ਪੈਰਿਸ (ਪੀਟੀਆਈ) : ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਮਰਦ ਡਬਲਜ਼ ਜੋੜੀ ਫਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿਚ ਐਤਵਾਰ ਨੂੰ ਇੱਥੇ ਮਾਰਕਸ ਫਰਨਾਲਡੀ ਗਿਡੀਓਨ ਤੇ ਕੇਵਿਨ ਸੰਜੇ ਸੁਕਾਮੁਲਜੋ ਦੀ ਚੋਟੀ ਦਾ ਦਰਜਾ ਹਾਸਲ ਜੋੜੀ ਹੱਥੋਂ ਹਾਰ ਗਈ। ਭਾਰਤੀ ਜੋੜੀ ਨੂੰ ਮਾਰਕਸ ਤੇ ਕੇਵਿਨ ਹੱਥੋਂ 18-21, 16-21, ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਡੋਨੇਸ਼ੀਆ ਦੀ ਜੋੜੀ ਦਾ ਇਹ ਵਿਸ਼ਵ ਵਿਚ ਨੰਬਰ ਇਕ ਰੈਂਕਿੰਗ 'ਤੇ 121ਵਾਂ ਹਫ਼ਤਾ ਹੈ। ਸਾਤਵਿਕ ਤੇ ਚਿਰਾਗ ਅਜੇ ਤਕ ਸੱਤ ਵਾਰ ਉਨ੍ਹਾਂ ਨਾਲ ਭਿੜੇ ਹਨ ਪਰ ਹਰ ਵਾਰ ਭਾਰਤੀ ਜੋੜੀ ਨੂੰ ਹਾਰ ਸਹਿਣੀ ਪਈ ਹੈ। ਅਗਸਤ ਵਿਚ ਥਾਈਲੈਂਡ ਓਪਨ ਦਾ ਖ਼ਿਤਾਬ ਜਿੱਤਣ ਵਾਲੇ ਸਾਤਵਿਕ ਤੇ ਚਿਰਾਗ 35 ਮਿੰਟ ਤਕ ਚੱਲੇ ਫਾਈਨਲ ਵਿਚ ਥੋੜ੍ਹਾ ਘਬਰਾਏ ਹੋਏ ਦਿਖਾਈ ਦਿੱਤੇ। ਇਸ ਹਾਰ ਦੇ ਬਾਵਜੂਦ ਇਸ ਜੋੜੀ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਕਿਉਂਕਿ ਉਹ ਵਿਸ਼ਵ ਟੂਰ 750 ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਮਰਦ ਡਬਲਜ਼ ਜੋੜੀ ਹੈ। ਪਾਰਥੋ ਗਾਂਗੁਲੀ ਤੇ ਵਿਕਰਮ ਸਿੰਘ ਬਿਸ਼ਟ ਆਖ਼ਰੀ ਭਾਰਤੀ ਜੋੜੀ ਸੀ ਜਿਸ ਨੇ 1983 ਵਿਚ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ। ਸਿੰਗਲਜ਼ ਵਿਚ ਕਿਦਾਂਬੀ ਸ਼੍ਰੀਕਾਂਤ ਨੇ 2017 ਵਿਚ ਮਰਦ ਵਰਗ ਦਾ ਖ਼ਿਤਾਬ ਜਿੱਤਿਆ ਸੀ ਜਦਕਿ ਸਾਇਨਾ ਨੇ ਨੇਹਵਾਲ ਨੇ 2012 ਵਿਚ ਇੱਥੇ ਫਾਈਨਲ ਵਿਚ ਥਾਂ ਬਣਾਈ ਸੀ। ਇਸ ਵਿਚਾਲੇ ਰੀਓ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੇ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ 21-19, 21-12 ਨਾਲ ਹਰਾ ਕੇ ਮਰਦ ਸਿੰਗਲਜ਼ ਦਾ ਖ਼ਿਤਾਬ ਜਿੱਤਿਆ।