ਲੰਡਨ (ਏਐੱਫਪੀ) : ਯੂਏਫਾ ਯੂਰਪੀਅਨ ਚੈਂਪੀਅਨਸ਼ਿਪ ਵਿਚ ਇੰਗਲਿਸ਼ ਫੁੱਟਬਾਲ ਕਲੱਬਾਂ ਦਾ ਦਬਦਬਾ ਦੇਖਣ ਨੂੰ ਮਿਲਿਆ। ਇਸ ਕਾਰਨ ਹੁਣ ਇੰਗਲਿਸ਼ ਖਿਡਾਰੀਆਂ ਦੇ ਇਸ ਹਫ਼ਤੇ ਹੋਣ ਵਾਲੇ ਪਹਿਲੇ ਨੇਸ਼ਨਜ਼ ਲੀਗ ਵਿਚ ਖ਼ਿਤਾਬ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਉਤਸ਼ਾਹ ਮਿਲੇਗਾ ਪਰ ਇੰਗਲੈਂਡ ਦੇ ਕੋਚ ਗੇਰੇਥ ਸਾਊਥਗੇਟ ਦੇ ਸਾਹਮਣੇ ਕੁਝ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਚੈਂਪੀਅਨਜ਼ ਲੀਗ ਦਾ ਫਾਈਨਲ ਖੇਡਣ ਵਾਲੀ ਲਿਵਰਪੂਲ ਤੇ ਟਾਟੇਨਹਮ ਟੀਮਾਂ ਦੇ ਕੁੱਲ ਸੱਤ ਖਿਡਾਰੀ ਸਾਊਥਗੇਟ ਦੀ 23 ਮੈਂਬਰੀ ਰਾਸ਼ਟਰੀ ਟੀਮ ਵਿਚ ਸ਼ਾਮਲ ਹਨ। ਸਾਊਥਗੇਟ 'ਤੇ ਇਨ੍ਹਾਂ ਵਿਚੋਂ ਸਰਬੋਤਮ ਖਿਡਾਰੀਆਂ ਨੂੰ ਚੁਣਨ ਦੀ ਚੁਣੌਤੀ ਹੋਵੇਗੀ। ਓਧਰ ਇੰਗਲੈਂਡ ਦੇ ਕਪਤਾਨ ਹੈਰੀ ਕੇਨ 'ਤੇ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਹੈ ਜੋ ਅਜੇ ਵੀ ਪੂਰੀ ਤਰ੍ਹਾਂ ਫਿੱਟ ਨਜ਼ਰ ਨਹੀਂ ਆ ਰਹੇ ਹਨ।