ਪੈਰਿਸ (ਏਐੱਫਪੀ) : ਫਰੈਂਚ ਲੀਗ-1 ਵਿਚ ਮਾਰੋ ਇਕਾਰਡੀ ਤੇ ਕਾਇਲੀਅਨ ਐੱਮਬਾਪੇ ਦੇ ਦੋ ਦੋ ਗੋਲਾਂ ਦੀ ਮਦਦ ਨਾਲ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ ਆਪਣੇ ਪੁਰਾਣੇ ਵਿਰੋਧੀ ਮਾਰਸੇਲੀ ਨੂੰ 4-0 ਨਾਲ ਕਰਾਰੀ ਮਾਤ ਦਿੱਤੀ। ਇਸ ਜਿੱਤ ਨਾਲ ਪੀਐੱਸਜੀ ਨੇ ਚੋਟੀ ਦੇ ਸਥਾਨ 'ਤੇ ਰਹਿੰਦੇ ਹੋਏ ਆਪਣੀ ਬੜ੍ਹਤ ਨੂੰ ਅੱਠ ਅੰਕਾਂ ਤਕ ਪਹੁੰਚਾ ਦਿੱਤਾ। ਇਕਾਰਡੀ ਨੇ ਸ਼ੁਰੂਆਤੀ 26 ਮਿੰਟ ਦੀ ਖੇਡ ਅੰਦਰ ਦੋਵੇਂ ਗੋਲ ਕੀਤੇ ਜਦਕਿ ਐੱਮਬਾਪੇ ਨੇ ਵੀ ਅੱਧੇ ਸਮੇਂ ਤੋਂ ਪਹਿਲਾਂ ਆਪਣੇ ਦੋਵੇਂ ਗੋਲ ਕੀਤੇ। ਇਕਾਰਡੀ ਪੀਐੱਸਜੀ ਵੱਲੋਂ ਪੰਜ ਮੁਕਾਬਲਿਆਂ ਵਿਚ ਸੱਤ ਗੋਲ ਕਰ ਚੁੱਕੇ ਹਨ ਜਦਕਿ ਐੱਮਬਾਪੇ ਪਿਛਲੇ ਤਿੰਨ ਮੁਕਾਬਲਿਆਂ ਵਿਚ ਛੇ ਗੋਲ ਕਰ ਚੁੱਕੇ ਹਨ।