ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : 5ਵੀਂ ਆਲ ਇੰਡੀਆ ਇੰਟਰ-ਵਰਸਿਟੀ ਗੱਤਕਾ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਜਲੰਧਰ ਵਿਖੇ ਚਾਰ ਮਈ ਤੋਂ ਸੱਤ ਮਈ ਤਕ ਹੋਵੇਗੀ। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਪ੍ਰੀਤਮ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਦੇ ਆਦੇਸ਼ਾਂ ਤਹਿਤ ਇਹ ਇੰਟਰ-ਵਰਸਿਟੀ ਟੂਰਨਾਮੈਂਟ ਤੀਜੀ ਵਾਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਹੋ ਰਿਹਾ ਹੈ।

ਉਨ੍ਹਾਂ ਦੇਸ਼ ਦੀਆਂ ਸਮੂਹ ਯੂਨੀਵਰਸਿਟੀਆਂ ਦੇ ਖੇਡ ਡਾਇਰੈਕਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਯੂਨੀਵਰਸਿਟੀਆਂ ਦੀਆਂ ਟੀਮਾਂ (ਮਰਦ ਅਤੇ ਔਰਤਾਂ) ਦੀਆਂ ਐਂਟਰੀਆਂ ਯੂਨੀਵਰਸਿਟੀ ਦੀ ਈਮੇਲ 'ਤੇ ਹਰ ਹਾਲਤ ਵਿਚ 30 ਅਪ੍ਰੈਲ ਤਕ ਭੇਜ ਦੇਣ। ਡਾ. ਪ੍ਰੀਤਮ ਸਿੰਘ ਨੇ ਦੱਸਿਆ ਕਿ ਦੋ ਮਈ ਨੂੰ ਇੰਨ੍ਹਾਂ ਮੁਕਾਬਲਿਆਂ ਲਈ ਸਾਰੀਆਂ ਟੀਮਾਂ ਦੀਆਂ ਟਾਈਆਂ ਪੈਣਗੀਆਂ ਜਦਕਿ ਚਾਰ ਅਤੇ ਪੰਜ ਮਈ ਨੂੰ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਮਰਦਾਂ ਦੀਆਂ ਗੱਤਕਾ ਟੀਮਾਂ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਛੇ ਅਤੇ ਸਤੱ ਮਈ ਨੂੰ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਮਹਿਲਾ ਗੱਤਕਾ ਟੀਮਾਂ ਦੇ ਮੁਕਾਬਲੇ ਹੋਣਗੇ।