ਰਫ਼ਤਾਰ ਦੇ ਸੌਦਾਗਰ ਓਸੇਨ ਬੋਲਟ ਦੇ ਪਿਤਾ ਵੇਲੇਰਲੇ ਬੋਲਟ ਦਾ ਕਹਿਣਾ ਹੈ ਕਿ ਹਰ ਸਾਲ ਫਾਦਰ ਡੇ ’ਤੇ ਬੋਲਟ ਮੈਨੂੰ ਮਹਿੰਗੇ ਤੋਹਫੇ ਤੇ ਪਰਿਵਾਰ ਨੂੰ ਕਿਸੇ ਪੌਸ਼ ਹੋਟਲ ’ਚ ਪਾਰਟੀ ਦਿੰਦਾ ਹੈ। ਇਹ ਹੋਟਲ ਦੁਨੀਆ ਦੇ ਕਿਸੇ ਵੀ ਦੇਸ਼ ’ਚ ਹੋ ਸਕਦਾ ਹੈ। ਬ੍ਰਾਜ਼ੀਲ ਉਂਝ ਵੀ ਫਾਦਰ ਡੇਅ ਹਰ ਵਾਰ ਅਗਸਤ ਮਹੀਨੇ ਦੇ ਦੂਜੇ ਐਤਵਾਰ ਮਨਾਉਣ ਦੀ ਰਵਾਇਤ ਹੈ। ਇਸ ਵਾਰ ਫਾਦਰ ਡੇ ਵਾਲੇ ਦਿਨ ਹੀ ਰੀਓ ’ਚ 100 ਮੀਟਰ ਦੌੜ ਦਾ ਫਾਈਨਲ ਸੀ। ਫਰਾਟਾ ਦੌੜ ਦਾ ਫਾਈਨਲ ਦੌੜਨ ਤੋਂ ਪਹਿਲਾਂ ਬੋਲਟ ਨੇ ਫੋਨ ’ਤੇ ਆਪਣੇ ਪਿਤਾ ਨੂੰ ਫਾਦਰ ਡੇ ਦੀ ਵਧਾਈ ਦਿੱਤੀ ਸੀ। ਇਸ ਦੇ ਬਾਵਜੂਦ ਪਿਤਾ ਵੇਲੇਰਲੇ ਨੇ ਬੋਲਟ ਨੂੰ ਮੋੜਵਾਂ ਫੋਨ ਕੀਤਾ ਕਿ ਇਸ ਵਾਰ ਫਾਦਰ ਡੇ ’ਤੇ ਮੈਨੂੰ ਤੋਹਫ਼ੇ ਵਜੋਂ ਸਿਰਫ਼ ਤੇ ਸਿਰਫ਼ ਸੌ ਮੀਟਰ ਦੌੜ ’ਚ ਗੋਲਡ ਮੈਡਲ ਚਾਹੀਦਾ ਹੈ। ਤੇਜ਼ ਦੌੜਾਕ ਬੋਲਟ ਦੇ ਸੌ ਮੀਟਰ ’ਚ ਚੈਂਪੀਅਨ ਬਣਨ ਸਦਕਾ ਜਿੱਥੇ ਵੇਲੇਰਲੇ ਬੋਲਟ ਦੀਆਂ ਉਮੀਦਾਂ ’ਤੇ ਖਰ੍ਹਾ ਉਤਰਿਆ, ਉੱਥੇ ਫਾਦਰ ਡੇ ’ਤੇ ਜਿੱਤਿਆ ਗੋਲਡ ਮੈਡਲ ਤੋਹਫ਼ੇ ਦੇ ਰੂਪ ’ਚ ਆਪਣੇ ਪਿਤਾ ਨੂੰ ਸਮਰਪਿਤ ਕਰ ਦਿੱਤਾ। ਓਲੰਪਿਕ ਪਿੰਡ ’ਚ ਖੇਡ ਮੀਡੀਆ ਸਾਹਵੇਂ ਪੁੱਤ ਦੀ ਜਿੱਤ ਨਾਲ ਬਾਗ਼ੋ-ਬਾਗ਼ ਹੋਏ ਵੇਲੇਰਲੇ ਬੋਲਟ ਨੇ ਕਿਹਾ ਕਿ ਫਾਦਰ ਡੇ ’ਤੇ ਇਕ ਪਿਤਾ ਨੂੰ ਪੁੱਤਰ ਵਲੋਂ ਦਿੱਤਾ ਗਿਆ ਇਸ ਤੋਂ ਵਧੀਆ ਤੋਹਫਾ ਹੋਰ ਕੀ ਹੋ ਸਕਦਾ ਹੈ।।

ਆਇਵਰੀ ਕੋਸਟ ਨੇ ਜਿੱਤਿਆ ਗੋਲਡ

ਆਇਵਰੀ ਕੋਸਟ ਦੇ ਚਿਕ ਸਾਲਾਹ ਸਿਸੇ ਨੇ ਤਾਇਕਵਾਂਡੋ ਦੇ 80 ਕਿੱਲੋ ਭਾਰ ਵਰਗ ’ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ। ਉਸ ਨੇ ਲੰਡਨ ਓਲੰਪਿਕ ’ਚ ਤਾਂਬੇ ਦਾ ਮੈਡਲ ਜੇਤੂ ਬਰਤਾਨੀਆ ਦੇ ਲੂਟਾਲੋ ਮੁਹੰਮਦ ਨੂੰ ਫਾਈਨਲ ’ਚ ਹਰਾਉਣ ਤੋਂ ਬਾਅਦ ਹਾਸਲ ਕੀਤਾ। ਇਹ ਪਲੇਠਾ ਗੋਲਡ ਮੈਡਲ ਰੀਓ ਓਲੰਪਿਕ ’ਚ ਆਇਵਰੀ ਕੋਸਟ ਵੱਲੋਂ ਜਿੱਤਿਆ ਦੂਜਾ ਮੈਡਲ ਹੈ। ਚਿਕ ਸਿਸੇ ਤੋਂ ਪਹਿਲਾਂ ਅਫਰੀਕੀ ਦੇਸ਼ ਦੀ ਮਹਿਲਾ ਮੁੱਕੇਬਾਜ਼ ਰੁਥ ਗਬਾਬੀ ਨੇ 67 ਕਿੱਲੋ ਭਾਰ ਵਰਗ ’ਚ ਤਾਂਬੇ ਦੇ ਮੈਡਲ ’ਤੇ ਕਬਜ਼ਾ ਕੀਤਾ ਸੀ। ਆਇਵਰੀ ਕੋਸਟ ਵੱਲੋਂ ਓਲੰਪਿਕ ਖੇਡਾਂ ’ਚ ਚਿਕ ਸਾਲਾਹ ਸਿਸੇ ਵਲੋਂ ਜਿੱਤਿਆ ਤੀਜਾ ਮੈਡਲ ਹੈ। ਇਸ ਦੇਸ਼ ਦੇ ਦੌੜਾਕ ਨੇ ਲਾਸ ਏਂਜਲਸ-1984 ਓਲੰਪਿਕ ’ਚ ਸਿਲਵਰ ਮੈਡਲ ਜਿੱਤਿਆ ਸੀ। ਟੋਕੀਓ ਓਲੰਪਿਕ ’ਚ ਚਿਕ ਸਾਲਾਹ ਇਸੇ ਭਾਰ ਵਰਗ ’ਚ ਸੋਨ ਤਗਮਾ ਜਿੱਤਣ ਲਈ ਦ੍ਰਿੜ ਸੰਕਲਪ ਹੈ।

ਓਲੰਪਿਕ ਦੀ ਪਲੇਠੀ ਮਹਿਲਾ ਚੈਂਪੀਅਨ ਗੋਲਫਰ

ਦੱਖਣੀ ਕੋਰੀਆ ਦੀ ਗੋਲਫਰ ਇਨਬੀ ਪਾਰਕ ਨੇ ਓਲੰਪਿਕ ਗੇਮਜ਼ ’ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਨਾਮਜ਼ਦ ਹੋਈ। ਓਲੰਪਿਕ ਖੇਡਾਂ ’ਚ 112 ਸਾਲ ਬਾਅਦ ਸ਼ਾਮਲ ਕੀਤੇ ਗਏ ਖੇਡ ਈਵੈਂਟ ਗੋਲਫ ’ਚ ਨਿਊਜ਼ੀਲੈਂਡ ਦੀ ਕੋ ਲਿਡਿਓ ਨੂੰ ਸਿਲਵਰ ਤੇ ਚੀਨ ਦੀ ਗੋਲਫਰ ਸ਼ਾਨਸ਼ਾਨ ਫੇਂਗ ਨੂੰ ਤਾਂਬੇ ਦੇ ਮੈਡਲ ਹਾਸਲ ਹੋਏ। ਰੀਓ ਤੋਂ ਬਾਅਦ ਟੋਕੀਓ ਓਲੰਪਿਕ ’ਚ ਮੈਡਲ ਜਿੱਤਣ ਵਾਲੀਆਂ ਤਿੰਨੇ ਮਹਿਲਾ ਗੋਲਫਰਾਂ ਆਪਣੇ ਖ਼ਿਤਾਬਾਂ ਦੇ ਬਚਾਅ ਲਈ ਹੰਭਲਾ ਮਾਰਨਗੀਆਂ।

ਮੈਰਾਥਨ ’ਚ ਟੀ ਗੋਪੀ ਤੇ ਖੇਤਾ ਰਾਮ ਦੀ ਬੈਸਟ ਟਾਈਮਿੰਗ

ਰੀਓ ਓਲੰਪਿਕ-2016 ’ਚ ਭਾਰਤ ਦੇ ਤਿੰਨ ਮੈਰਾਥਨ ਦੌੜਾਕਾਂ ਖੇਤਾ ਰਾਮ, ਟੀ ਗੋਪੀ ਤੇ ਨਿਤੇਂਦਰ ਸਿੰਘ ਰਾਵਤ ਨੇ ਮੈਡਲ ਜਿੱਤਣ ਦੀ ਕਾਫੀ ਕੋਸ਼ਿਸ਼ ਕੀਤੀ। ਗੋਪੀ ਨੇ 2 ਘੰਟੇ 15 ਮਿੰਟ 25 ਸੈਕਿੰਡ ਸਮੇਂ ਨਾਲ 25ਵਾਂ ਅਤੇ ਖੇਤਾ ਰਾਮ ਨੇ 2 ਘੰਟੇ 15 ਮਿੰਟ 26 ਸੈਕਿੰਡ ਦੇ ਸਮੇਂ ਨਾਲ 26ਵਾਂ ਜਦਕਿ ਨਿਤੇਂਦਰ ਸਿੰਘ ਰਾਵਤ 2 ਘੰਟੇ 22 ਮਿੰਟ 52 ਸੈਕਿੰਡ ਨਾਲ 84ਵੇਂ ਸਥਾਨ ’ਤੇ ਰਿਹਾ। ਰੀਓ ’ਚ ਭਾਰਤੀ ਮੈਰਾਥਨ ਦੌੜਾਕਾਂ ਵੱਲੋਂ ਵਧੀਆ ਟਾਈਮਿੰਗ ਕੱਢਣ ਸਦਕਾ ਚੰਗਾ ਪ੍ਰਦਰਸ਼ਨ ਕੀਤਾ ਗਿਆ ਹੈ।

ਡੱਚ ਖਿਡਾਰਨਾਂ ਦੀ ਹੈਟ੍ਰਿਕ ’ਚ ਅੜਿੱਕਾ ਬਣੀਆਂ ਬਰਤਾਨਵੀ ਹਾਕੀ ਖਿਡਾਰਨਾਂ

ਰੀਓ ਓਲੰਪਿਕ ’ਚ ਬਰਤਾਨੀਆ ਦੀ ਮਹਿਲਾ ਹਾਕੀ ਟੀਮ ਨੇ ਜਿੱਥੇ ਪਹਿਲੀ ਵਾਰ ਚੈਂਪੀਅਨ ਬਣਨ ਦਾ ਜੱਸ ਖੱਟਿਆ ਉੱਥੇ ਹਾਕੀ ’ਚ ਓਲੰਪਿਕ ਚੈਂਪੀਅਨ ਬਣੀਆਂ ਗੋਰੀਆਂ ਖਿਡਾਰਨਾਂ ਨੇ ਹਾਲੈਂਡ ਦੀਆਂ ਉਪ-ਜੇਤੂ ਡੱਚ ਮੁਟਿਆਰਾਂ ਦਾ ਓਲੰਪਿਕ ਗੋਲਡ ਮੈਡਲਾਂ ਦੀ ਹੈਟ੍ਰਿਕ ਪੂਰੀ ਕਰਨ ਦਾ ਸੁਪਨਾ ਵੀ ਚਕਨਾਚੂਰ ਕਰ ਦਿੱਤਾ। ਗੌਰਤਲਬ ਹੈ ਕਿ ਰੀਓ ’ਚ ਉਪ ਜੇਤੂ ਰਹੀ ਹਾਲੈਂਡ ਦੀ ਮਹਿਲਾ ਹਾਕੀ ਟੀਮ ਨੂੰ ਬੀਜਿੰਗ-2008 ਤੇ ਲੰਡਨ-2012 ਓਲੰਪਿਕ ਦੇ ਖ਼ਿਤਾਬ ਆਪਣੀ ਝੋਲੀ ’ਚ ਪਾਉਣ ਦਾ ਮਾਣ ਹਾਸਲ ਹੈ।। ਰੀਓ ’ਚ ਦੋਵਾਂ ਟੀਮਾਂ ਨੇ ਤੈਅ ਸਮੇਂ ’ਚ ਫਾਈਨਲ ਮੈਚ ਤਿੰਨ-ਤਿੰਨ ਗੋਲਾਂ ਦੀ ਬਰਾਬਰੀ ’ਤੇ ਸਮਾਪਤ ਕੀਤਾ। ਪਰ ਪੈਨਲਟੀ ਸ਼ੂਟਆਊਟ ’ਚ ਇੰਗਲਿਸ਼ ਟੀਮ ਨੇ ਡੱਚ ਖਿਡਾਰਨਾਂ ’ਤੇ 2-0 ਗੋਲ ਦੇ ਫ਼ਰਕ ਨਾਲ ਮੈਚ ’ਤੇ ਆਪਣੀ ਜਿੱਤ ਦੀ ਮੋਹਰ ਲਾ ਦਿੱਤੀ।

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ : 94171-82993

Posted By: Susheel Khanna