ਪੈਰਿਸ (ਏਪੀ) : ਕਾਇਲੀਅਨ ਐਮਬਾਪੇ ਤੇ ਓਲੀਵੀਅਰ ਗਿਰੌਡ ਦੇ ਇਕ-ਇਕ ਗੋਲ ਦੀ ਮਦਦ ਨਾਲ ਫਰਾਂਸ ਨੇ ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਮੈਚ ਵਿਚ ਆਸਟ੍ਰੀਆ ਨੂੰ 2-0 ਨਾਲ ਹਰਾਇਆ।

ਫਰਾਂਸ ਤੇ ਆਸਟ੍ਰੇਲੀਆ ਵਿਚਾਲੇ ਪਹਿਲੇ ਅੱਧ ਤਕ ਮੁਕਾਬਲਾ ਗੋਲਰਹਿਤ ਬਰਾਬਰ ਸੀ ਪਰ ਐਮਬਾਪੇ ਨੇ ਦੂਜੇ ਅੱਧ ਵਿਚ ਟੀਮ ਨੂੰ ਬੜ੍ਹਤ ਦਿਵਾਈ। ਉਨ੍ਹਾਂ ਨੇ 56ਵੇਂ ਮਿੰਟ ਵਿਚ ਓਲੀਵੀਅਰ ਦੇ ਪਾਸ 'ਤੇ ਤਿੰਨ ਡਿਫੈਂਡਰਾਂ ਨੂੰ ਭੁਲੇਖਾ ਪਾ ਕੇ ਗੋਲ ਕੀਤਾ। ਇਹ ਉਨ੍ਹਾਂ ਦਾ ਅੰਤਰਰਾਸ਼ਟਰੀ ਫੁੱਟਬਾਲ ਵਿਚ 28ਵਾਂ ਗੋਲ ਹੈ। ਇਸ ਤੋਂ ਬਾਅਦ ਓਲੀਵੀਅਰ ਨੇ 65ਵੇਂ ਮਿੰਟ ਵਿਚ ਏਂਟੋਨੀ ਗ੍ਰੀਜਮੈਨ ਦੇ ਕ੍ਰਾਸ 'ਤੇ ਗੋਲ ਕਰ ਕੇ ਟੀਮ ਦੀ ਬੜ੍ਹਤ ਨੂੰ ਦੁੱਗਣਾ ਕੀਤਾ। ਇਹ ਉਨ੍ਹਾਂ ਦੇ ਕਰੀਅਰ ਦਾ 49ਵਾਂ ਗੋਲ ਸੀ ਤੇ ਉਹ ਥਿਅਰੇ ਹੈਨਰੀ ਦੇ 51 ਗੋਲ ਦੇ ਰਾਸ਼ਟਰੀ ਰਿਕਾਰਡ ਤੋਂ ਸਿਰਫ਼ ਦੋ ਗੋਲ ਪਿੱਛੇ ਹਨ। ਇਸ ਜਿੱਤ ਦੇ ਬਾਵਜੂਦ ਫਰਾਂਸ ਨੇਸ਼ਨਜ਼ ਲੀਗ ਵਿਚ ਟਰਾਫੀ ਦੀ ਦੌੜਾਂ 'ਚੋਂ ਪਹਿਲਾਂ ਹੀ ਬਾਹਰ ਹੋ ਚੁੱਕਾ ਹੈ। ਪਰ ਕ੍ਰੋਏਸ਼ੀਆ, ਬੈਲਜੀਅਮ ਤੇ ਨੀਦਰਲੈਂਡ ਨੇ ਆਪੋ-ਆਪਣੇ ਮੈਚ ਜਿੱਤ ਕੇ ਖ਼ੁਦ ਨੂੰ ਆਖ਼ਰੀ ਚਾਰ ਵਿਚ ਥਾਂ ਬਣਾਉਣ ਦੀ ਦੌੜ ਵਿਚ ਬਣਾਈ ਰੱਖਿਆ ਹੈ ਜਿਸ ਦੇ ਮੈਚ ਅਗਲੇ ਸਾਲ ਜੂਨ ਵਿਚ ਹੋਣਗੇ। ਕ੍ਰੋਏਸ਼ੀਆ ਨੇ ਡੈਨਮਾਰਕ ਨੂੰ 2-1 ਨਾਲ, ਨੀਦਰਲੈਂਡ ਨੇ ਪੋਲੈਂਡ ਨੂੰ 2-0 ਨਾਲ ਤੇ ਬੈਲਜੀਅਮ ਨੇ ਵੇਲਜ਼ ਨੂੰ 2-0 ਨਾਲ ਹਰਾਇਆ।

Posted By: Gurinder Singh