ਗੁਆਡਲਾਜਰਾ (ਏਪੀ) : ਸਪੇਨ ਦੀ ਗਰਬਾਈਨੇ ਮੁਗੁਰੂਜਾ ਨੇ ਫਾਈਨਲ ਵਿਚ ਏਨੇਟ ਕੋਂਟਾਵਿਟ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਇੱਥੇ ਡਬਲਯੂਟੀਏ ਫਾਈਨਲਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਸਪੇਨ ਦੀ 28 ਸਾਲ ਦੀ ਮੁਗੁਰੂਜਾ ਨੇ ਏਸਟੋਨੀਆ ਦੀ ਕੋਂਟਾਵਿਟ ਨੂੰ 6-3, 7-5 ਨਾਲ ਹਰਾ ਕੇ ਆਪਣੇ ਕਰੀਅਰ ਵਿਚ ਪਹਿਲੀ ਵਾਰ ਇਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਮੁਗੁਰੂਜਾ ਇਸ ਮੁਕਾਬਲੇ ਵਿਚ ਸ਼ੁਰੂਆਤ ਤੋਂ ਹੀ ਹਾਵੀ ਰਹੀ ਤੇ ਉਨ੍ਹਾਂ ਨੇ ਕੋਂਟਾਵਿਟ ਨੂੰ ਅੱਗੇ ਜਾਣ ਦਾ ਕੋਈ ਮੌਕਾ ਨਹੀਂ ਦਿੱਤਾ। ਮੁਗੁਰੂਜਾ ਨੇ ਜਿੱਥੇ ਪਹਿਲਾ ਸੈੱਟ ਆਸਾਨੀ ਨਾਲ ਜਿੱਤਿਆ ਤਾਂ ਉਥੇ ਦੂਜੇ ਸੈੱਟ ਵਿਚ ਕੋਂਟਾਵਿਟ ਨੇ ਕੁਝ ਚੁਣੌਤੀ ਪੇਸ਼ ਕੀਤੀ। ਹਾਲਾਂਕਿ ਇਹ ਕਾਰਗਰ ਸਾਬਤ ਨਹੀਂ ਹੋਈ ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਮੈਕਸੀਕੋ ਨੂੰ ਆਪਣੇ ਘਰ ਦੀ ਤਰ੍ਹਾਂ ਦੱਸਣ ਵਾਲੀ ਮੁਗੁਰੂਜਾ ਨੇ ਇਸ ਦੇਸ਼ ਵਿਚ ਖੇਡਦੇ ਹੋਏ 14 ਮੁਕਾਬਲੇ ਜਿੱਤੇ ਹਨ ਜਦਕਿ ਦੋ ਮੈਚਾਂ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੈਕਸੀਕੋ ਦੇ ਮੋਂਟੇਰੀ ਵਿਚ 2018 ਤੇ 2019 ਵਿਚ ਲਗਾਤਾਰ ਦੋ ਖ਼ਿਤਾਬ ਜਿੱਤਣ ਵਾਲੀ ਮੁਗੁਰੂਜਾ ਇਹ ਟੂਰਨਾਮੈਂਟ ਜਿੱਤਣ ਵਾਲੀ ਸਪੇਨ ਦੀ ਪਹਿਲੀ ਖਿਡਾਰਨ ਹਨ। ਇਸ ਤੋਂ ਪਹਿਲਾਂ ਸਪੇਨ ਦੀ ਅਰਾਂਤਜਾ ਸਾਂਚੇਜ ਵਿਕਾਰੀਓ ਦੋ ਵਾਰ ਉੱਪ ਜੇਤੂ ਰਹਿ ਚੁੱਕੀ ਹੈ। ਦੁਨੀਆ ਦੀ ਨੰਬਰ ਇਕ ਖਿਡਾਰਨ 2014 ਵਿਚ ਸੇਰੇਨਾ ਵਿਲੀਅਮਜ਼ ਤੋਂ ਬਾਅਦ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੀ ਸਭ ਤੋਂ ਵੱਧ ਉਮਰ ਦੀ ਖਿਡਾਰਨ ਹੈ।

ਡਬਲਯੂਟੀਏ ਫਾਈਨਲਜ਼ 2015 ਵਿਚ ਸੈਮੀਫਾਈਨਲ ਵਿਚ ਥਾਂ ਬਣਾਉਣ ਵਾਲੀ ਮੁਗੁਰੂਜਾ ਸੈਸ਼ਨ ਦਾ ਅੰਤ ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਦੇ ਰੂਪ ਵਿਚ ਕਰੇਗੀ ਜੋ 2017 ਤੋਂ ਬਾਅਦ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ ਹੈ। ਹਾਰ ਦੇ ਬਾਵਜੂਦ ਕੋਂਟਾਵਿਟ ਦੀ ਇਸ ਸਾਲ ਦੀ ਸਮਾਪਤੀ ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰਨ ਦੇ ਰੂਪ ਵਿਚ ਕਰਨ ਦੀ ਉਮੀਦ ਹੈ।

ਕ੍ਰੇਜੀਕੋਵਾ ਤੇ ਸਿਨੀਆਕੋਵਾ ਨੇ ਜਿੱਤਿਆ ਡਬਲਜ਼ ਖ਼ਿਤਾਬ

ਗੁਆਡਲਾਜਰਾ (ਏਐੱਨਆਈ) : ਸਿਖਰਲਾ ਦਰਜਾ ਬਾਰਬੋਰਾ ਕ੍ਰੇਜੀਕੋਵਾ ਤੇ ਕੈਟਰੀਨਾ ਸਿਨੀਆਕੋਵਾ ਨੇ ਤੀਜਾ ਦਰਜਾ ਜੋੜੀ ਹਸੀਏਪ ਸੂ ਵੇਈ ਤੇ ਏਲਿਸੇ ਮਰਟੇਂਸ ਨੂੰ ਇਕ ਘੰਟੇ 18 ਮਿੰਟ ਤਕ ਚੱਲੇ ਮੁਕਾਬਲੇ ਵਿਚ 6-3, 6-4 ਨਾਲ ਹਰਾ ਕੇ ਮਹਿਲਾ ਡਬਲਜ਼ ਦਾ ਖ਼ਿਤਾਬ ਆਪਣੇ ਨਾਂ ਕੀਤਾ। ਕ੍ਰੇਜੀਕੋਵਾ ਤੇ ਸਿਨੀਆਕੋਵਾ ਨੇ ਪਹਿਲੀ ਵਾਰ ਇਸ ਚੈਂਪੀਅਨਸ਼ਿਪ ਨੂੰ ਜਿੱਤ ਕੇ ਸਾਲ ਦੀ ਬਿਹਤਰੀਨ ਅੰਦਾਜ਼ ਵਿਚ ਸਮਾਪਤੀ ਕੀਤੀ।

Posted By: Ramanjit Kaur