ਪੈਰਿਸ (ਏਪੀ) : ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਸ਼ੁਰੂ ਵਿਚ ਸਰਵਿਸ ਗੁਆਉਣ ਤੋਂ ਬਾਅਦ ਚੰਗੀ ਵਾਪਸੀ ਕਰ ਕੇ ਸੋਮਵਾਰ ਨੂੰ ਇੱਥੇ ਫਰੈਂਚ ਓਪਨ ਮਰਦ ਸਿੰਗਲਜ਼ ਕੁਆਲੀਫਾਇੰਗ ਦੇ ਦੂਜੇ ਗੇੜ ਵਿਚ ਪ੍ਰਵੇਸ਼ ਕੀਤਾ ਪਰ ਦੇਸ਼ ਦੇ ਚੋਟੀ ਦੇ ਖਿਡਾਰੀ ਸੁਮਿਤ ਨਾਗਲ ਫ਼ਸਵੇਂ ਮੈਚ ਵਿਚ ਹਾਰ ਕੇ ਬਾਹਰ ਹੋ ਗਏ। ਕੁਆਲੀਫਾਇੰਗ ਵਿਚ 16ਵਾਂ ਦਰਜਾ ਹਾਸਲ ਤੇ ਯੂਐੱਸ ਓਪਨ ਦੇ ਦੂਜੇ ਗੇੜ ਵਿਚ ਪੁੱਜ ਕੇ ਪਿਛਲੇ ਸੱਤ ਸਾਲ ਵਿਚ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਸਿੰਗਲਜ਼ ਵਿਚ ਜਿੱਤ ਦਰਜ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਨਾਗਲ ਨੂੰ ਜਰਮਨੀ ਦੇ ਡਸਟਿਨ ਬਰਾਊਨ ਹੱਥੋਂ 6-7, 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਇਕ ਘੰਟੇ 47 ਮਿੰਟ ਤਕ ਚੱਲਿਆ। ਨਾਗਲ ਕੋਲ ਦੂਜੇ ਸੈੱਟ ਵਿਚ ਮੌਕਾ ਸੀ ਕਿਉਂਕਿ ਇਕ ਸਮੇਂ ਉਹ 3-0 ਨਾਲ ਅੱਗੇ ਸਨ ਪਰ ਬਰਾਊਨ ਨੇ ਉਨ੍ਹਾਂ ਨੂੰ ਇਸ ਦਾ ਫ਼ਾਇਦਾ ਨਾ ਉਠਾਉਣ ਦਿੱਤਾ। ਭਾਰਤੀ ਖਿਡਾਰੀਆਂ ਵਿਚ ਰੈਂਕਿੰਗ ਵਿਚ ਦੂਜੇ ਸਥਾਨ 'ਤੇ ਕਾਬਜ ਪ੍ਰਜਨੇਸ਼ ਨੇ ਤੁਰਕੀ ਦੇ ਸੇਮ ਇਲਕੇਲ ਖ਼ਿਲਾਫ਼ ਸ਼ੁਰੂ ਵਿਚ ਆਪਣੀ ਸਰਵਿਸ ਗੁਆ ਦਿੱਤੀ ਪਰ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਕੇ 6-3, 6-1 ਨਾਲ ਜਿੱਤ ਦਰਜ ਕੀਤੀ।