ਪੈਰਿਸ (ਏਪੀ) : ਸਟੇਫਾਨੋਸ ਸਿਤਸਿਪਾਸ ਤੇ ਅਲੈਗਜ਼ੈਂਡਰ ਜਵੇਰੇਵ ਨੇ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਮਰਦ ਸਿੰਗਲਜ਼ ਦੇ ਸੈਮੀਫਾਈਨਲ ਵਿਚ ਥਾਂ ਬਣਾਈ ਜਿੱਥੇ ਇਹ ਦੋਵੇਂ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਇਨ੍ਹਾਂ ਦੋਵਾਂ ਨੂੰ ਭਵਿੱਖ ਦਾ ਸਟਾਰ ਮੰਨਿਆ ਜਾਂਦਾ ਹੈ।

ਪੰਜਵਾਂ ਦਰਜਾ ਹਾਸਲ ਸਿਤਸਿਪਾਸ ਨੇ ਦੂਜੇ ਗੇੜ ਵਿਚ ਡੇਨਿਲ ਮੇਦਵੇਦੇਵ ਨੂੰ 6-3, 7-6, 7-5 ਨਾਲ ਹਰਾ ਕੇ ਚੌਥੀ ਵਾਰ ਕਿਸੇ ਗਰੈਂਡ ਸਲੈਮ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸਿਤਸਿਪਾਸ ਨੇ ਦੋ ਘੰਟੇ ਤੇ 21 ਮਿੰਟ ਤਕ ਚੱਲੇ ਮੁਕਾਬਲੇ ਵਿਚ ਮੇਦਵੇਦੇਵ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਬਣਾਈ। ਉਹ ਪਿਛਲੇ ਸਾਲ ਵੀ ਫਰੈਂਚ ਓਪਨ ਦੇ ਸੈਮੀਫਾਈਨਲ ਵਿਚ ਪੁੱਜੇ ਸਨ ਜਿੱਥੇ ਉਨ੍ਹਾਂ ਨੂੰ ਜੋਕੋਵਿਕ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪਿਛਲੇ ਸਾਲ ਯੂਐੱਸ ਓਪਨ ਦੇ ਫਾਈਨਲ ਵਿਚ ਥਾਂ ਬਣਾਉਣ ਵਾਲੇ ਜਵੇਰੇਵ ਨੇ 46ਵੀਂ ਰੈਂਕਿੰਗ ਦੇ ਅਲੇਜਾਂਦੋ ਡੇਵੀਡੋਵਿਕ ਫੋਕੀਨਾ ਨੂੰ 6-4, 6-1, 6-1 ਨਾਲ ਹਰਾਇਆ। ਇਹ ਤੀਜਾ ਮੌਕਾ ਹੈ ਜਦ ਜਵੇਰੇਵ ਗਰੈਂਡ ਸਲੈਮ ਦੇ ਸੈਮੀਫਾਈਨਲ ਵਿਚ ਪੁੱਜੇ ਹਨ। ਯੂਨਾਨ ਦੇ ਸਿਤਸਿਪਾਸ 22 ਸਾਲ ਜਦਕਿ ਜਰਮਨੀ ਦੇ ਜਵੇਰੇਵ 24 ਸਾਲ ਦੇ ਹਨ।