ਵਾਸ਼ਿੰਗਟਨ (ਰਾਇਟਰ) : ਟੈਨਿਸ ਦੇ ਮੌਜੂਦਾ ਦਿੱਗਜ ਖਿਡਾਰੀ ਤੇ ਬਿਗ ਥ੍ਰੀ ਵਿਚ ਸ਼ਾਮਲ ਰੋਜਰ ਫੈਡਰਰ, ਰਾਫੇਲ ਨਡਾਲ ਤੇ ਨੋਵਾਕ ਜੋਕੋਵਿਕ ਅਮਰੀਕਾ ਵਿਚ ਮਾਰੇ ਗਏ ਸਿਆਹਫਾਮ ਵਿਅਕਤੀ ਜਾਰਜ ਫਲਾਇਡ ਨੂੰ ਇਨਸਾਫ਼ ਦਿਵਾਉਣ ਦੀ ਮੁਹਿੰਮ ਵਿਚ ਸ਼ਾਮਲ ਹੋ ਗਏ। ਬਿਗ ਥ੍ਰੀ ਤੋਂ ਪਹਿਲਾਂ ਕਈ ਸਿਆਹਫਾਮ ਖਿਡਾਰੀ ਵੀ ਫਲਾਇਡ ਨੂੰ ਨਿਆਂ ਦਿਵਾਉਣ ਲਈ ਅੱਗੇ ਆਏ ਸਨ ਜਿਸ ਵਿਚ ਦਿੱਗਜ ਗੋਲਫਰ ਟਾਈਗਰ ਵੁਡਜ਼, ਸ੍ਰੀਲੰਕਾਈ ਸਾਬਕਾ ਬੱਲੇਬਾਜ਼ ਕੁਮਾਰ ਸੰਗਾਕਾਰਾ, ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੇਰੇਨ ਸੈਮੀ ਸੇ ਨੌਜਵਾਨ ਟੈਨਿਸ ਖਿਡਾਰੀ ਕੋਕੋ ਗਾਫ ਸ਼ਾਮਲ ਹਨ। ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਟਵਿੱਟਰ ਤੇ ਇੰਸਟਾਗ੍ਰਾਮ ਪੇਜ਼ 'ਤੇ 'ਬਲੈਕ ਲਾਈਵਜ਼ ਮੈਟਰ' ਲਿਖਿਆ ਜਿਸ ਦਾ ਸਮਰਥਨ ਫੈਡਰਰ ਤੇ ਨਡਾਲ ਨੇ ਵੀ ਕੀਤਾ। ਨਸਲਵਾਦ ਖ਼ਿਲਾਫ਼ ਬਲੈਕ ਲਾਈਵਜ਼ ਮੈਟਰ ਦੇ ਨਾਂ ਨਾਲ ਅੰਤਰਰਾਸ਼ਟਰੀ ਮੁਹਿੰਮ ਚਲਾਈ ਜਾ ਰਹੀ ਹੈ। ਸਾਬਕਾ ਟੈਨਿਸ ਸਟਾਰ ਜੇਮਜ਼ ਬਲੈਕ ਨੇ ਪੰਜ ਸਾਲ ਪੁਰਾਣੀ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਨਿਊਯਾਰਕ ਵਿਚ ਇਕ ਲੰਬਾ ਚੌੜਾ ਆਦਮੀ ਉਨ੍ਹਾਂ ਵੱਲ ਭੱਜਾ ਆ ਰਿਹਾ ਸੀ ਜੋ ਸਾਦੇ ਕੱਪੜਿਆਂ ਵਿਚ ਪੁਲਸ ਮੁਲਾਜ਼ਮ ਹੀ ਸੀ। ਬਲੈਕ ਉਸ ਸਮੇਂ ਅਮਰੀਕੀ ਓਪਨ ਖੇਡਣ ਲਈ ਨਿਊਯਾਰਕ ਵਿਚ ਸਨ ਤੇ ਇਕ ਹੋਟਲ ਦੇ ਬਾਹਰ ਖੜ੍ਹੇ ਸਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਾ ਕਿ ਕੋਈ ਪ੍ਰਸ਼ੰਸਕ ਮੇਰੇ ਵੱਲ ਆ ਰਿਹਾ ਹੈ ਤੇ ਕਹੇਗਾ ਕਿ ਮੈਂ ਤੁਹਾਨੂੰ ਖੇਡਦੇ ਦੇਖਿਆ, ਮੇਰੇ ਬੱਚੇ ਵੀ ਟੈਨਿਸ ਖੇਡਦੇ ਹਨ। ਮੈਂ ਉਸ ਨੂੰ ਦੇਖ ਕੇ ਮੁਸਕੁਰਾ ਪਿਆ। ਉਸ ਵਿਅਕਤੀ ਨੇ ਸਿਆਹਫਾਮ ਖਿਡਾਰੀ ਬਲੈਕ ਨੂੰ ਹਾਲਾਂਕਿ ਕੋਈ ਹੋਰ ਸਮਝ ਲਿਆ ਸੀ ਜਿਸ ਦੀ ਕ੍ਰੈਡਿਟ ਕਾਰਡ ਘੁਟਾਲੇ ਵਿਚ ਉਸ ਨੂੰ ਭਾਲ ਸੀ। ਵੀਡੀਓ ਵਿਚ ਦਿਖਾਈ ਦਿੱਤਾ ਕਿ ਉਸ ਅੰਡਰਕਵਰ ਅਧਿਕਾਰੀ ਨੇ ਬਲੈਕ ਦਾ ਹੱਥ ਫੜ ਲਿਆ ਤੇ ਉਸ ਨੂੰ ਹੇਠਾਂ ਡੇਗ ਕੇ ਹੱਥ ਬੰਨ੍ਹ ਦਿੱਤੇ। ਫਲਾਇਡ ਦੀ ਮੌਤ ਨੇ ਬਲੈਕ ਨੂੰ ਉਹ ਘਟਨਾ ਯਾਦ ਦਿਵਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਂ ਕਾਫੀ ਦੁਖੀ ਹਾਂ ਕਿ ਇਹ ਅਜੇ ਤਕ ਹੁੰਦਾ ਆ ਰਿਹਾ ਹੈ। ਮੈਨੂੰ ਪੰਜ ਸਾਲ ਪੁਰਾਣੀ ਘਟਨਾ ਯਾਦ ਆ ਗਈ। ਪੁਲਿਸ ਦਾ ਜ਼ੁਲਮ, ਖ਼ਾਸ ਕਰ ਕੇ ਸਿਆਹਫਾਮ ਵਿਅਕਤੀਆਂ ਖ਼ਿਲਾਫ਼ ਜਾਰੀ ਹੈ।

-ਫੀਫਾ ਦੇ ਪ੍ਰਧਾਨ ਜਿਆਨੀ ਇਨਫੈਨਟੀਨੋ ਨੇ ਕਿਹਾ ਹੈ ਕਿ ਮੈਚਾਂ ਦੌਰਾਨ ਜਾਰਜ ਫਲਾਇਡ ਦੀ ਮੌਤ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨ ਵਾਲੇ ਬੁੰਦਿਸ਼ਲੀਗਾ ਦੇ ਖਿਡਾਰੀਆਂ ਨੂੰ ਸਜ਼ਾ ਨਹੀਂ ਬਲਕਿ ਤਾਰੀਫ਼ ਮਿਲਣੀ ਚਾਹੀਦੀ ਹੈ। ਜਰਮਨੀ ਦੇ ਬੁੰਦਿਸ਼ਲੀਗਾ ਦੇ ਚਾਰ ਨੌਜਵਾਨ ਫੁੱਟਬਾਲਰਾਂ ਨੇ ਇਨਸਾਫ਼ ਦੀ ਮੰਗ ਕੀਤੀ ਸੀ।

-ਕ੍ਰਿਕਟ ਵੈਸਟਇੰਡੀਜ਼ ਨੇ ਕਿਹਾ ਹੈ ਕਿ ਕੈਰੇਬਿਆਈ ਲੋਕਾਂ ਨੇ ਮੈਦਾਨ ਅੰਦਰ ਤੇ ਬਾਹਰ ਪੱਖਪਾਤ ਖ਼ਿਲਾਫ਼ ਕਾਫੀ ਲੜਾਈ ਲੜੀ ਹੈ ਤੇ ਉਹ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਮੌਤ ਤੋਂ ਬਾਅਦ ਨਸਲਵਾਦ ਦੀ ਨਿੰਦਾ ਕਰਨ ਵਿਚ ਆਪਣੇ ਖਿਡਾਰੀਆਂ ਦੇ ਨਾਲ ਹਨ।

-ਅੰਤਰਰਾਸ਼ਟਰੀ ਓਲੰਪਿਕ ਕਮੇਟੀ ਫਲਾਇਡ ਦੀ ਮੌਤ 'ਤੇ ਬੋਲਣ ਵਾਲੇ ਖਿਡਾਰੀਆਂ ਦੇ ਵਿਚਾਰਾਂ ਦਾ ਸਨਮਾਨ ਕਰਦੀ ਹੈ।