ਪਰਥ (ਏਐੱਫਸੀ) : ਵਿਸ਼ਵ ਦੀ ਨੰਬਰ ਇਕ ਮਹਿਲਾ ਟੈਨਿਸ ਖਿਡਾਰਨ ਐਸ਼ਲੇ ਬਾਰਟੀ ਨੇ ਆਪਣੇ ਜੀਵਨ ਦਾ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ ਫਰਾਂਸ ਦੀ ਕੈਰੋਲੀਨਾ ਗਾਰਸੀਆ ਨੂੰ 6-0, 6-0 ਨਾਲ ਹਰਾ ਕੇ ਫੈਡ ਕੱਪ ਫਾਈਨਲ ਵਿਚ ਆਸਟ੍ਰੇਲੀਆ ਨੂੰ 1-1 ਦੀ ਬਰਾਬਰੀ ਦਿਵਾਈ। ਇਸ ਤੋਂ ਪਹਿਲਾਂ ਕ੍ਰਿਸਟੀਨਾ ਮਲਾਦੇਨੋਵਿਕ ਨੇ ਆਸਟ੍ਰੇਲੀਆ ਦੀ ਏਲਜਾ ਟਾਮਜਾਨੋਵਿਕ ਨੂੰ ਹਰਾ ਕੇ ਫਰਾਂਸ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ ਸੀ। ਚੀਨ 'ਚ ਡਬਲਯੂਟੀਸੀ ਫਾਈਨਲਸ ਦਾ ਖ਼ਿਤਾਬ ਜਿੱਤ ਕੇ ਮੁੜੀ ਬਾਰਟੀ ਉਸ ਸਮੇਂ ਕੋਰਟ 'ਤੇ ਉਤਰੀ ਜਦ ਉਨ੍ਹਾਂ ਦੀ ਟੀਮ 0-1 ਨਾਲ ਪੱਛੜ ਰਹੀ ਸੀ ਪਰ 38 ਡਿਗਰੀ ਸੈਲਸੀਅਸ ਦੀ ਗਰਮੀ ਹੋਣ ਦੇ ਬਾਵਜੂਦ ਗਾਰਸੀਆ ਨੂੰ ਇਕਤਰਫ਼ਾ ਸਿੰਗਲਜ਼ ਮੁਕਾਬਲੇ ਵਿਚ ਮਾਤ ਦਿੱਤੀ। ਓਧਰ, ਪਹਿਲੇ ਸਿੰਗਲਜ਼ ਮੁਕਾਬਲੇ ਵਿਚ ਮਲਾਦੇਨੋਵਿਕ ਨੇ ਟਾਮਜਾਨੋਵਿਕ ਨੂੰ 6-1, 6-1 ਨਾਲ ਹਰਾਇਆ। ਸੱਤ ਵਾਰ ਦੀ ਚੈਂਪੀਅਨ ਆਸਟ੍ਰੇਲੀਆਈ ਟੀਮ 45 ਸਾਲਾਂ ਬਾਅਦ ਫੈਡ ਕੱਪ ਵਿਚ ਖ਼ਿਤਾਬੀ ਜਿੱਤ ਦੀ ਉਮੀਦ ਨਾਲ ਖੇਡ ਰਹੀ ਹੈ ਜਦਕਿ ਫਰਾਂਸ ਦੀ ਟੀਮ 2003 ਤੋਂ ਬਾਅਦ ਪਹਿਲੇ ਤੇ ਕੁੱਲ ਤੀਜੇ ਖ਼ਿਤਾਬ ਦੀ ਕੋਸ਼ਿਸ਼ ਵਿਚ ਖੇਡ ਰਹੀ ਹੈ।

'ਇਹ ਇਕ ਸ਼ਾਨਦਾਰ ਜਿੱਤ ਹੈ। ਮੇਰੇ ਕੋਲੋਂ ਇਸ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਮੈਨੂੰ ਲਗਦਾ ਹੈ ਕਿ ਇਹ ਮੇਰੇ ਜੀਵਨ ਦਾ ਹੁਣ ਤਕ ਦਾ ਸਰਬੋਤਮ ਮੈਚ ਹੈ।'

-ਐਸ਼ਲੇ ਬਾਟਰੀ

-------------