਪ੍ਰੋ. ਜਤਿੰਦਰਬੀਰ ਸਿੰਘ ਨੰਦਾ

98152-55295

Posted By: Harjinder Sodhi