ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ ਚਾਰ ਖਿਡਾਰੀਆਂ ਨੂੰ ਬੈਂਗਲੁਰੂ ਵਿਚ ਰਾਸ਼ਟਰੀ ਹਾਕੀ ਕੈਂਪ ਵਿਚ ਰਿਪੋਰਟ ਕਰਨ ਤੋਂ ਬਾਅਦ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਇਹ ਖਿਡਾਰੀ ਘਰ 'ਤੇ ਬ੍ਰੇਕ ਤੋਂ ਬਾਅਦ ਟੀਮ ਨਾਲ ਜੁੜਨ ਲਈ ਕੈਂਪ ਪੁੱਜੇ ਸਨ। ਮਨਪ੍ਰਰੀਤ ਤੋਂ ਇਲਾਵਾ ਡਿਫੈਂਡਰ ਸੁਰਿੰਦਰ ਕੁਮਾਰ, ਜਸਕਰਨ ਸਿੰਘ ਤੇ ਡਰੈਗ ਫਲਿਕਰ ਵਰੁਣ ਕੁਮਾਰ ਨੂੰ ਵੀ ਕੋਰੋਨਾ ਪੀੜਤ ਪਾਇਆ ਗਿਆ ਹੈ। ਸਾਈ ਨੇ ਕਿਹਾ ਕਿ ਕੈਂਪ ਵਿਚ ਰਿਪੋਰਟ ਕਰਨ ਵਾਲੇ ਸਾਰੇ ਖਿਡਾਰੀਆਂ ਦਾ ਪੁੱਜਣ 'ਤੇ ਕੋਵਿਡ-19 ਟੈਸਟ ਕਰਵਾਉਣਾ ਜ਼ਰੂਰੀ ਹੈ। ਪਾਜ਼ੇਟਿਵ ਆਏ ਇਨ੍ਹਾਂ ਸਾਰੇ ਖਿਡਾਰੀਆਂ ਨੇ ਇਕੱਠੇ ਹੀ ਯਾਤਰਾ ਕੀਤੀ ਸੀ ਤਾਂ ਪੂਰੀ ਸੰਭਾਵਨਾ ਹੈ ਕਿ ਘਰ ਤੋਂ ਬੈਂਗਲੁਰੂ ਪੁੱਜਦੇ ਹੋਏ ਉਨ੍ਹਾਂ ਵਿਚ ਵਾਇਰਸ ਫੈਲਿਆ ਹੋਵੇਗਾ। ਸਾਰੇ ਖਿਡਾਰੀਆਂ ਦਾ ਸ਼ੁਰੂਆਤੀ ਟੈਸਟ ਨੈਗੇਟਿਵ ਆਇਆ ਸੀ ਪਰ ਮਨਪ੍ਰਰੀਤ ਤੇ ਸੁਰਿੰਦਰ 'ਚ ਬਾਅਦ ਵਿਚ ਕੁਝ ਕੋਵਿਡ-19 ਦੇ ਲੱਛਣ ਦਿਖਾਈ ਦਿੱਤੇ ਤਾਂ ਉਨ੍ਹਾਂ ਦਾ ਤੇ ਉਨ੍ਹਾਂ ਦੇ ਨਾਲ ਯਾਤਰਾ ਕਰਨ ਵਾਲੇ ਹੋਰ 10 ਖਿਡਾਰੀਆਂ ਦਾ ਵੀਰਵਾਰ ਨੂੰ ਟੈਸਟ ਕਰਵਾਇਆ ਗਿਆ ਜਿਸ ਵਿਚ ਇਹ ਚਾਰ ਕੋਵਿਡ-19 ਪਾਜ਼ੇਟਿਵ ਨਿਕਲੇ।

ਅਜੇ ਸਾਈ ਨੂੰ ਸੌਂਪੇ ਨਹੀਂ ਗਏ ਖਿਡਾਰੀਆਂ ਦੇ ਨਤੀਜੇ :

ਇਨ੍ਹਾਂ ਖਿਡਾਰੀਆਂ ਦੇ ਨਤੀਜੇ ਹਾਲਾਂਕਿ ਅਜੇ ਸਾਈ ਨੂੰ ਸੌਂਪੇ ਨਹੀਂ ਗਏ ਹਨ ਪਰ ਸੂਬਾਈ ਸਰਕਾਰ ਨੇ ਸਾਈ ਅਧਿਕਾਰੀਆਂ ਨੂੰ ਇਨ੍ਹਾਂ ਬਾਰੇ ਦੱਸ ਦਿੱਤਾ ਹੈ ਤੇ ਕੁਝ ਜਾਂਚ ਦੇ ਨਤੀਜਿਆਂ ਦਾ ਹੁਣ ਵੀ ਇੰਤਜ਼ਾਰ ਹੈ। ਕੈਂਪ ਲਈ ਰਿਪੋਰਟ ਕਰਨ ਵਾਲੇ ਮਨਪ੍ਰਰੀਤ ਸਮੇਤ ਸਾਰੇ ਖਿਡਾਰੀ ਸਿਹਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੁਆਰੰਟਾਈਨ ਵਿਚ ਰਹਿ ਰਹੇ ਹਨ ਤੇ ਵਾਇਰਸ ਫੈਲਣ ਦੀ ਸੰਭਾਵਨਾ ਨੂੰ ਰੋਕਣ ਲਈ ਉਨ੍ਹਾਂ ਨੂੰ ਅਹਿਤਿਆਤੀ ਕਦਮ ਮੁਤਾਬਕ ਵੱਖ ਰੱਖਿਆ ਗਿਆ ਸੀ।