ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਕਿਗਾ ਹਾਕੀ ਸਟੇਡੀਅਮ ਤੇ ਰੁੜਕੇਲਾ ਦੇ ਬਿਰਸਾ ਮੁੰਡਾ ਕੌਮਾਂਤਰੀ ਹਾਕੀ ਸਟੇਡੀਅਮ ਦੀ ਸਿੰਥੈਟਿਕ ਟਰਫ ’ਤੇ ਖੇਡੇ ਗਏ 15ਵੇਂ ਪੁਰਸ਼ ਵਿਸ਼ਵ ਹਾਕੀ ਕੱਪ ਦਾ ਜਰਮਨੀ ਜੇਤੂ ਬਣਿਆ ਹੈ। ਜਰਮਨੀ ਦੀ ਹਾਕੀ ਟੀਮ ਨੇ ਆਲਮੀ ਹਾਕੀ ਕੱਪ ਦੀ ਟਰਾਫ਼ੀ ’ਤੇ ਤੀਜੀ ਵਾਰ ਕਬਜ਼ਾ ਕੀਤਾ ਹੈ। ਇਸ ਤੋਂ ਪਹਿਲਾਂ ਜਰਮਨੀ ਨੇ ਮਲੇਸ਼ੀਆ-2002 ਤੇ ਜਰਮਨੀ-2006 ’ਚ ਖੇਡੇ ਸੰਸਾਰ ਹਾਕੀ ਕੱਪ ਦੇ ਟਾਈਟਲ ਜਿੱਤਣ ਦਾ ਕਮਾਲ ਕੀਤਾ ਹੈ। ਜਰਮਨੀ ਦੀ ਹਾਕੀ ਟੀਮ ਨੇ ਭੁਬਨੇਸ਼ਵਰ-2018 ਵਿਸ਼ਵ ਹਾਕੀ ਕੱਪ ਦੀ ਚੈਂਪੀਅਨ ਟੀਮ ਨੂੰ ਬੈਲਜ਼ੀਅਮ ਨੂੰ ਫਸਵੇਂ ਮੈਚ ’ਚ ਪੈਨਲਟੀ ਸ਼ੂਟ ਆਊਟ ਰਾਹੀਂ ਹਰਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ।
ਜਰਮਨੀ ਤੇ ਬੈਲਜ਼ੀਅਮ ਦੀਆਂ ਟੀਮਾਂ ਦਰਮਿਆਨ ਫਾਈਨਲ ਮੈਚ ਨਿਯਮਤ ਸਮੇਂ ’ਚ ਦੋਵੇਂ ਟੀਮਾਂ ਵਲੋਂ 3-3 ਗੋਲਾਂ ਨਾਲ ਬਰਾਬਰੀ ’ਤੇ ਖੇਡਿਆ ਗਿਆ, ਜਿਸ ਕਰਕੇ ਜੇਤੂ ਟੀਮ ਦਾ ਨਿਤਾਰਾ ਕਰਨ ਲਈ ਪੈਨਲਟੀ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ, ਜਿਸ ’ਚ ਜਰਮਨੀ ਦੇ ਖਿਡਾਰੀਆਂ ਵਲੋਂ ਬੈਲਜ਼ੀਅਮ ਦੀ ਹਾਕੀ ਟੀਮ ਵਲੋਂ ਇੰਡੀਆ ’ਚ ਦੂਜੀ ਵਾਰ ਵਿਸ਼ਵ ਹਾਕੀ ਕੱਪ ਜਿੱਤਣ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਗਿਆ। ਜਰਮਨੀ ਤੇ ਬੈਲਜ਼ੀਅਮ ਵਿਚਕਾਰ ਖੇਡੇ ਖਿਤਾਬੀ ਮੈਚ ’ਚ ਪਹਿਲੇ ਕੁਆਰਟਰ ’ਚ ਬੈਲਜ਼ੀਅਮ ਦੇ ਖਿਡਾਰੀਆਂ ਨੇ 2-0 ਦੀ ਜੇਤੂ ਲੀਡ ਹਾਸਲ ਕੀਤੀ ਹੋਈ ਸੀ। ਬੈਲਜ਼ੀਅਮ ਖਿਡਾਰੀਆਂ ਦੀ ਖੇਡ ਦਾ ਆਲਮ ਇਹ ਸੀ ਕਿ ਪਹਿਲੇ ਕੁਆਰਟਰ ਦੇ 10ਵੇਂ ਮਿੰਟ ’ਚ ਵੈਨ ਔਬੇਲ ਵਲੋਂ ਪਹਿਲਾ ਗੋਲ ਦਾਗ਼ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਗਏ। ਇਸ ਗੋਲ ਤੋਂ ਕੇਵਲ ਇਕ ਮਿੰਟ ਬਾਅਦ ਭਾਵ 11ਵੇਂ ਮਿੰਟ ’ਚ ਕੋਸਿਨ ਵਲੋਂ ਉਤੋੜਿਤੀ ਦੂਜਾ ਗੋਲ ਸਕੋਰ ਕਰਕੇ ਖਿਡਾਰੀਆਂ ਦੇ ਹੌਸਲੇ ਸੱਤਵੇਂ ਅਸਮਾਨ ਦੇ ਰਾਹ ਪਾ ਦਿੱਤੇ ਗਏ। ਦੂਜੇ ਕੁਆਰਟਰ ਦੇ 28ਵੇਂ ਮਿੰਟ ਤੱਕ ਮੈਚ ਦਾ ਸਕੋਰ ਬੈਲਜ਼ੀਅਮ ਦੇ ਪੱਖ ’ਚ 2-0 ਰਿਹਾ ਪਰ 29ਵੇਂ ਮਿੰਟ ’ਚ ਜਰਮਨ ਦੇ ਸਟਰਾਈਕਰ ਨਿਕਲਸ ਵਲੇਨ ਨੇ ਗੋਲ ਦਾਗ਼ ਕੇ ਸਕੋਰ 2-1 ਕੀਤਾ। ਇਸ ਤੋਂ ਬਾਅਦ ਜਰਮਨੀ ਦੇ ਰੱਖਿਅਕ ਗੋਂਜ਼ਾਲੋ ਪੀਲੈਟ ਵਲੋਂ 41ਵੇਂ ਮਿੰਟ ’ਚ ਪੈਨਲਟੀ ਕਾਰਨਰ ਤੋਂ ਦੂਜਾ ਗੋਲ ਕਰਕੇ ਸਕੋਰ 2-2 ਗੋਲ ਨਾਲ ਲੈਵਲ ਕਰ ਦਿੱਤਾ ਗਿਆ। ਫਾਈਨਲ ਜਿੱਤਣ ਲਈ ਤਾਰੂ ਹੋਏ ਜਰਮਨੀ ਦੇ ਖਿਡਾਰੀ ਐਮ ਗਰੈਨਬੂਸ਼ ਨੇ 48ਵੇਂ ਮਿੰਟ ’ਚ ਤੀਜਾ ਗੋਲ ਸਕੋਰ ਕਰਕੇ ਬੈਲਜ਼ੀਅਮ ਦੀ ਟੀਮ ਦੇ ਪੈਰੋਂ ਜ਼ਮੀਨ ਖਿਸਕਾ ਦਿੱਤੀ ਪਰ ਬੈਲਜ਼ੀਅਮ ਦੇ ਖਿਡਾਰੀਆਂ ਨੇ ਅੰਤ ਤੱਕ ਲੜਨ ਦਾ ਹੀਆ ਕੀਤਾ ਹੋਣ ਕਰਕੇ ਮੈਚ ਸਮਾਪਤੀ ਤੋਂ ਇਕ ਮਿੰਟ ਪਹਿਲਾਂ ਭਾਵ 59ਵੇਂ ਮਿੰਟ ’ਚ ਟੀਮ ’ਚ ਰੰਗ ਦਾ ਪੱਤਾ ਕਹੇ ਜਾਣ ਵਾਲੇ ਟੌਮ ਬੂਨ ਨੇ ਪੈਨਲਟੀ ਕਾਰਨਰ ਤੋਂ ਟੀਮ ਲਈ ਗੋਲ ਕਰਕੇ ਸਕੋਰ 3-3 ਨਾਲ ਲੈਵਲ ਕਰ ਦਿੱਤਾ। ਸਕੋਰ 3-3 ਹੋਣ ਕਰਕੇ ਫਾਈਨਲ ਮੈਚ ਬਰਾਬਰੀ ’ਤੇ ਸਮਾਪਤ ਹੋਇਆ। ਪੈਨਲਟੀ ਸ਼ੂਟਆਊਟ ’ਚ ਜਰਮਨੀ ਦੇ ਗੋਲਕੀਪਰ ਐਸ. ਅਲੈਗਜ਼ੈਂਡਰ ਵਲੋਂ ਬਾਜ਼ੀ ਮਾਰਦਿਆਂ ਵਿਸ਼ਵ ਹਾਕੀ ਕੱਪ ਦੀ ਜਿੱਤ ਦਾ ਬਿਗੁਲ ਵਜਾ ਦਿੱਤਾ ਗਿਆ। ਪਹਿਲੀਆਂ ਪੰਜ-ਪੰਜ ਪੈਨਲਟੀਆਂ ’ਚ ਜੇਤੂ ਟੀਮ ਦਾ ਨਿਰਣਾ ਨਹੀਂ ਹੋਇਆ ਪਰ ਸਡਨਡੈਥ ’ਚ ਜਰਮਨ ਦੇ ਗੋਲਚੀ ਐਸ. ਅਲੈਗਜ਼ੈਂਡਰ ਨੇ ਬੈਲਜੀਅਮ ਦੇ ਖਿਡਾਰੀ ਕੋਸਿਨ ਦੀ ਪੈਨਲਟੀ ਡੱਕਣ ਤੋਂ ਬਾਅਦ 5-4 ਗੋਲ ਅੰਤਰ ਨਾਲ ਜਿੱਤ ’ਤੇ ਆਪਣੀ ਟੀਮ ਦੀ ਮੋਹਰ ਲਗਾ ਦਿੱਤੀ। ਆਲਮੀ ਹਾਕੀ ਟੂਰਨਾਮੈਂਟ ’ਚ ਤੀਜੇ ਪਾਏਦਾਨ ’ਤੇ ਬਿਰਾਜਮਾਨ ਹੋਣ ਵਾਲੀ ਨੀਦਰਲੈਂਡ ਦੇ ਖਿਡਾਰੀਆਂ ਨੇ ਆਸਟਰੇਲੀਆ ਨੂੰ 3-1 ਦੇ ਵੱਡੇ ਗੋਲ ਅੰਤਰ ਨਾਲ ਹਰਾ ਕੇ ਤਾਂਬੇ ਦਾ ਤਗਮਾ ਜਿੱਤਿਆ।
ਖਿਤਾਬੀ ਮੁਕਾਬਲੇ ਤੋਂ ਪਹਿਲਾਂ ਸੰਸਾਰ-ਵਿਆਪੀ ਹਾਕੀ ਟੂਰਨਾਮੈਂਟ ਦੇ ਕਿਗਾ ਸਟੇਡੀਅਮ ’ਚ ਖੇਡੇ ਦੋ ਸੈਮੀਫਾਈਨਲ ਮੈਚਾਂ ’ਚ ਜਰਮਨੀ ਦੇ ਖਿਡਾਰੀਆਂ ਨੇ ਆਸਟਰੇਲੀਆ ਦੀ ਟੀਮ ਨੂੰ ਹਰਾ ਕੇ ਫਾਈਨਲ ਖੇਡਣ ਦਾ ਟਿਕਟ ਹਾਸਲ ਕੀਤਾ ਜਦਕਿ ਦੂਜੇ ਸੈਮੀਫਾਈਨਲ ’ਚ ਬੈਲਜ਼ੀਅਮ ਦੀ ਹਾਕੀ ਟੀਮ ਨੇ ਨੀਦਰਲੈਂਡ ਦੇ ਖਿਡਾਰੀਆਂ ਨੂੰ ਪੈਨਲਟੀ ਸ਼ੂਟਆਊਟ ਰਾਹੀਂ 3-2 ਗੋਲ ਹਰਾ ਕੇ ਫਾਈਨਲ ਖੇਡਣ ਦੇ ਦਰ ’ਤੇ ਦਸਤਕ ਦਿੱਤੀ।
ਰੈਗੂਲਰ ਸਮੇਂ ’ਚ ਦੋਵੇਂ ਟੀਮਾਂ ਨੇ 2-2 ਗੋਲਾਂ ਨਾਲ ਮੁਕਾਬਲਾ ਬਰਾਬਰੀ ’ਤੇ ਸਮਾਪਤ ਕੀਤਾ ਸੀ। ਵਰਲਡ ਹਾਕੀ ਜਿੱਤਣ ਲਈ ਤਾਰੂ ਹੋਈਆਂ 16 ਹਾਕੀ ਟੀਮਾਂ ਮੇਜ਼ੁਬਾਨ ਇੰਡੀਆ ਤੋਂ ਇਲਾਵਾ ਮਹਿਮਾਨ ਹਾਕੀ ਟੀਮਾਂ ’ਚ ਡਿਫੈਂਡਿੰਗ ਵਿਸ਼ਵ ਤੇ ਓਲੰਪਿਕ ਚੈਂਪੀਅਨ ਬੈਲਜ਼ੀਅਮ, ਜਰਮਨੀ, ਨੀਦਰਲੈਂਡ, ਸਪੇਨ, ਚਿੱਲੀ, ਵੇਲਜ਼, ਦੱਖਣੀ ਅਫ਼ਰੀਕਾ, ਫਰਾਂਸ, ਇੰਗਲੈਂਡ, ਨਿਊਜ਼ੀਲੈਂਡ, ਆਸਟਰੇਲੀਆ, ਜਪਾਨ, ਮਲੇਸ਼ੀਆ, ਦੱਖਣੀ ਕੋਰੀਆ ਤੇ ਅਰਜਨਟੀਨਾ ਨੂੰ ਚਾਰ ਗਰੁੱਪਾਂ ’ਚ ਵੰਡਿਆ ਗਿਆ। ਪੂਲ ਮੈਚਾਂ ਤੋਂ ਬਾਅਦ ਹਰ ਗਰੁੱਪ ’ਚ ਟਾਪ ਰਹੀਆਂ ਆਸਟਰੇਲੀਆ, ਹਾਲੈਂਡ, ਬੈਲਜ਼ੀਅਮ ਤੇ ਇੰਗਲੈਂਡ ਦੀਆਂ ਚਾਰ ਹਾਕੀ ਟੀਮਾਂ ਨੇ ਕੁਆਟਰਫਾਈਨਲ ਖੇਡਣ ਦਾ ਸਿੱਧਾ ਟਿਕਟ ਹਾਸਲ ਕੀਤਾ ਜਦਕਿ ਆਪਣੇ ਗਰੁੱਪ ’ਚ ਚੌਥੇ ਭਾਵ ਫਾਡੀ ਰਹੀਆਂ ਜਪਾਨ, ਚਿੱਲੀ, ਵੇਲਜ਼ ਤੇ ਦੱਖਣੀ ਅਫ਼ਰੀਕਾ ਦੀਆਂ ਚਾਰ ਹਾਕੀ ਟੀਮਾਂ ਮੁਕਾਬਲੇ ’ਚੋਂ ਬਾਹਰ ਹੋ ਗਈਆਂ। ਹਰ ਗਰੁੱਪ ’ਚੋਂ ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ 8 ਹਾਕੀ ਟੀਮਾਂ ਨੂੰ ਕਰਾਸਓਵਰਜ਼ ਮੈਚ ਖੇਡਣੇ ਪਏ। ਇਸ ਦੌਰਾਨ ਸਪੇਨ, ਨਿਊਜ਼ੀਲੈਂਡ, ਦੱਖਣੀ ਕੋਰੀਆ ਤੇ ਜਰਮਨੀ ਦੀਆਂ ਟੀਮਾਂ ਨੇ ਕੁਆਟਰਫਾਈਨਲ ਗੇੜ ਖੇਡਣ ਲਈ ਕੁਆਲੀਫਾਈ ਕੀਤਾ ਜਦਕਿ ਮੇਜ਼ਬਾਨ ਭਾਰਤ ਤੋਂ ਇਲਾਵਾ ਫਰਾਂਸ, ਮਲੇਸ਼ੀਆ ਤੇ ਅਰਜਨਟੀਨਾ ਦੀਆਂ ਖਿਤਾਬੀ ਦੌੜ ’ਚੋਂ ਬਾਹਰ ਹੋ ਗਈਆਂ। ਸੈਕਿੰਡ ਰਾਊਂਡ ਭਾਵ ਕੁਆਟਰਫਾਈਨਲ ’ਚ ਨੀਦਰਲੈਂਡ ਨੇ ਦੱਖਣੀ ਕੋਰੀਆ, ਜਰਮਨੀ ਨੇ ਇੰਗਲੈਂਡ, ਆਸਟਰੇਲੀਆ ਨੇ ਸਪੇਨ ਅਤੇ ਬੈਲਜ਼ੀਅਮ ਨੇ ਨਿਊਜ਼ੀਲੈਂਡ ਦੇ ਹਾਕੀ ਖਿਡਾਰੀਆਂ ਨੂੰ ਟੂਰਨਾਮੈਂਟ ’ਚੋਂ ਬਾਹਰ ਦਾ ਰਸਤਾ ਵਿਖਾਉਂਦਿਆਂ ਸੈਮੀਫਾਈਨਲ ਖੇਡਣ ਦੀ ਉਡਾਉਣ ਭਰਨ ’ਚ ਸਫ਼ਲਤਾ ਹਾਸਲ ਕੀਤੀ।
ਕਿਸ ਨੂੰ ਕਿਹੜਾ ਮਿਲਿਆ ਰੈਂਕ
15ਵੇਂ ਵਰਲਡ ਹਾਕੀ ਕੱਪ ’ਚ ਜਰਮਨੀ ਨੇ ਪਹਿਲਾ ਰੈਂਕ, ਬੈਲਜ਼ੀਅਮ ਨੇ ਦੂਜਾ, ਨੀਦਰਲੈਂਡ ਨੇ ਤੀਜਾ, ਆਸਟਰੇਲੀਆ ਨੂੰ ਚੌਥਾ, ਇੰਗਲੈਂਡ ਨੂੰ 5ਵਾਂ, ਸਪੇਨ ਨੂੰ 6ਵਾਂ, ਨਿਊਜ਼ੀਲੈਂਡ ਨੂੰ 7ਵਾਂ, ਦੱਖਣੀ ਕੋਰੀਆ ਨੂੰ 8ਵਾਂ, ਮੇਜ਼ਬਾਨ ਇੰਡੀਆ ਤੇ ਅਰਜਨਟੀਨਾ ਨੂੰ 9ਵਾਂ, ਦੱਖਣੀ ਅਫ਼ਰੀਕਾ ਤੇ ਵੇਲਜ਼ ਨੂੰ 11ਵਾਂ, ਫਰਾਂਸ ਤੇ ਮਲੇਸ਼ੀਆ ਨੂੰ 13ਵਾਂ ਅਤੇ ਚਿੱਲੀ ਤੇ ਜਪਾਨ ਨੂੰ ਆਖ਼ਰੀ 15ਵਾਂ ਰੈਂਕ ਨਸੀਬ ਹੋਇਆ।
‘ਟਾਪ ਗੋਲ ਸਕੋਰਰ’ ਜੇਰੇਮੀ ਹੇਵਰਡ
ਭੁਵਨੇਸ਼ਵਰ-ਰੁੜਕੇਲਾ ਵਿਸ਼ਵ ਹਾਕੀ ਟੂਰਨਾਮੈਂਟ ’ਚ ਆਸਟਰੇਲੀਆਈ ਟੀਮ ਦਾ ਡਰੈਗ ਫਲਿੱਕਰ ਜੇਰੇਮੀ ਹੇਵਰਡ, ਭੁਬਨੇਸ਼ਵਰ-ਰੁੜਕੇਲਾ-2023 ਆਲਮੀ ਹਾਕੀ ਟੂਰਨਾਮੈਂਟ ’ਚ 9 ਗੋਲ ਕਰਨ ਸਦਕਾ ‘ਸਰਵੋਤਮ ਗੋਲ ਸਕੋਰਰ’ ਦੀ ਚੇਅਰ ’ਤੇ ਬੈਠਣ ’ਚ ਕਾਮਯਾਬ ਹੋਇਆ ਹੈ। ਆਸਟਰੇਲੀਆਈ ਫੀਲਡ ਹਾਕੀ ਟੀਮ ਦੇ 29 ਸਾਲਾ ਡਿਫੈਂਡਰ ਜੇਰੇਮੀ ਹੇਵਰਡ ਦਾ ਦੁਨੀਆਂ ਦੀ ਹਾਕੀ ’ਚ ਇਸ ਸਮੇਂ ਵੱਡਾ ਕੱਦ ਹੈ। ਜੇਰੇਮੀ ਹੇਵਰਡ ਨੇ ਇਹ ਨਾਮ ਹਾਕੀ ਮੈਟ ’ਤੇ ਖੇਡੇ 162 ਕੌਮਾਂਤਰੀ ਹਾਕੀ ਮੈਚਾਂ ’ਚ ਕਰਾਰੀਆਂ ਡਰੈਗ ਫਲਿੱਕਾਂ ਰਾਹੀਂ ਦਾਗੇ 70 ਗੋਲਾਂ ਸਦਕਾ ਕਮਾਇਆ ਹੈ। ਵਿਸ਼ਵ ਹਾਕੀ ਦੀਆਂ ਮੁੱਢਲੀਆਂ ਸਫ਼ਾਂ ’ਚ ਸ਼ੁਮਾਰ ਮਹਾਨ ਡਰੈਗ ਫਲਿੱਕਰ ਜੇਰੇਮੀ ਹੇਵਰਡ ਨੇ ਤਕਰੀਬਨ ਹਰ ਕੌਮਾਂਤਰੀ ਮੈਚ ’ਚ ਆਪਣੀ ਹਾਜ਼ਰੀ ਸਿੱਧ ਕਰਕੇ ਜਿੱਤ ਦੇ ਰੂਪ ’ਚ ਮੈਚ ਟੀਮ ਦੀ ਝੋਲੀ ਪਾਇਆ ਹੈ। ਆਲਮੀ ਹਾਕੀ ਕੱਪ ਹੇਗ-2014 ’ਚ ਸੀਨੀਅਰ ਹਾਕੀ ਟੀਮ ’ਚ ਬਰੇਕ ਲੈਣ ਵਾਲਾ ਜੇਰੇਮੀ ਹੇਵਰਡ ਪ੍ਰੋਫੈਸ਼ਨਲ ਹਾਕੀ ’ਚ ਘਰੇਲੂ ਐਨਟੀ ਸਟਰਿੰਗਰਜ਼ ਹਾਕੀ ਕਲੱਬ ਦੀ ਪ੍ਰਤੀਨਿੱਧਤਾ ਕਰਦਾ ਹੈ। 21 ਸਾਲਾ ਉਮਰ ’ਚ ਕੌਮਾਂਤਰੀ ਹਾਕੀ ਦੇ ਪਿੜ ’ਚ ਕਦਮ ਰੱਖਣ ਵਾਲੇ ਜੇਰੇਮੀ ਹੇਵਰਡ ਦਾ ਜਨਮ 3 ਮਾਰਚ, 1993 ’ਚ ਹੋਇਆ। 29 ਬਸੰਤਾਂ ਹੰਢਾਅ ਚੁੱਕੇ ਜੇਰੇਮੀ ਹੇਵਰਡ ਦਾ ਵੱਡਾ ਭਰਾ ਓਲੰਪੀਅਨ ਲਿਓਨ ਹੇਵਰਡ ਕੌਮਾਂਤਰੀ ਪੱਧਰ ’ਤੇ ਨਿਊਜ਼ੀਲੈਂਡ ਦੀ ਹਾਕੀ ਟੀਮ ਦੀ ਨੁਮਾਇੰਦਗੀ ਕਰਦਾ ਹੈ। ਇਹ ਮੌਕਾ ਮੇਲ ਹੀ ਸੀ ਕਿ ਦੋਵੇਂ ਭਰਾਵਾਂ ਨੂੰ ਭੁਵਨੇਸ਼ਵਰ-ਰੁੜਕੇਲਾ ਵਿਸ਼ਵ ਹਾਕੀ ਕੱਪ ’ਚ ਆਸਟਰੇਲੀਆ ਤੇ ਨਿਊਜ਼ੀਲੈਂਡ ਦੀਆਂ ਹਾਕੀ ਟੀਮਾਂ ਨਾਲ ਮੈਦਾਨ ’ਚ ਨਿੱਤਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜੇਰੇਮੀ ਹੇਵਰਡ ਨੂੰ ਜਿਥੇ ਕਰੀਅਰ ਦੇ ਪਲੇਠੇ ਸੰਸਾਰ ਹਾਕੀ ਕੱਪ ਹੇਗ-2014 ’ਚ ਵਿਸ਼ਵ ਚੈਂਪੀਅਨ ਨਾਮਜ਼ਦ ਹੋਈ ਆਸਟਰੇਲੀਅਨ ਹਾਕੀ ਟੀਮ ਨਾਲ ਮੈਦਾਨ ’ਚ ਖੇਡਣ ਦਾ ਹੱਕ ਹਾਸਲ ਹੋਇਆ ਉੱਥੇ ਉਸ ਨੇ ਟੋਕੀਓ-2020 ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਕੰਗਾਰੂ ਟੀਮ ਦੀ ਨੁਮਾਇੰਦਗੀ ਕੀਤੀ ਹੈ। ਵਿਸ਼ਵ ਹਾਕੀ ਕੱਪ ਭੁਵਨੇਸ਼ਵਰ-2018 ’ਚ ਤਾਂਬੇ ਦਾ ਤਗ਼ਮਾ ਜੇਤੂ ਹਾਕੀ ਟੀਮ ਨਾਲ ਮੈਦਾਨ ’ਚ ਨਿੱਤਰਨ ਵਾਲੇ ਜੇਰੇਮੀ ਹੇਵਰਡ ਨੂੰ ਵਰਲਡ ਹਾਕੀ ਲੀਗ ਦੇ 2 ਅਡੀਸ਼ਨਾਂ ਰਾਏਪੁਰ-2014-15 ਤੇ ਭੁਵਨੇਸ਼ਵਰ 2016-17 ’ਚ ਸੋਨ ਤਗ਼ਮੇ ਜਿੱਤਣ ਵਾਲੀ ਆਸਟਰੇਲੀਅਨ ਹਾਕੀ ਦੀ ਨੁਮਾਇੰਦਗੀ ਕਰਨ ਦਾ ਰੁਤਬਾ ਹਾਸਲ ਹੋਇਆ।
‘ਬੈਸਟ ਗੋਲਕੀਪਰ’ ਵਿਨਸੇਂਟ ਵਨਾਸ਼
ਆਲਮੀ ਹਾਕੀ ਟੂਰਨਾਮੈਂਟ ’ਚ ਉਪ-ਜੇਤੂ ਰਹੀ ਬੈਲਜ਼ੀਅਮ ਦੀ ਹਾਕੀ ਟੀਮ ਦੇ 35 ਸਾਲਾ ਗੋਲਕੀਪਰ ਵਿਨਸੇਂਟ ਵਨਾਸ਼ ਨੂੰ ‘ਬੈਸਟ ਗੋਲਕੀਪਰ ਆਫ ਦਿ ਟੂਰਨਾਮੈਂਟ’ ਨਾਮਜ਼ਦ ਕੀਤਾ ਗਿਆ ਹੈ। ਲੰਡਨ-2012, ਰੀਓ-2016 ਤੇ ਟੋਕੀਓ-2020 ਓਲੰਪਿਕ ਖੇਡਣ ਵਾਲੇ ਵਿਨਸੇਂਟ ਵਨਾਸ਼, ਟੋਕੀਓ ਓਲੰਪਿਕ ’ਚ ਗੋਲਡ ਮੈਡਲ ਤੇ ਰੀਓ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਹਾਸਲ ਕਰਨ ਵਾਲੀ ਸੀਨੀਅਰ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਓਲੰਪੀਅਨ ਗੋਲਕੀਪਰ ਤਵਿਨਸੇਂਟ ਵਨਾਸ਼ ਨੂੰ ਭੁਵਨੇਸ਼ਵਰ-2018 ਵਿਸ਼ਵ ਹਾਕੀ ਕੱਪ ’ਚ ਚੈਂਪੀਅਨ ਬਣਨ ਦਾ ਹੱਕ ਹਾਸਲ ਕਰਨ ਵਾਲੀ ਤੇ ਭੁਵਨੇਸ਼ਵਰ-ਰੁੜਕੇਲਾ-2023 ’ਚ ਚਾਂਦੀ ਦਾ ਕੱਪ ਹਾਸਲ ਕਰਨ ਵਾਲੀ ਬੈਲਜ਼ੀਅਮ ਹਾਕੀ ਟੀਮ ਨਾਲ ਮੈਦਾਨ ’ਚ ਨਿੱਤਰਨ ਦਾ ਰੁਤਬਾ ਹਾਸਲ ਹੋਇਆ। ਸਾਲ-2007 ਤੋਂ ਕਰੀਅਰ ਦਾ ਆਗਾਜ਼ ਕਰਨ ਵਾਲੇ ਵਿਨਸੇਂਟ ਵਨਾਸ਼ ਨੂੰ ਯੂਰੋ ਹਾਕੀ ਚੈਂਪੀਅਨਸ਼ਿਪ ਐਂਟਵਰਪ-2019 ’ਚ ਗੋਲਡ ਮੈਡਲ, ਬੂਮ-2013 ਤੇ ਐਮਸਤਲਵੀਨ-2017 ’ਚ ਦੋਵੇਂ ਵਾਰ ਸਿਲਵਰ ਮੈਡਲ ਤੇ ਐਮਸਤਲਵੀਨ-2021 ’ਚ ਤਾਂਬੇ ਦਾ ਤਗ਼ਮਾ ਹਾਸਲ ਕਰਨ ਵਾਲੇ ਟੀਮ ਦੇ ਦਸਤੇ ਨਾਲ ਮੈਦਾਨ ’ਚ ਖੇਡਣ ਦਾ ਹੱਕ ਹਾਸਲ ਹੋਇਆ ਉੱਥੇ ਉਸ ਨੇ ਰਾਏਪੁਰ (ਭਾਰਤ) ’ਚ ਖੇਡੀ ਗਈ ਹਾਕੀ ਵਰਲਡ ਲੀਗ 2014-15 ਦੇ ਅਡੀਸ਼ਨ ’ਚ ਚਾਂਦੀ ਦਾ ਤਗ਼ਮਾ ਹਾਸਲ ਕਰਨ ਵਾਲੀ ਟੀਮ ਦੀ ਨੁਮਾਇੰਦਗੀ ਕਰਨ ਦਾ ਜੱਸ ਵੀ ਖੱਟਿਆ ਹੈ। 1987 ’ਚ ਜਨਮੇ ਵਿਨਸੇਂਟ ਵਨਾਸ਼ ਨੂੰ ਐਫਆਈਐਚ ਦੇ ਪ੍ਰਬੰਧਕਾਂ ਵਲੋਂ ਸਾਲ-2017 ਤੇ 2019 ’ਚ ਦੋ ਵਾਰ ‘ਬੈਸਟ ਗੋਲਕੀਪਰ ਆਫ ਦਿ ਯੀਅਰ’ ਦੇ ਸਨਮਾਨ ਨਾਲ ਨਿਵਾਜਿਆ ਗਿਆ। ਜਰਮਨੀ ਦੇ ਰੋਟ-ਵੇਸ ਕੋਲਨ ਹਾਕੀ ਕਲੱਬ ਵਲੋਂ ਵਿਨਸੇਂਟ ਵਨਾਸ਼, ਕਰੀਅਰ ’ਚ 244 ਕੌਮਾਂਤਰੀ ਹਾਕੀ ਮੈਚਾਂ ’ਚ ਗੋਲ ਦੀ ਰਾਖੀ ਕਰ ਚੁੱਕਾ ਹੈ।
‘ਯੰਗ ਪਲੇਅਰ’ ਮੁਸਤਫ਼ਾ ਕੈਸੀਮ
ਦੱਖਣੀ ਅਫ਼ਰੀਕਾ ਦੇ 20 ਸੈਂਟਰ ਸਟਰਾਈਕਰ ਮੁਸਤਫਾ ਕੈਸੀਮ ਨੂੰ ਭੁਬਨੇਸ਼ਵਰ-ਰੁੜਕੇਲਾ ਵਿਸ਼ਵ ਹਾਕੀ ਕੱਪ ਦੇ ਅਧਿਕਾਰੀਆਂ ਵਲੋਂ ‘ਯੰਗ ਪਲੇਅਰ ਆਫ ਦਿ ਟੂਰਨਾਮੈਂਟ’ ਦਾ ਸਨਮਾਨ ਦਿੱਤਾ ਗਿਆ ਹੈ। ਫਰਵਰੀ-2020 ’ਚ ਅਮਰੀਕਾ ਵਿਰੁੱਧ ਸੀਨੀਅਰ ਕੌਮੀ ਹਾਕੀ ਟੀਮ ’ਚ ਕਰੀਅਰ ਦਾ ਆਗਾਜ਼ ਕਰਨ ਵਾਲੇ ਮੁਸਤਫਾ ਕੈਸੀਮ ਦਾ ਜਨਮ 19 ਮਾਰਚ, 2002 ਹੋਇਆ। ਮੁਸਤਫ਼ਾ ਨੇ ਯੰਗ ਕਰੀਅਰ ਦੀ ਸ਼ੁਰੂਆਤ ਵੈਸਟਰਨ ਪ੍ਰਵਿਨਸ ਅੰਡਰ-16 ਤੇ ਅੰਡਰ-18 ਦੀਆਂ ਜੂਨੀਅਰ ਹਾਕੀ ਟੀਮਾਂ ਵਲੋਂ ਖੇਡਣ ਸਦਕਾ ਕੀਤੀ। ਅਗਲੀ ਕਤਾਰ ’ਚ ਖੇਡਣ ਵਾਲਾ ਮੁਸਤਫ਼ਾ ਕੈਸੀਮ, ਕਰੀਅਰ ’ਚ ਖੇਡੇ 13 ਕੌਮਾਂਤਰੀ ਹਾਕੀ ਮੈਚਾਂ ’ਚ 13 ਗੋਲ ਸਕੋਰ ਕਰਨ ਦਾ ਕਰਿਸ਼ਮਾ ਕਰ ਚੁੱਕਾ ਹੈ। ਸਾਲ-2019 ’ਚ ਹਾਕੀ ਕਲੱਬ ਵੈਸਟਰਨ ਪ੍ਰਵਿਨਸ ਵਲੋਂ ਖੇਡਣ ਵਾਲੇ ਫਾਰਵਰਡ ਮੁਸਤਫ਼ਾ ਕੈਸੀਮ ਦਾ ਵੱਡਾ ਭਰਾ ਓਲੰਪੀਅਨ ਦਯਾਨ ਕੈਸੀਮ ਵਲੋਂ ਅਫ਼ਰੀਕਨ ਕੌਮੀ ਟੀਮ ਦਾ ਹਾਕੀ ਖਿਡਾਰੀ ਹੈ।
ਅਰਜਨਟੀਨਾ ਦੇ ਗੋਂਜ਼ਾਲੋ ਨੇ ਜਰਮਨ ਨੂੰ ਫੜਾਇਆ ਜਿੱਤ ਦਾ ਝੰਡਾ
30 ਸਾਲਾ ਰੱਖਿਅਕ ਗੋਂਜ਼ਾਲੋ ਪੀਲੈਟ ਵਲੋਂ ਅਰਜਨਟੀਨਾ ਦੀ ਕੌਮੀ ਹਾਕੀ ਟੀਮ ਲਈ ਖੇਡੀ ਸ਼ਾਨਦਾਰ ਹਾਕੀ ਪਾਰੀ ਦਾ ਸਬੂਤ ਉਸ ਵਲੋਂ 153 ਕੌਮਾਂਤਰੀ ਮੈਚਾਂ ’ਚ ਸਕੋਰ ਕੀਤੇ 176 ਗੋਲ ਹਨ। 18 ਸਾਲਾ ’ਚ ਗੋਂਜ਼ਾਲੋ ਨੂੰ ਲੰਡਨ-2012 ਓਲੰਪਿਕ ਹਾਕੀ ਖੇਡਣ ਲਈ ਸੀਨੀਅਰ ਹਾਕੀ ਟੀਮ ’ਚ ਐਂਟਰੀ ਦਿੱਤੀ। ਗੋਂਜ਼ਾਲੋ ਪੀਲੈਟ ਨੂੰ 2014 ’ਚ ਹੇਗ ’ਚ ਵਰਲਡ ਹਾਕੀ ਕੱਪ ’ਚ ਕੌਮੀ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਹੱਕ ਹਾਸਲ ਹੋਇਆ। ਗੋਂਜ਼ਾਲੋ ਦੇ ਗੋਲਾਂ ਦੇ ਸਹਾਰੇ ਪਹਿਲੀ ਵਾਰ ਵਰਲਡ ਹਾਕੀ ਕੱਪ ਦਾ ਸੈਮੀਫਾਈਨਲ ਖੇਡਣ ਵਾਲੀ ਅਰਜਨਟੀਨਾ ਟੀਮ ਦੇ ਪੱਲੇ ਇਸ ਹਾਕੀ ਟੂਰਨਾਮੈਂਟ ’ਚ ਤਾਂਬੇ ਦਾ ਤਗਮਾ ਪਿਆ। ਹੇਗ ਆਲਮੀ ਹਾਕੀ ਕੱਪ ’ਚ 10 ਗੋਲ ਦਾਗਣ ਸਦਕਾ ਗੋਂਜ਼ਾਲੋ ‘ਟਾਪ ਗੋਲ ਸਕੋਰਰ’ ਦੀ ਕੁਰਸੀ ’ਤੇ ਬਿਰਾਜਮਾਨ ਵੀ ਹੋਇਆ।
ਕਿਸ ਨੇ ਕਿੰਨੇ ਕੀਤੇ ਗੋਲ
ਜਰਮਨੀ ਦੀ ਹਾਕੀ ਟੀਮ ਨੇ 7 ਮੈਚਾਂ ’ਚੋਂ ਟੀਮ ਨੇ 6 ’ਚ ਜਿੱਤ ਹਾਸਲ ਕੀਤੀ ਜਦਕਿ ਗਰੁੱਪ ਮੈਚ ’ਚ ਬੈਲਜ਼ੀਅਮ ਨਾਲ 2-2 ਗੋਲ ਨਾਲ ਬਰਾਬਰੀ ਕੀਤੀ। ਵਿਸ਼ਵ ਚੈਂਪੀਅਨ ਜਰਮਨੀ ਦੀ ਟੀਮ ਦੇ ਖਿਡਾਰੀਆਂ ਨੇ ਵਿਰੋਧੀ ਟੀਮਾਂ ’ਤੇ 26 ਗੋਲ ਸਕੋਰ ਕੀਤੇ ਅਤੇ 13 ਗੋਲ ਟੀਮ ਸਿਰ ਹੋਏ। ਚਾਂਦੀ ਦੇ ਕੱਪ ਨਾਲ ਦੂਜਾ ਰੈਂਕ ਹਾਸਲ ਕਰਨ ਵਾਲੇ ਬੈਲਜ਼ੀਅਮ ਦੇ ਖਿਡਾਰੀਆਂ ਨੇ 6 ਮੈਚਾਂ ’ਚ 4 ਜਿੱਤੇ, 1 ਬਰਾਬਰ ਅਤੇ ਖਿਤਾਬੀ ਮੈਚ ਜਰਮਨੀ ਤੋਂ ਹਾਰਨ ਸਦਕਾ ਉਪ-ਜੇਤੂ ਬਣਨ ਦਾ ਹੱਕ ਹਾਸਲ ਕੀਤਾ। ਬੈਲਜ਼ੀਅਮ ਦੇ ਉਪ-ਜੇਤੂ ਟੀਮ ਦੇ ਖਿਡਾਰੀਆਂ ਨੇ ਵਿਰੋਧੀ ਟੀਮਾਂ ’ਤੇ 21 ਗੋਲ ਦਾਗੇ ਅਤੇ 8 ਗੋਲ ਟੀਮ ਨੂੰ ਸਿਰ ਲੈਣੇ ਪਏ। ਆਲਮੀ ਹਾਕੀ ਟੂਰਨਾਮੈਂਟ ’ਚ ਨੀਦਰਲੈਂਡ ਦੇ ਖਿਡਾਰੀਆਂ ਨੇ ਆਸਟਰੇਲੀਆ ਨੂੰ 3-1 ਗੋਲ ਨਾਲ ਹਰਾ ਕੇ ਤਾਂਬੇ ਦਾ ਤਗ਼ਮਾ ਜਿੱਤਿਆ।
ਖੰਡ ਦਾ ਖਿਡੌਣਾ ਸਾਬਤ ਹੋਈ ਭਾਰਤੀ ਹਾਕੀ ਟੀਮ
ਮੇਜ਼ਬਾਨ ਇੰਡੀਅਨ ਹਾਕੀ ਟੀਮ ਘਰੇਲੂ ਮੈਦਾਨ ’ਤੇ ਆਪਣੇ ਦਰਸ਼ਕਾਂ ਸਾਹਵੇਂ ਨਿਰਾ ਖੰਡ ਦਾ ਖਿਡਾਉਣਾ ਹੀ ਸਾਬਤ ਹੋਈ। ਟੋਕੀਓ-2020 ਓਲੰਪਿਕ ’ਚ ਤਾਂਬੇ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਖਿਡਾਰੀਆਂ ਤੋਂ ਹਾਕੀ ਪ੍ਰੇਮੀਆਂ ਨੂੰ ਢੇਰ ਸਾਰੀਆਂ ਉਮੀਦਾਂ ਸਨ ਪਰ ਟੀਮ ਇਨ੍ਹਾਂ ’ਤੇ ਬਿਲਕੁਲ ਵੀ ਖਰੀ ਨਹੀਂ ਉਤਰੀ। ਗਰੁੱਪ ਮੈਚਾਂ ਤੋਂ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਇਕ ਗੱਲ ਬਿਲਕੁਲ ਸਾਫ਼-ਸਪੱਸ਼ਟ ਹੋ ਗਈ ਸੀ ਕਿ ਇਹ ਟੀਮ ਵਰਲਡ ਹਾਕੀ ਕੱਪ ਖੇਡਣ ਦੇ ਹਾਣ ਦੀ ਨਹੀਂ ਸੀ। ਸਪੇਨ ਤੋਂ ਪਹਿਲਾ ਮੈਚ 2-0 ਨਾਲ ਜਿੱਤਣ ਤੋਂ ਬਾਅਦ ਇੰਗਲੈਂਡ ਨਾਲ ਦੂਜੇ ਮੈਚ ’ਚ ਗੋਲ ਰਹਿਤ ਬਰਾਬਰੀ ਨੇ ਕੌਮੀ ਹਾਕੀ ਟੀਮ ਦੀ ਪੈਨਲਟੀ ਕਾਰਨਰ ਨੂੰ ਗੋਲ ’ਚ ਤਬਦੀਲ ਨਾ ਕਰਨ ਦੀ ਕਮਜ਼ੋਰੀ ਦਾ ਭਾਂਡਾ ਚੌਰਾਹੇ ਹੀ ਭੰਨ ਦਿੱਤਾ ਸੀ। ਟੂਰਨਾਮੈਂਟ ’ਚ ਸਭ ਤੋਂ ਕਮਜ਼ੋਰ ਆਂਕੀ ਗਈ ਵੇਲਜ਼ ਨਾਲ 4-2 ਗੋਲ ਦੀ ਜਿੱਤ ਤੋਂ ਬਾਅਦ ਵੀ ਕਈ ਸਵਾਲ ਖੜ੍ਹੇ ਹੋਏ ਸਨ ਕਿ ਆਖ਼ਰ ਵੇਲਜ਼ ਦੇ ਖਿਡਾਰੀ ਭਾਰਤੀ ਟੀਮ ਸਿਰ 2 ਗੋਲ ਕਿਵੇਂ ਸਕੋਰ ਕਰਨ ’ਚ ਸਫ਼ਲ ਹੋਏ। ਇਸ ਦੇ ਚੱਲਦਿਆਂ ਮੇਜ਼ਬਾਨ ਟੀਮ ਨੂੰ ਕੁਆਟਰਫਾਈਨਲ ’ਚ ਸਿੱਧੇ ਦਾਖ਼ ਲੇ ’ਚ ਫੇਲ੍ਹ ਸਾਬਤ ਹੋਈ, ਜਿਸ ਕਰਕੇ ਨਿਊਜ਼ੀਲੈਂਡ ਨਾਲ ਕਰਾਸਓਵਰਜ਼ ਮੈਚ ’ਚ ਰੈਗੂਲਰ ਸਮੇਂ 3-3 ਗੋਲ ਨਾਲ ਬਰਾਬਰੀ ਕਰਨ ਤੋਂ ਬਾਅਦ ਪੈਨਲਟੀ ਸ਼ੂਟਆਊਟ ’ਚ ਟੀਮ ਇੰਡੀਆ ਦੇ ਖਿਡਾਰੀ ਕੀਵੀ ਟੀਮ ਤੋਂ 5-4 ਗੋਲ ਅੰਤਰ ਨਾਲ ਹਾਰਨ ਸਦਕਾ ਕੁਆਟਰਫਾਈਨਲ ’ਚ ਦਸਤਕ ਦੇਣ ਤੋਂ ਵਾਂਝੀ ਹੋਣ ਦੇ ਨਾਲ-ਨਾਲ ਵਿਸ਼ਵ-ਵਿਆਪੀ ਟੂਰਨਾਮੈਂਟ ’ਚੋਂ ਹੀ ਬਾਹਰ ਹੋ ਗਈ।
- ਸੁਖਵਿੰਦਰਜੀਤ ਸਿੰਘ ਮਨੌਲੀ
Posted By: Harjinder Sodhi