ਪੈਰਿਸ (ਏਪੀ) : ਸਵਿਟਜ਼ਰਲੈਂਡ ਦੇ ਦਿੱਗਜ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਐਤਵਾਰ ਨੂੰ ਇੱਥੇ ਗਰੈਂਡ ਸਲੈਮ ਟੂਰਨਾਮੈਂਟ ਫਰੈਂਚ ਓਪਨ ਤੋਂ ਹਟਣ ਦਾ ਫ਼ੈਸਲਾ ਕੀਤਾ। ਫੈਡਰਰ ਤੀਜੇ ਗੇੜ ਦਾ ਮੈਚ ਮੁਸ਼ਕਲ ਨਾਲ ਜਿੱਤਣ ਤੋਂ ਬਾਅਦ ਚੌਥੇ ਗੇੜ ਵਿਚ ਪੁੱਜੇ ਸਨ। 39 ਸਾਲਾ ਫੈਡਰਰ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ ਇਹ ਟੂਰਨਾਮੈਂਟ ਵਿਚਾਲੇ ਛੱਡਿਆ।

ਇਸ ਤੋਂ ਪਹਿਲਾਂ ਆਪਣੇ 21ਵੇਂ ਗਰੈਂਡ ਸਲੈਮ ਖ਼ਿਤਾਬ ਦੀ ਕਵਾਇਦ ਵਿਚ ਲੱਗੇ ਰੋਜਰ ਫੈਡਰਰ ਨੂੰ ਫਰੈਂਚ ਓਪਨ ਟੂਰਨਾਮੈਂਟ ਦੇ ਤੀਜੇ ਗੇੜ ਵਿਚ ਜਿੱਤ ਲਈ ਚਾਰ ਸੈੱਟ ਤਕ ਪਸੀਨਾ ਵਹਾਉਣਾ ਪਿਆ। ਇਕ ਸਮੇਂ ਲੱਗ ਰਿਹਾ ਸੀ ਕਿ ਫੈਡਰਰ 2004 ਤੋਂ ਬਾਅਦ ਪਹਿਲੀ ਵਾਰ ਚੌਥੇ ਗੇੜ ਵਿਚ ਥਾਂ ਨਹੀਂ ਬਣਾ ਸਕਣਗੇ ਪਰ ਆਖ਼ਰ ਉਹ 59ਵੀਂ ਰੈਂਕਿੰਗ ਦੇ ਡੋਮੀਨਿਕ ਕੋਪਫਰ 'ਤੇ 7-6, 6-7, 7-6, 7-5 ਨਾਲ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੇ।

ਜ਼ਿਕਰਯੋਗ ਹੈ ਕਿ ਫਰੈਂਚ ਓਪਨ ਟੂਰਨਾਮੈਂਟ ਖੇਡਣ ਤੋਂ ਪਹਿਲਾਂ ਰੋਜਰ ਫੋਡਰਰ ਗੋਡੇ ਦੇ ਦੋ ਆਪ੍ਰਰੇਸ਼ਨ ਕਰਵਾ ਚੁੱਕੇ ਸਨ। 20 ਵਾਰ ਦੇ ਗਰੈਂਡ ਸਲੈਮ ਜੇਤੂ ਫੈਡਰਰ ਅੱਠ ਅਗਸਤ ਨੂੰ 40 ਸਾਲ ਦੇ ਹੋ ਜਾਣਗੇ। ਇਸ ਤੋਂ 17 ਸਾਲ ਪਹਿਲਾਂ ਉਹ ਫਰੈਂਚ ਓਪਨ ਦੇ ਤੀਜੇ ਗੇੜ 'ਚੋਂ ਬਾਹਰ ਹੋ ਗਏ ਸਨ। ਫੈਡਰਰ, ਜੋਕੋਵਿਕ ਤੇ ਨਡਾਲ ਤਿੰਨੋ ਪਹਿਲੀ ਵਾਰ ਗਰੈਂਡ ਸਲੈਮ ਚੈਂਪੀਅਨਸ਼ਿਪ ਦੇ ਇਕ ਹੀ ਹਾਫ ਵਿਚ ਸਨ।